Thursday, December 22, 2016

ਗੰਗੂ !

      !!ਗੰਗੂ !!
ਗੰਗੂ ਕੇਵਲ ਨਾਮ ਨਹੀਂ ਹੁੰਦਾ,
ਗੰਗੂ ਤਾਂ ਇਕ ਸੋਚ ਹੁੰਦੀ ਹੈ ।
ਅਕ੍ਰਿਤਘਣਾਂ ਦੇ ਲੋਭੀ ਮਨ ਦੀ,
ਸਭ ਤੋਂ ਗੰਦੀ ਲੋਚ ਹੁੰਦੀ ਹੈ ।।
ਇਸ ਧਰਤੀ ਦੇ ਹਰ ਖਿੱਤੇ ਤੇ,
ਲੱਖਾਂ ਹੀ ਅੱਜ ਗੰਗੂ ਵਸਦੇ ।
ਜਿਹਨਾਂ ਕਾਰਣ ਖਲਕਤ ਇੱਥੇ,
ਹਰ ਪੱਧਰ ਤੇ ਨੋਚ ਹੁੰਦੀ ਹੈ ।।
ਲਾਲਚ ਦੇ ਵਿੱਚ ਅੰਨ੍ਹਾਂ ਹੋਕੇ,
ਬੰਦਾ ਜਦ ਗੰਗੂ ਬਣ ਜਾਂਦਾ ।
ਦੇਰ-ਸਵੇਰੇ ਆਖਿਰ ਨੂੰ ਤਾਂ,
ਪੱਟੀ ਉਸਦੀ ਪੋਚ ਹੁੰਦੀ ਹੈ ।।
ਦੁਸ਼ਮਣ ਲੱਖ ਜਮਾਨਾ ਹੋਵੇ,
ਪੂਰੀ ਕੌਮ ਨਾ ਗੰਗੂ ਹੁੰਦੀ ।
ਜੇਕਰ ਏਦਾਂ ਜਾਪੇ ਤਾਂ ਫਿਰ,
ਮਨ ਦੇ ਪੈਰੀਂ ਮੋਚ ਹੁੰਦੀ ਹੈ ।।
ਸਭ ਦੇ ਨਾਲੋਂ ਗਿਰੀ ਘਨਾਉਣੀ,
ਗੰਗੂ ਤਾਂ ਹੁਣ ਗਾਲ਼ ਬਣ ਗਈ ।
ਮਨ ਵਿੱਚ ਗੰਗੂ ਜੇ ਵੜ ਜਾਵੇ,
ਫਿਰ ਨਾ ਇੱਜਤ ਬੋਚ ਹੁੰਦੀ ਹੈ ।।
ਅੰਦਰ ਗੰਗੂ ਪਾਲ਼ ਆਪਦੇ,
ਬਾਹਰਲੇ ਨਾਲ਼ ਲੜਨਾ ਚਾਹੇ ।
ਤਾਹੀਓਂ ਗੰਗੂਬਾਦ ਤੇ ਭੋਰਾ,
ਅਉਂਦੀ ਨਹੀਂ ਖਰੋਚ ਹੁੰਦੀ ਹੈ ।।

ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

Saturday, December 3, 2016

ਕਾਲਾ ਧਨ !!

ਕਾਲਾ ਧਨ !!
ਕਾਲਾ –ਚਿੱਟਾ ਕੁਝ ਨਹੀਂ ਹੁੰਦਾ,
ਧਨ ਤੇ ਕੇਵਲ ਧਨ ਹੁੰਦਾ ਹੈ ।
ਕਾਲਾ-ਚਿੱਟਾ ਕਰਨੇ ਵਾਲਾ,
ਨੀਤੀ, ਨੀਅਤ, ਮਨ ਹੁੰਦਾ ਹੈ ।।
ਕਿਰਤੀ ਬੰਦੇ ਬੈਂਕਾਂ ਅੱਗੇ,
ਛੱਡ ਕੇ ਕੰਮ ਜਦ ਧੱਕੇ ਖਾਂਦੇ ।
ਹੇਠਲਿਆਂ ਦੀ ਲਾਚਾਰੀ ਤੱਕ,
ਉਪਰਲਿਆਂ ਦਾ ਫਨ ਹੁੰਦਾ ਹੈ ।।
ਢਿੱਡ ਨੂੰ ਗੰਢਾਂ ਮਾਰ ਸੁਆਣੀ,
ਛਿੱਲੜ ਚਾਰ ਲੁਕਾਕੇ ਰਖੇ ।
ਉਹ ਕੀ ਜਾਣੇ ਵਿੱਚ ਗਰੀਬੀ,
ਬੱਚਤ ਕਰਨ ਡੰਨ ਹੁੰਦਾ ਹੈ ।।
ਕਾਲੇ ਧਨ ਦਾ ਅਸਲ ਵਪਾਰੀ,
ਓਹੀਓ ਹੁੰਦਾ ਨੀਤੀ ਘਾੜਾ ।
ਨੋਟਾਂ ਦੀ ਅਦਲਾ ਬਦਲੀ ਵਿੱਚ,
ਬਿਜਨਸ ਜਿਸਦਾ ਰਨ ਹੁੰਦਾ ਹੈ ।।
ਨੋਟ-ਬੰਦੀ ਨਾਲ ਰੁਕੇ ਕੰਮਾਂ ਦਾ,
ਘਾਟਾ ਪਰਜਾ ਨੇ ਹੀ ਭਰਨਾਂ ।
ਆਪਣੇ ਸਿਰ ਤੇ ਆਪਣੀ ਜੁੱਤੀ,
ਏਹੀਓ ਅਪਨਾਪਨ ਹੁੰਦਾ ਹੈ ।।
ਨੀਅਤ ਭਾਵੇਂ ਚੰਗੀ ਹੋਵੇ,
ਪਰ ਜੇ ਨੀਤੀ ਠੀਕ ਨਾ ਹੋਵੇ ।
ਰੋਣੇ-ਧੋਣੇ ਪਰਜਾ ਵਾਲੇ,
ਉਸਦੇ ਲਈ ‘ਜਨ-ਗਣ’ ਹੁੰਦਾ ਹੈ ।।
ਗੁਰੂਆਂ ਦੀ ਜੇ ਸਿੱਖਿਆ ਮੰਨੀਏਂ,
ਦੌਲਤ ਤਾਂ ‘ਗੁਜਰਾਨ’ ਹੈ ਹੁੰਦੀ ।
ਆਖਿਰ ਵੇਲੇ ਖਾਲੀ ਹੱਥੀਂ,
ਕੱਫਨ ਕੱਜਿਆ ਤਨ ਹੁੰਦਾ ਹੈ ।।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

Sunday, November 27, 2016

ਏਕਸ ਕੇ ਬਾਰਿਕ !

ਏਕਸ ਕੇ ਬਾਰਿਕ !!
ਹਿੰਦੂ-ਮੁਸਲਿਮ-ਸਿੱਖ–ਇਸਾਈ ।
ਬਣ ਸਕਦੇ ਨੇ ਭਾਈ-ਭਾਈ ।
ਆਪੋ ਆਪਣੇ ਮਜਹਬਾਂ ਦੇ ਜੇ,
ਪਾਧਿਆਂ ਕੋਲੋਂ ਜਾਨ ਛਡਾਈ ।।
ਹਰ ਮਜ਼ਹਬ ਦੇ ਠੱਗ ਪੁਜਾਰੀ ।
ਬਣਕੇ ਬੈਠੇ ਧਰਮ ਵਪਾਰੀ ।
ਲੁੱਟਕੇ ਖਾਧੀ ਦੁਨੀਆਂ ਸਾਰੀ ।
ਰੱਖਦੇ ਬੰਦੇ ਦੀ ਮੱਤ ਮਾਰੀ ।
ਸ਼ਰਧਾਵਾਨਾ ਦੇ ਜਜਬਾਤਾਂ ਸਿਰ ਤੇ ਕਰਨ ਕਮਾਈ ।।
ਮਜ਼ਹਬਾਂ ਵਾਲਾ ਰੌਲਾ ਇੱਕੋ ।
ਹੁੰਦਾ ਭੇਖੀ ਚੋਲਾ ਇੱਕੋ ।
ਲੁਟਣ ਵਾਲਾ ਟੋਲਾ ਇਕੋ ।
ਲੁੱਟ ਹੋਂਵਦਾ ਭੋਲਾ ਇੱਕੋ ।
ਰੱਬ ਦੇ ਨਾਂ ਤੇ ਲੁੱਟ ਜਦ ਹੁੰਦੀ ਸੁਣਦਾ ਕੌਣ ਦੁਹਾਈ ।।
ਸਾਰੇ ਮਜ਼ਹਬੀਂ ਧਰਮ ਹੈ ਸਾਂਝਾ ।
ਜੀਵਨ ਵਾਲਾ ਕਰਮ ਹੈ ਸਾਂਝਾ ।
ਜੰਮਣਾ-ਜੀਣਾ-ਮਰਨ ਹੈ ਸਾਂਝਾ ।
ਪੂਜਾ ਭਰਿਆ ਭਰਮ ਹੈ ਸਾਂਝਾ ।
ਤੋਰੇ ਸਾਰੇ ਵੱਖ-ਵੱਖ ਰਸਤੇ ਇੱਕ ਮੰਜਿਲ ਦੇ ਰਾਹੀ ।।
ਮਜ਼ਹਬੀ ਆਗੂ ਜੋ ਅਖਵਾਉਂਦੇ ।
ਵੱਖੋ ਵਖਰੇ ਝੰਡੇ ਲਾਉਂਦੇ ।
ਸਭ ਨੂੰ ਕਰਮਕਾਂਡ ਸਖਾਉਂਦੇ ।
ਸਾਂਝੇ ਸੱਚ ਦੀ ਬਾਤ ਨਾ ਪਾਉਂਦੇ ।
ਇੱਕ ਦੂਜੇ ਲਈ ਨਫਰਤ ਭਰਕੇ ਕੰਧਾਂ ਜਾਣ ਵਧਾਈ ।।
ਆਜੋ ਰਲ਼ਕੇ ਬਹਿਣਾ ਸਿੱਖੀਏ ।
ਇੱਕ ਦੂਜੇ ਨੂੰ ਸਹਿਣਾ ਸਿੱਖੀਏ ।
ਹਸਦੇ-ਵਸਦੇ ਰਹਿਣਾ ਸਿੱਖੀਏ ।
ਸੱਚ ਸੁਨਣਾ ਸੱਚ ਕਹਿਣਾ ਸਿੱਖੀਏ ।
ਏਕਸ ਕੇ ਬਾਰਿਕ ਜੇ ਬਣਗੇ ਕੁਦਰਤ ਹੋਊ ਸਹਾਈ ।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

Wednesday, November 23, 2016

ਅਸਲੀ ਦੁਸ਼ਮਣ !

ਅਸਲੀ ਦੁਸ਼ਮਣ !
ਜਦ ਵੀ ਉਸਤੋਂ ਕੁਰਸੀ ਖੁਸਦੀ ਜਾਪੀ ਹੈ,
ਲੋਕਾਂ ਭਾਅਦਾ ਕਿਆਮਤ ਹੀ ਵਿਆਪੀ ਹੈ ।।
ਦੇਖਣ ਨੂੰ ਜੋ ਰਾਜ ਬਦਲਦਾ ਦਿਸਦਾ ਹੈ,
ਸਭ ਉਸੇ ਦੇ ਨਾਟਕ ਦੀ ਇਕ ਝਾਕੀ ਹੈ ।
ਬਾਬੇ ਨਾਨਕ ਤੋਂ ਜੋ ਓਸ ਆਰੰਭੀ ਸੀ,
ਘਾਟ ਕਦੇ ਵੀ ਨਫਰਤ ਵਿੱਚ ਨਾ ਨਾਪੀ ਹੈ ।
ਲੱਖਾਂ ਮਰਿਆਂ ਰਾਜ ਓਹਨੇ ਹਥਿਆਇਆ ਸੀ,
ਏਸੇ ਲਈ ਤਾਂ ਰੂਹ ਉਸਦੀ ਸੰਤਾਪੀ ਹੈ ।
ਹੋਰਾਂ ਦੇ ਮੋਢੇ ਤੇ ਸਦਾ ਚਲਾਉਂਦਾ ਹੈ,
ਚਾਣਕੀਆ ਦਾ ਚੇਲਾ ਦਿਲ ਦਾ ਪਾਪੀ ਹੈ ।
ਅੰਦਰੋਂ ਤਾਂ ਓਹ ਨਸਲਘਾਤ ਲਈ ਕਾਹਲਾ ਹੈ,
ਮਤਲਬ ਦੇ ਲਈ ਦੇਂਦਾ ਬਾਹਰੋਂ ਥਾਪੀ ਹੈ ।
ਜਾਤਾਂ,ਪਾਤਾਂ,ਵਰਗਾਂ ਦਾ ਓਹ ਹਾਮੀ ਹੈ,
ਸਭ ਵਿੱਚ ਇਕੋ ਜੋਤ ਮੰਨਣ ਤੋਂ ਆਕੀ ਹੈ ।
ਪਿੰਜਰੇ ਫਸਿਆ ਸ਼ੇਰ ਕਦੇ ਛੁੱਟ ਜਾਵੇ ਨਾ,
ਸੋਚ ਸੋਚ ਉਸ ਨੀਕਰ ਕਰ ਲਈ ਖਾਕੀ ਹੈ ।।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

Thursday, November 17, 2016

ਇੱਕ ਚੋਂ ਇੱਕ

'ਇੱਕ' ਚੋਂ "ਇੱਕ"
ਗੁਰ ਨਾਨਕ ਨੂੰ ਜਿਸਨੇ ਦਿਲ ਤੋਂ ਚਾਹਿਆ ਹੈ ।
ਲੋਕਾਂ ਕੋਲੋਂ ਕਾਫ਼ਰ ਹੀ ਸਦਵਾਇਆ ਹੈ ।।
ਬਾਬੇ ਦੇ ਚੱਲਣ ਲਈ ਦੱਸੇ ਰਸਤੇ ਨੂੰ,
ਦਾਅਵੇਦਾਰਾਂ ਹੀ ਏਥੇ ਝੁਠਲਾਇਆ ਹੈ ।
ਹੁਣ ਤੇ ਬੰਦਾ ਓਹੋ ਕੁਝ ਹੀ ਕਰਦਾ ਹੈ,
ਜਿਸਤੋਂ ਸਾਡਾ ਖਹਿੜਾ ਗੁਰਾਂ ਛਡਾਇਆ ਹੈ ।
ਉਸਦੇ ਦੱਸੇ “ਇੱਕੋ” ਦੀ ਜੋ ਗੱਲ ਕਰੇ,
ਦੋਸ਼ ਉਸੇ ਤੇ ਦੁਬਿਧਾ ਵਾਲਾ ਲਾਇਆ ਹੈ ।
ਸਿੱਖਾਂ ਦਾ ਤੇ ਇੱਕੋ ਰਾਹ ਦਸੇਰਾ ਹੈ,
ਜਿੰਦਗੀ ਦਾ ਹਰ ਪਹਿਲੂ ਜਿਸ ਸਮਝਾਇਆ ਹੈ ।
ਬਾਪੂ ਤਾਂ ਬਸ ਇੱਕ ਬਾਪੂ ਹੀ ਹੁੰਦਾ ਹੈ,
ਲੱਖ ਕਹਾਵੇ ਕੋਈ ਚਾਚਾ ਤਾਇਆ ਹੈ ।
ਉਸਦਾ ਪੱਲਾ ਛੱਡ ਹੋਰ ਦਾ ਫੜਨਾ ਨਾ,
ਬਿਪਰਾਂ ਭਾਵੇਂ ਵੱਖ ਸ਼ਰੀਕ ਬਣਾਇਆ ਹੈ ।
ਜੀਵਨ ਦੇ ਲਈ ਇਕ ਸੂਰਜ ਹੀ ਕਾਫੀ ਹੈ,
ਜਿਸਨੇ ਪੂਰੇ ਤਨ-ਮਨ ਨੂੰ ਰੁਸ਼ਨਾਇਆ ਹੈ ।
ਓਹੀਓ ਜੱਥੇਦਾਰ ਤੇ ਹੁਕਮਨਾਮਾ ਹੈ,
ਓਸੇ ਦੇ ਹੀ ਹੁਕਮ ਨੂੰ ਸੀਸ ਨਿਵਾਇਆ ਹੈ ।
ਜੱਗ ਰੁੱਸਦਾ ਤਾਂ ਰੁੱਸ ਜੇ, ਨਾ ਪਰਵਾਹ ਮੰਨਦਾ,
ਜਿਸ ਝਲਕਾਰਾ 'ਇੱਕ' ਚੋਂ "ਇੱਕ" ਦਾ ਪਾਇਆ ਹੈ ।।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

Saturday, November 12, 2016

Sunday, October 30, 2016

ਇੱਕ ਵਿਚਾਰ ਗੋਸ਼ਟੀ ਦੀ ਸ਼ੁਰੂਆਤ

ਇਕ ਵਿਚਾਰ ਗੋਸ਼ਟੀ ਦੀ ਸ਼ੁਰੂਆਤ
ਗੁਰੂ ਗ੍ਰੰਥ ਵਾਲੇ 
(ਗ) ਬਨਾਮ ਦਸਮ ਗ੍ਰੰਥ ਵਾਲੇ (ਦ)
,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
ਕਿਸੇ ਜਗਹ ਵਿਚਾਰ ਹੋ ਰਹੀ ਹੈ ।
(ਗ),,,,,,,,,,ਕੀ ਤੁਸੀਂ ਮੰਨਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹਨ ?
(ਦ),,,,,,,,,,ਜੀ, ਬਿਲਕੁਲ ।
(ਗ),,,,,,,,,,,ਕੀ ਤੁਸੀਂ ਮੰਨਦੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਖੁਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਸਿੱਖਾਂ ਦਾ ਹਮੇਸ਼ਾਂ ਲਈ ਗੁਰੂ ਘੋਸ਼ਤ ਕੀਤਾ ਹੈ ?

Saturday, October 29, 2016

ਸ਼ਾਇਰ ਨੂੰ !!

ਸ਼ਾਇਰ ਨੂੰ !!

ਸ਼ਾਇਰ ਜੀ, ਇੱਕ ਤੀਰ ਉਠਾਓ ।
ਤਰਕ-ਏ-ਤਰਕਸ਼ ਵਿੱਚ ਚੜ੍ਹਾਓ ।
ਚਿੜੀਆਂ, ਘੁੱਗੀਆਂ ਬਖਸ਼ ਦਿਓ ਹੁਣ,
ਬਾਜਾਂ, ਲਗੜਾਂ ਤੇ ਅਜਮਾਓ ।।

ਚਿੜੀਆਂ ਦੇ ਸਭ ਅੰਗਾਂ ਉੱਤੇ ।
ਗੋਰੇ-ਚਿੱਟੇ ਰੰਗਾਂ ਉੱਤੇ ।
ਤੋਰ ਤੁਰਨ ਦੇ ਢੰਗਾਂ ਉੱਤੇ ।
ਛੋਹਲ ਕੁਆਰੀਆਂ ਸੰਗਾਂ ਉੱਤੇ ।
ਐਵੇਂ ਨਾ ਹੁਣ ਸ਼ਿਸਤ ਲਗਾਓ ।
ਸ਼ਾਇਰ ਜੀ ਇੱਕ ਤੀਰ ਉਠਾਓ ।
ਤਰਕ-ਏ-ਤਰਕਸ਼ ,,,,,,,,,,,, ।।

ਹਾਕਮ ਅੱਜ ਹੰਕਾਰ ਰਹੇ ਨੇ ।
ਸੱਚ ਨਾਲ ਖਾ ਖਾਰ ਰਹੇ ਨੇ ।
ਲੁੱਟ ਨੀਤੀ ਪ੍ਰਚਾਰ ਰਹੇ ਨੇ ।
ਸੱਚ-ਧਰਮ ਅੱਜ ਹਾਰ ਰਹੇ ਨੇ ।
ਬਚੀ ਅਣਖ ਨੂੰ ਪਾਣ ਚੜ੍ਹਾਓ ।
ਸ਼ਾਇਰ ਜੀ ਇੱਕ ਤੀਰ ਉਠਾਓ ।
ਤਰਕ-ਏ-ਤਰਕਸ਼ ,,,,,,,,,,,,, ।।

ਮਜਹਬਾਂ ਰਲ਼ਕੇ ਘੇਰਾ ਪਾਇਆ ।
ਲੁੱਟਣ ਖਾਤਿਰ ਸਵਾਂਗ ਰਚਾਇਆ ।
ਕਰ ਸੰਮੋਹਣ ਸਭਨੂੰ ਢਾਇਆ ।
ਕਿਰਤੀ ਅੱਜ ਫਿਰਦਾ ਕੁਮਲਾਇਆ ।
ਉਹਦੇ ਦੁੱਖ ਦੀ ਦਵਾ ਸੁਝਾਓ ।
ਸ਼ਾਇਰ ਜੀ ਇੱਕ ਤੀਰ ਉਠਾਓ ।
ਤਰਕ-ਏ-ਤਰਕਸ਼ ,,,,,,,,,,,,,, ।।

ਰਸਮਾਂ ਗਲੀਆਂ ਸੜੀਆਂ ਏਥੇ ।
ਵਹਿਮ-ਭਰਮ ਲੈ ਖੜੀਆਂ ਏਥੇ ।
ਅੰਧ  ਵਿਸ਼ਵਾਸੀ ਝੜੀਆਂ ਏਥੇ ।
ਕਰਮ-ਕਾਂਡ ਦੀਆਂ ਲੜੀਆਂ ਏਥੇ ।
ਕਿਸੇ ਦੈਂਤ ਨੂੰ ਹੱਥ ਤੇ ਪਾਓ  ।
ਸ਼ਾਇਰ ਜੀ ਇੱਕ ਤੀਰ ਉਠਾਓ ।
ਤਰਕ-ਏ-ਤਰਕਸ਼ ,,,,,,,,,,,,,, ।।

ਬੇਈਮਾਨੀ ਭਰਿਸ਼ਟਾਚਾਰੀ ।
ਲਾਈ ਫਿਰੇ ਮੋਹਰ ਸਰਕਾਰੀ ।
ਲਾਪਰਵਾਹੀ ਬੇਰੁਜਗਾਰੀ ।
ਬਚਦੀ ਨਸ਼ਿਆਂ ਨੇ ਮੱਤ ਮਾਰੀ ।
ਜਾਗੋ, ਦੇਖੋ, ਸਮਝੋ, ਧਾਓ ।
ਸ਼ਾਇਰ ਜੀ ਇੱਕ ਤੀਰ ਉਠਾਓ ।
ਤਰਕ-ਏ-ਤਰਕਸ਼,,,,,,,,,,,,,, ।।

ਜੀਵਨ ਵਧਣੋਂ ਰੁਕ ਨਹੀਂ ਸਕਦਾ ।
ਝੂਠ ਜਗਤ ਤੋਂ ਮੁੱਕ ਨਹੀਂ ਸਕਦਾ ।
ਜੁਰਮ ਜੜਾਂ ਤੋਂ ਸੁੱਕ ਨਹੀਂ ਸਕਦਾ ।
ਸ਼ਾਇਰ ਵੀ ਤਾਂ ਝੁਕ ਨਹੀਂ ਸਕਦਾ ।
ਆਪਣਾ ਫਰਜ ਨਿਭਾਉਂਦੇ ਜਾਓ ।
ਸ਼ਾਇਰ ਜੀ ਇੱਕ ਤੀਰ ਉਠਾਓ ।
ਤਰਕ-ਏ-ਤਰਕਸ਼ ਵਿੱਚ ਚੜ੍ਹਾਓ ।।
ਚਿੜੀਆਂ ਘੁੱਗੀਆਂ ਬਖਸ਼ ਦਿਓ ਹੁਣ,
ਬਾਜਾਂ ਲਗੜਾਂ ਤੇ ਅਜਮਾਓ ।।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

Monday, October 24, 2016

ਛਬੀਲ !!

ਛਬੀਲ !!

ਸਿੱਖ ਗੁਰੂ ਦੇ ਜੰਗ-ਏ-ਮੈਦਾਨ ਵਿੱਚ ਵੀ,
ਪਾਣੀ ਦੁਸ਼ਮਣਾਂ ਤਾਈਂ ਪਿਲਾਂਵਦੇ ਸਨ ।

ਕੀਤਾ ਵਿਤਕਰਾ ਲੰਗਰਾਂ ਵਿੱਚ ਵੀ ਨਹੀਂ,
ਦੋਸਤ-ਦੁਸ਼ਮਣ ਨੂੰ `ਕੱਠੇ ਖੁਆਂਵਦੇ ਸਨ ।

ਦੁਸ਼ਮਣ ਬੰਦੇ ਨੂੰ ਕਦੇ ਵੀ ਜਾਣਿਆਂ ਨਾ,
ਜਿੱਤ ਕੇਵਲ ਬੁਰਿਆਈ ਤੇ ਚਾਂਹਵਦੇ ਸਨ ।

ਨਿਹੱਥੇ ਉੱਪਰ ਨਾ ਕਦੇ ਵੀ ਵਾਰ ਕੀਤਾ,
ਦੁਸ਼ਮਣ ਵੀ ਕਿਰਦਾਰ ਸਲਾਂਹਵਦੇ ਸਨ ।

ਪਾਣੀ ਕਿਸੇ ਨੂੰ ਪਿਆਉਣ ਦੀ ਆੜ ਥੱਲੇ,
ਸਿੰਘ ਕਰ ਨਹੀਂ ਕਦੇ ਧ੍ਰੋਹ ਸਕਦੇ ।।

ਜਿਨਾਂ ਕੀਤਾ ਬਦਨਾਮ ਛਬੀਲ ਤਾਈਂ,
ਸਿੱਖ ਗੁਰੂ ਦੇ ਉਹ ਨਹੀਂ ਹੋ ਸਕਦੇ ।।

ਗੁਰਮੀਤ ਸਿੰਘ “ਬਰਸਾਲ” ਕੈਲੇਫੋਰਨੀਆਂ

ਛਬੀਲ !!

ਛਬੀਲ !!

ਸਿੱਖ ਗੁਰੂ ਦੇ ਜੰਗ-ਏ-ਮੈਦਾਨ ਵਿੱਚ ਵੀ,
ਪਾਣੀ ਦੁਸ਼ਮਣਾਂ ਤਾਈਂ ਪਿਲਾਂਵਦੇ ਸਨ ।

ਕੀਤਾ ਵਿਤਕਰਾ ਲੰਗਰਾਂ ਵਿੱਚ ਵੀ ਨਹੀਂ,
ਦੋਸਤ-ਦੁਸ਼ਮਣ ਨੂੰ `ਕੱਠੇ ਖੁਆਂਵਦੇ ਸਨ ।

ਦੁਸ਼ਮਣ ਬੰਦੇ ਨੂੰ ਕਦੇ ਵੀ ਜਾਣਿਆਂ ਨਾ,
ਜਿੱਤ ਕੇਵਲ ਬੁਰਿਆਈ ਤੇ ਚਾਂਹਵਦੇ ਸਨ ।

ਨਿਹੱਥੇ ਉੱਪਰ ਨਾ ਕਦੇ ਵੀ ਵਾਰ ਕੀਤਾ,
ਦੁਸ਼ਮਣ ਵੀ ਕਿਰਦਾਰ ਸਲਾਂਹਵਦੇ ਸਨ ।

ਪਾਣੀ ਕਿਸੇ ਨੂੰ ਪਿਆਉਣ ਦੀ ਆੜ ਥੱਲੇ,
ਸਿੰਘ ਕਰ ਨਹੀਂ ਕਦੇ ਧ੍ਰੋਹ ਸਕਦੇ ।।

ਜਿਨਾਂ ਕੀਤਾ ਬਦਨਾਮ ਛਬੀਲ ਤਾਈਂ,
ਸਿੱਖ ਗੁਰੂ ਦੇ ਉਹ ਨਹੀਂ ਹੋ ਸਕਦੇ ।।

ਗੁਰਮੀਤ ਸਿੰਘ “ਬਰਸਾਲ” ਕੈਲੇਫੋਰਨੀਆਂ

Thursday, October 20, 2016

ਧੂਤੇ !!

ਧੂਤੇ !!

ਲੋਕੀਂ ਪੁੱਛਣ ਧੂਤੇ ਕਿਹੜੇ ?
ਪੁੱਟਦੇ ਜੋ ਸਿੱਖੀ ਦੇ ਵਿਹੜੇ ।
ਮੂਰਖਤਾ ਬਲਬੂਤੇ ਜਿਹੜੇ ।
ਖੁਦ ਨੂੰ ਸਿੱਖ ਸਦਾਉਂਦੇ ਨੇ ।।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
ਗੁਰੂਆਂ ਨੀਵਾਂ ਰਹਿਣਾ ਦੱਸਿਆ ।
ਨਾਲ ਸਬਰ ਦੇ ਸਹਿਣਾ ਦੱਸਿਆ ।
ਮਾਖਿਓਂ ਮਿੱਠਾ ਕਹਿਣਾ ਦੱਸਿਆ ।
ਪਰ ਜੋ ਅੱਗ ਵਰਾਂਉਂਦੇ ਨੇ ।।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
ਬਾਣੀ ਛੱਡ ਕੇ ਬਾਣਾ ਫੜਿਆ ।
ਪੂਜਾ, ਹਵਨ ਕਰਾਉਣਾ ਫੜਿਆ ।
ਸੰਗਤ ਨੂੰ ਭੜਕਾਉਣਾ ਫੜਿਆ ।
ਪਾਧੇ ਕੀਆਂ ਪੁਗਾਉਂਦੇ ਨੇ ।।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
ਬਾਣੀ, ਵਾਂਗ ਮੰਤਰਾਂ ਪੜ੍ਹਦੇ ।
ਗੁਰੂ-ਸਿਧਾਂਤ ਮੰਨਣ ਤੋਂ ਡਰਦੇ ।
ਸ਼ਬਦ-ਵੀਚਾਰ ਕਦੇ ਨਾ ਕਰਦੇ ।
ਛਿੱਕਲੀ-ਲੜੀਆਂ ਲਾਉਂਦੇ ਨੇ ।।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
ਜਦ ਤੋਂ ਗਿਆਨ-ਯੁੱਗ ਹੈ ਆਇਆ ।
ਸੋਸ਼ਲ ਮੀਡੀਏ ਸੱਚ ਦਿਖਾਇਆ ।
ਅੰਧ-ਵਿਸ਼ਵਾਸਾਂ ਜੱਗ ਹਸਾਇਆ ।
ਜਿਸਤੋਂ ਰਹੇ ਡਰਾਉਂਦੇ ਨੇ ।।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
ਦੇਖੇ ਗੁਰੂ-ਦੁਆਰੇ ਜਾਕੇ ।
ਅਕਲਾਂ ਜੋੜਿਆਂ ਵਿੱਚ ਛੁਪਾਕੇ ।
ਗਿਆਨ-ਗੁਰੂ ਦੀ ਜੋਤ ਭੁਲਾਕੇ ।
ਘਿਓ ਦੀ ਜੋਤ ਜਗਾਉਂਦੇ ਨੇ ।।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
ਜਿੱਥੇ ਪੈਰ ਸਾਫ ਨੇ ਕਰਦੇ ।
ਅੰਮ੍ਰਿਤ ਕਹਿਕੇ ਚੂਲੀਆਂ ਭਰਦੇ ।
ਕਰਨੋਂ ਕਰਮ-ਕਾਂਡ ਨਾ ਡਰਦੇ ।
ਸ਼ਰਧਾ ਅਜਬ ਦਿਖਾਉਂਦੇ ਨੇ ।।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
ਗੁਰੂਆਂ ਜਾਤ-ਪਾਤ ਮਿਟਾਈ ।
ਇਨ੍ਹਾਂ ਮੁੜਕੇ ਗਲ਼ ਨਾਲ ਲਾਈ ।
ਪੁੱਟ ਕੇ ਊਚ-ਨੀਚ ਦੀ ਖਾਈ ।
ਛੂਆ-ਛਾਤ ਵਧਾਉਂਦੇ ਨੇ ।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
ਗੁਰੂਆਂ ਔਰਤ ਸੀ ਸਤਿਕਾਰੀ ।
ਇਹਨਾਂ ਕਰਤੀ ਮੁੜ ਦੁਖਿਆਰੀ ।
ਭਰਦੇ ਹੀਣ-ਭਾਵਨਾ ਭਾਰੀ ।
ਜੋ ਤਿਓਹਾਰ ਮਨਾਉਂਦੇ ਨੇ ।।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
ਦਸਮੇ ਗੁਰਾਂ ਵੱਲ ਪਿੱਠ ਕਰਕੇ ।
ਉਹਨਾਂ ਦਾ ਹੀ ਨਾਂ ਫਿੱਟ ਕਰਕੇ ।
ਔਰਤ ਜਾਤੀ ਨੂੰ ਠਿੱਠ ਕਰਕੇ ।
ਬਿਪਰੀ ਨਾਟ ਪੜਾਉਂਦੇ ਨੇ ।।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
ਸਮਝਣ ਗੁਰੂ ਗ੍ਰੰਥ ਅਧੂਰਾ ।
ਜੋੜ ਬਚਿੱਤਰ ਕਰਦੇ ਪੂਰਾ ।
ਪਾਕੇ ਅੰਮ੍ਰਿਤ ਦੇ ਵਿੱਚ ਕੂੜਾ ।
ਸਿੱਖੀ ਧ੍ਰੋਹ ਕਮਾਉਂਦੇ ਨੇ ।।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
ਬਾਹਰੋਂ ਮਜਹਬ ਧਾਰ ਤਾਂ ਲੀਤਾ ।
ਅੰਦਰ ਧਰਮ ਨਾ ਧਾਰਣ ਕੀਤਾ ।
ਅੰਮ੍ਰਿਤ ਰੋਜ ਕਦੇ ਨਾ ਪੀਤਾ ।
ਕੇਵਲ ਰੀਤ ਨਿਭਾਉਂਦੇ ਨੇ ।।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
ਗੁਰਮੀਤ ਸਿੰਘ “ਬਰਸਾਲ” (ਕੈਲੇਫੋਰਨੀਆਂ)




Friday, October 14, 2016

Tuesday, October 11, 2016

ਪੁਜਾਰੀ ਬਨਾਮ ਗਿਆਨ !

ਪੁਜਾਰੀ ਬਨਾਮ ਗਿਆਨ !
ਜਦ ਵੀ ਬੰਦਾ ਗਿਆਨ ਵੱਲ ਨੂੰ ਆਇਆ ਹੈ ।
ਤਦੇ ਪੁਜਾਰੀ ਚੀਕ-ਚਿਹਾੜਾ ਪਾਇਆ ਹੈ ।
ਆਪਣੇ ਮਤਲਬ ਖਾਤਿਰ ਬੰਦਾ ਵਰਤਣ ਲਈ,
ਸੋਚ-ਵਿਹੂਣਾ ਰੱਖਣਾ ਹੀ ਉਸ ਚਾਹਿਆ ਹੈ ।
ਖਲਕਤ ਕਾਬੂ ਕਰਨ ਲਈ ਵੰਡ ਜਾਤਾਂ ਵਿੱਚ,
ਖੁਦ ਨੂੰ ਸਭ ਤੋਂ ਉੱਚਾ ਵਰਗ ਸਦਾਇਆ ਹੈ ।
ਉਸਨੇ ਖੁਦੀ ਖਿਲਾਫ ਬਗਾਵਤ ਕੁਚਲਣ ਲਈ,
ਸਰਕਾਰਾਂ ਨਾਲ ਸਦਾ ਯਾਰਾਨਾ ਲਾਇਆ ਹੈ ।
ਅੰਧ-ਵਿਸ਼ਵਾਸੀ ਭਾਵਨਾਵਾਂ ਭੜਕਾਵਣ ਦਾ,
ਰਲ਼ਕੇ ਉਹਨਾ ਢੀਠ ਕਾਨੂੰਨ ਬਣਾਇਆ ਹੈ ।
ਕੱਚੀ ਨੀਂਦ ਉਠਾਲ ਹਿਲ ਰਹੇ ਭਗਤਾਂ ਨੂੰ,
ਦੂਹਰਾ ਗੱਫਾ ਨਸ਼ਿਆਂ ਦਾ ਵਰਤਾਇਆ ਹੈ ।
ਹਰ ਹੀਲੇ ਹੀ ਉੱਲੂ ਸਿੱਧਾ ਰੱਖਣ ਲਈ,
ਸ਼ਰਧਾ-ਉੱਲੂ ਦਾ ਸੰਕਲਪ ਫੈਲਾਇਆ ਹੈ ।
ਲੁੱਟਣ-ਕੁੱਟਣ ਦੇ ਲਈ ਭੋਲੇ ਕਿਰਤੀ ਨੂੰ,
ਪੁੰਨ-ਪਾਪ ਦੇ ਚੱਕਰਾਂ ਵਿੱਚ ਉਲਝਾਇਆ ਹੈ ।
ਪੁਸ਼ਤਾਂ ਤੱਕ ਦੀ ਰੋਜੀ ਪੱਕਿਆਂ ਕਰਨ ਲਈ,
ਪਾਠ-ਪੂਜਾ ਦਾ ਸਦਾ ਵਪਾਰ ਚਲਾਇਆ ਹੈ ।
ਗੁਰੂਆਂ ਦੀ ਸਿੱਖਿਆ ਨਾ ਬੰਦਾ ਸਮਝ ਲਵੇ,
ਗੁਰ-ਉਪਦੇਸ਼ ਨੂੰ ਮੰਤਰ ਆਖ ਘੁਮਾਇਆ ਹੈ ।
ਮਿਹਨਤਕਸ਼ ਦੀ ਕਿਰਤ ਤੇ ਸਦਾ ਪੁਜਾਰੀ ਨੇ,
ਮੁੱਢ-ਕਦੀਮੋ ਕਬਜਾ ਇੰਝ ਜਮਾਇਆ ਹੈ ।
ਜਨਮ ਜਨਮ ਦੇ ਚੱਕਰਾਂ ਵਿੱਚ ਉਲਝਾ ਉਸਨੇ,
ਮਿਲਿਆ ਜਨਮ ਵੀ ਨਰਕੀਂ ਅੱਜ ਪੁਚਾਇਆ ਹੈ ।।

ਗੁਰਮੀਤ ਸਿੰਘ “ਬਰਸਾਲ” ਕੈਲੇਫੋਰਨੀਆਂ 

Friday, September 30, 2016

ਪੰਜਾਬ ਸਿਆਂ !!

ਪੰਜਾਬ ਸਿਆਂ !!
ਤੂੰ ਫਿਰਦਾਂ ਏਂ ਨ੍ਹੇਰੇ ਵਿੱਚ, ਪੰਜਾਬ ਸਿਆਂ ।
ਉਸਦੀ ਨਜਰ ਏ ਤੇਰੇ ਵਿੱਚ, ਪੰਜਾਬ ਸਿਆਂ ।
ਉਸਦੀਆਂ ਚਾਲਾਂ ਦੇ ਵਿੱਚ ਫਸਕੇ ਹਰ ਵਾਰੀ,
ਆ ਨਾ ਝਗੜੇ-ਝੇੜੇ ਵਿੱਚ, ਪੰਜਾਬ ਸਿਆਂ ।
ਤੇਰੀ ਵੱਖਰੀ ਹਸਤੀ ਤੋਂ ਉਹ ਚਿੜਦਾ ਏ,
ਚਾਹੁੰਦਾ ਰੱਖਣਾ ਘੇਰੇ ਵਿੱਚ, ਪੰਜਾਬ ਸਿਆਂ ।
ਨਾਨਕ ਵੇਲੇ ਤੋਂ ਹੀ ਸੱਚ ਦਾ ਦੁਸ਼ਮਣ ਹੈ,
ਤੱਕ ਲੈ ਪੰਧ ਲੰਬੇਰੇ ਵਿੱਚ, ਪੰਜਾਬ ਸਿਆਂ ।
ਤੈਨੂੰ ਮਾਰਨ ਦੀਆਂ ਸਕੀਮਾਂ ਘੜੀਆਂ ਨੇ,
ਚਾਣਕੀਆ ਨੇ ਡੇਰੇ ਵਿੱਚ, ਪੰਜਾਬ ਸਿਆਂ ।
ਅੱਧਾ ਤੇ ਤੂੰ ਪਹਿਲੋਂ ਉੱਜੜ ਚੁੱਕਾ ਏਂ,
ਤੱਕ ਤਾਂ ਚਾਰ ਚੁਫੇਰੇ ਵਿੱਚ, ਪੰਜਾਬ ਸਿਆਂ ।
ਜੰਗ ਹੋਵੇ ਨਾ ਹੋਵੇ ਪਰ ਬੰਬ ਡਿਗਣਗੇ,
ਤੇਰੇ ਰੈਣ ਵਸੇਰੇ ਵਿੱਚ, ਪੰਜਾਬ ਸਿਆਂ ।।

ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

Friday, September 23, 2016

ਬਿਰਹੋਂ-ਰਿਸ਼ਤੇ !

ਬਿਰਹੋਂ-ਰਿਸ਼ਤੇ!!
ਅਸੀਂ ਰਿਸ਼ਤੇ ਬਣਾਉਂਦੇ ਫਨਾਹ ਹੋ ਗਏ ।
ਉਹ ਤੇ ਰਿਸ਼ਤੇ ਮਿਟਾਕੇ ਖੁਦਾ ਹੋ ਗਏ ।
ਜੋ ਵੀ ਰਸਮਾਂ ਦੇ ਰੱਸੇ ਹਿਫਾਜਤ ਬਣੇ,
ਉਹ ਵੀ ਬਿਰਹੋਂ ਚ ਸੜਕੇ ਸਵਾਹ ਹੋ ਗਏ ।।
ਬੰਦਾ ਜਿਓਂਦਾ ਸਵਾਰਥ ਹੀ ਅਪਣਾਂਵਦਾ ।
ਅੱਖਾਂ ਚੋਭਣ ਲਈ ਦੂਜੇ ਦੇ ਕੰਮ ਆਂਵਦਾ ।
ਜਿਨਾਂ ਅੱਖਾਂ `ਚ ਹੰਝੂ ਵੀ ਸੁੱਕਦੇ ਰਹੇ,
ਉਹਨਾਂ ਅੱਖਾਂ ਤੇ ਕਾਹਤੋਂ ਫਿਦਾ ਹੋ ਗਏ ।।
ਇਹ ਧਰਤੀ ਤਾਂ ਪਾਲਣ ਦਾ ਮੰਗਕੇ ਕਰਜ ।
ਸਦਾ ਚੇਤੇ ਕਰਾਉਂਦੀ ਨਿਭਾਉਣਾ ਫਰਜ ।
ਉਸ ਕੁਰਬਾਨੀ ਦਾ, ਦੱਸੋ ਕੀ ਹੈ ਸਿਲਾ ?
ਜਦੋਂ ਪਸ਼ੂਆਂ ਦੇ ਵਾਂਗੂ ਜਿਬਾਹ ਹੋ ਗਏ ।।
ਅਸੀਂ ਵੱਖਰਿਆਂ ਰਾਹਾਂ ਤੇ ਤੁਰਦੇ ਰਹੇ ।
ਸਾਡੀ ਮੰਜਿਲ ਦੇ ਰਾਹ ਨਾ ਕਦੇ ਵੀ ਮਿਲੇ ।
ਜੇ ਮਿਲੇ ਪੰਗਡੰਡੀਆਂ ਦੇ ਮਿਲਣੇ ਦੇ ਵਾਂਗ,
ਇੱਕ ਦੂਜੇ ਨੂੰ ਕੱਟਕੇ ਵਿਦਾ ਹੋ ਗਏ ।।
ਬੰਦ ਅੱਖਾਂ ਨੂੰ ਕਰਕੇ ਜੋ ਕਰਦੇ ਵਫਾ ।
ਇਹ ਜਮਾਨਾ ਨਾਂ ਭੁੱਲਦਾ ਕਦੇ ਵੀ ਦਗਾ ।
ਸੰਸਕਾਰਾਂ ਦੀ ਲੋਈ ਜੋ ਫਿਰਦੇ ਲਈ,
ਏਸ ਦੁਨੀਆਂ `ਚ ਅੱਜ ਉਹ ਸਜਾ ਹੋ ਗਏ ।।
ਓਸ ਰਿਸ਼ਤੇ ਦਾ ਦੱਸੋ ਕੀ ਰੱਖੋਗੇ ਨਾਮ ?
ਜਿਹੜਾ ਮੁਰਸ਼ਦ ਤੋਂ ਵਧਕੇ ਹੀ ਦੇਵੇ ਪੈਗਾਮ ।
ਇਹ ਰਿਸ਼ਤੇ ਜੋ ਚਾਨਣ ਤੇ ਰਿਸ਼ਮਾ ਦੇ ਨੇ,
ਕਿਓਂ ਹਨ੍ਹੇਰੇ ਦੇ ਸਾਹਵੇਂ ਗੁਨਾਹ ਹੋ ਗਏ ।।
ਅਸੀਂ ਰਿਸ਼ਤੇ ਬਣਾਉਂਦੇ ਫਨਾਹ ਹੋ ਗਏ ।
ਉਹ ਤੇ ਰਿਸ਼ਤੇ ਮਿਟਾਕੇ ਖੁਦਾ ਹੋ ਗਏ ।
ਜੋ ਵੀ ਰਸਮਾਂ ਦੇ ਰੱਸੇ ਹਿਫਾਜਤ ਬਣੇ,
ਉਹ ਵੀ ਬਿਰਹੋਂ ਚ ਸੜਕੇ ਸਵਾਹ ਹੋ ਗਏ ।।

ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ