Wednesday, July 28, 2010

ਚੰਦਰੀ ਸਿਆਸਤ ਨੇ

ਚੰਦਰੀ ਸਿਆਸਤ ਨੇ



ਗੁਰੂ-ਘਰਾਂ ਨੂੰ ਉਲਝਾਇਆ ,

ਚੰਦਰੀ ਸਿਆਸਤ ਨੇ ।


ਸੱਚ ਨੂੰ ਝੂਠ ਬਣਾਇਆ,

ਚੰਦਰੀ ਸਿਆਸਤ ਨੇ ।।


ਨੀਤੀ ਉੱਤੇ ਧਰਮ ਦਾ ਕੂੰਢਾ ।

ਭਰਿਸ਼ਟਾਚਾਰ ਨੂੰ ਲਾਵੇ ਮੁੰਦਾ ।


ਧਰਮੀ ਲਈ ਤਾਂ ਹਰ ਬੰਦੇ ਵਿੱਚ,

ਰੱਬ ਵਾਲਾ ਹੀ ਦਰਸ਼ਣ ਹੁੰਦਾ।


ਪਰ ਅੱਜ ਚਾਲ ਬਣਾਇਆ,

ਚੰਦਰੀ ਸਿਆਸਤ ਨੇ ।


ਸੱਚ ਝੂਠ ਇਕੱਠਾ ਚਿਣਦੇ।

ਰਾਜਨੀਤੀ ਵਿੱਚ ਇੰਝ ਹੀ ਮਿਣਦੇ।


ਅੰਦਰੋਂ ਭਾਵੇਂ ਖਾਲੀ ਹੋਵੇ,

ਤਾਂ ਵੀ ਬਾਹਰੋਂ ਸਿਰ ਹੀ ਗਿਣਦੇ।

ਸਭ ਨੂੰ ਭੇਡ ਬਣਾਇਆ,

ਚੰਦਰੀ ਸਿਆਸਤ ਨੇ।


ਨੀਤੀ ਵਿੱਚ ਜੇ ਘੋੜੇ ਹੁੰਦੇ।

ਮਾਨਵਤਾ ਲਈ ਦੌੜੇ ਹੁੰਦੇ।


ਵੋਟਾਂ ਪਾ-ਪਾ ਦੇਖ ਲਿਆ ਹੈ,

ਗਧਿਆਂ ਸਾਹਵੇਂ ਥੋੜੇ ਹੁੰਦੇ।


ਗਣਿਤ ਅਧਾਰ ਬਣਾਇਆ,

ਚੰਦਰੀ ਸਿਆਸਤ ਨੇ।


ਜੇ ਲੋਕੋ ਕੁਝ ਕਰ ਨਹੀਂ ਹੁੰਦਾ।

ਵੋਟਾਂ ਖਾਤਿਰ ਮਰ ਨਹੀਂ ਹੁੰਦਾ।

ਜੇ ਅਗਲਾ ਪਰਧਾਨ ਬਣ ਗਿਆ,

ਫਿਰ ਨਾ ਕਹਿਣਾ ਜਰ ਨਹੀਂ ਹੁੰਦਾ।


ਏਹੋ ਪਾਠ ਪੜ੍ਹਾਇਆ,

ਚੰਦਰੀ ਸਿਆਸਤ ਨੇ।


ਨੀਤੀ ਕਹਿੰਦੀ ਵੋਟਾਂ ਪਾਓ।

ਬਹੁਸੰਮਤੀ ਪਰਧਾਨ ਬਣਾਓ।

ਗੁਰਮਤਿ ਗੱਲ ਗੁਣਾਂ ਦੀ ਕਰਦੀ,

ਸੇਵਾ ਸਮਝ ਕੇ ਕਰੋ-ਕਰਾਓ।


ਹਉਮੇ ਰੂਪ ਵਟਾਇਆ,

ਚੰਦਰੀ ਸਿਆਸਤ ਨੇ।


ਗੁਰੂ-ਘਰਾਂ ਨੂੰ ਉਲਝਾਇਆ,

ਚੰਦਰੀ ਸਿਆਸਤ ਨੇ।


ਸੱਚ ਨੂੰ ਝੂਠ ਬਣਾਇਆ,

ਚੰਦਰੀ ਸਿਆਸਤ ਨੇ।।

Wednesday, July 21, 2010

ਉਹ ਜ਼ਰੇ-ਜ਼ਰੇ ਵਿੱਚ ਵੱਸਦਾ ਏ

ਉਹ ਜ਼ਰੇ-ਜ਼ਰੇ ਵਿੱਚ ਵੱਸਦਾ ਏ



ਦੁਨੀਆਂ ਪੁਛਿਆ,

ਰੱਬ ਹੈ ਕੇਹਾ?

ਗੁਰੂਆਂ ਦੱਸਿਆ,

ਕੁਦਰਤਿ ਜੇਹਾ।

ਗਰੂ ਗ੍ਰੁੰਥ ਜੀ ਏਹੋ ਸੁਨੇਹਾ,

ਕੁਲ ਦੁਨੀਆਂ ਨੂੰ ਦੱਸਦਾ ਏ ।

ਅਕਾਲ ਅਜੂਨੀ ਹੋਕੇ ਵੀ,

ਉਹ ਜ਼ਰੇ-ਜ਼ਰੇ ਵਿੱਚ ਵੱਸਦਾ ਏ।।

ਰੁਪ ਰੰਗ ਤੇ ਭਾਰ ਨਹੀਂ ਹੈ,

ਰੱਬ ਦਾ ਕੋਈ ਆਕਾਰ ਨਹੀਂ ਹੈ ।

ਚੱਕਰ-ਚਿਹਨ ਤੋਂ ਉਹ ਹੈ ਵੱਖਰਾ,

ਰੇਖ-ਭੇਖ ਵਿੱਚਕਾਰ ਨਹੀਂ ਹੈ ।

ਜੇ ਕੋਈ ਉਸਨੂੰ ਬਾਹਰ ਢੂੰਡੇ,

ਓਸੇ ਅੰਦਰ ਹੱਸਦਾ ਏ।

ਅਕਾਲ ਅਜੂਨੀ ਹੋਕੇ ਵੀ,

ਉਹ ਜ਼ਰੇ-ਜ਼ਰੇ ਵਿੱਚ ਵੱਸਦਾ ਏ।।

ਦੁਨੀਆਂ ਕਾਮ,ਕਰੋਧ ਵਧਾਇਆ,

ਲੋਭ,ਲਾਲਚ ਵੀ ਦੂਣ ਸਵਾਇਆ।

ਸਾਰੇ ਜੱਗ ਨੂੰ ਨਰਕ ਬਣਾਕੇ,

ਰੱਬ ਦੀ ਖਾਤਿਰ ਸਵੱਰਗ ਸਜਾਇਆ।

ਅੰਬਰੀਂ ਰੱਬ ਵਸਾਵਣ ਵਾਲਾ,

ਖਿਆਲ ਨਾ ਮਨ ਵਿੱਚ ਧਸਦਾ ਏ।

ਅਕਾਲ ਅਜੂਨੀ ਹੋਕੇ ਵੀ,

ਉਹ ਜ਼ਰੇ-ਜ਼ਰੇ ਵਿੱਚ ਵੱਸਦਾ ਏ।।

ਲੋਕੀਂ ਸਮਝਕੇ ਉਹਨੂੰ ਵਿਅਕਤੀ,

ਨਾਂ ਰੱਖ ਲੈਂਦੇ ਕੋਈ ਵਕਤੀ।

ਬੇ-ਨਾਮਾ ਜੋ ਰੱਬ ਹੈ ਸਾਂਝਾ,

ਵਿਚਰ ਰਿਹਾ ਬਣਕੇ ਇੱਕ ਸ਼ਕਤੀ।

ਨਾਵਾਂ ਦੀ ਘੁੰਮਣ-ਘੇਰੀ ਵਿੱਚ,

ਸੂਝਵਾਨ ਨਾ ਫਸਦਾ ਏ।

ਅਕਾਲ ਅਜੂਨੀ ਹੋਕੇ ਵੀ,

ਉਹ ਜ਼ਰੇ-ਜ਼ਰੇ ਵਿੱਚ ਵੱਸਦਾ ਏ।।

ਬੰਦਾ ਰੱਬ ਨੂੰ ਮੋਹ ਨਹੀਂ ਸਕਦਾ,

ਬੂਹਾ ਉਸਤੋਂ ਢੋਹ ਨਹੀਂ ਸਕਦਾ।

ਰਾਮ ਜੋ ਰਮਿਆਂ ਕੁਦਰਤਿ ਅੰਦਰ,

ਵੱਖ ਕਿਸੇ ਤੋਂ ਹੋ ਨਹੀਂ ਸਕਦਾ।

ਹਰ ਬੰਦੇ  ਦੇ ਜੀਵਨ ਅੰਦਰ,

ਸਾਹ ਬਣਕੇ ਜੋ ਨਸਦਾ ਏ।

ਅਕਾਲ ਅਜੂਨੀ ਹੋਕੇ ਵੀ,

ਉਹ ਜ਼ਰੇ-ਜ਼ਰੇ ਵਿੱਚ ਵੱਸਦਾ ਏ।

Monday, July 19, 2010

ਨੀਰੋ ਦੀ ਬੰਸਰੀ!!

ਕਾਵਿ ਵਿਅੰਗ
ਸਰਨਾ ਸਾਹਿਬ ਦਾ ਪੱਖ ਜੇ ਲਿਖ ਹੋ ਜਾਏ,
ਬਾਦਲ ਸਾਹਿਬ ਜੀ ਬੁਰਾ ਮਨਾਂਵਦੇ ਨੇ।
ਪ੍ਰੋਫੈਸਰ ਸਾਹਿਬ ਦੇ ਪੱਖ ਵਿੱਚ ਜੇ ਲਿਖੀਏ,
ਮਹਾਂ-ਪੁਜਾਰੀ ਦੁਹਾਈਆਂ ਪਾਂਵਦੇ ਨੇ।
ਲਟਾ-ਲਟ ਭਾਵੇਂ ਰੋਮ ਜਲ਼ੀ ਜਾਵੇ,
ਐਪਰ ਨੀਰੋ ਦੀ ਬੰਸਰੀ ਵੱਜਦੀ ਏ;
ਸਪੋਕਸਮੈਨ ਦੇ ਪੱਖ ਨੂੰ ਜੇ ਲਿਖੀਏ,
ਧੁਮੱਕੜ ਹੋਰੀਂ ਧੁਮੱਚੜ ਮਚਾਂਵਦੇ ਨੇ।।

Friday, July 16, 2010

ਭਾਈ ਗੁਰਬਖਸ਼ ਸਿੰਘ ਕਾਲਾ ਅਫ਼ਗ਼ਾਨਾ

ਭਾਈ ਗੁਰਬਖਸ਼ ਸਿੰਘ ਕਾਲਾ ਅਫ਼ਗ਼ਾਨਾ

ਕਰਮ ਕਾਂਡੀਆਂ ਧਰਮ ਦੀ ਡੋਰ ਫੜਕੇ,
ਇਹਦੇ ਤਾਣੇ ਨੂੰ ਏਨਾ ਉਲਝਾ ਦਿੱਤਾ।
ਸਾਫ਼ ਸਪੱਸ਼ਟ ਗੁਰਬਾਣੀ ਜੋ ਆਖਦੀ ਹੈ,
ਉਹ ਵੀ ਸਮਝਣ ਸਮਝਾਉਣੋ ਹਟਾ ਦਿੱਤਾ।
ਅਰਥਾਂ ਨੂੰ ਅਨਰਥਾਂ ਦਾ ਰੂਪ ਦੇ ਕੇ,
ਕੋਝੀ ਵਿਦਵਤਾ ਹੇਠ ਦਬਾ ਦਿੱਤਾ।
ਸਿੱਧਾ ਸਾਫ਼ ਜੋ ਸਿੱਖੀ ਦਾ ਰਾਹ ਸੋਹਣਾ,
ਪੱਗ ਡੰਡੀਆਂ ਵਾਲਾ ਬਣਾ ਦਿੱਤਾ॥ 1॥
ਹੁਣ ਤੱਕ ਜੋ ਅਸੀਂ ਹਾਂ ਰਹੇ ਕਰਦੇ,
ਰੀਤ ਬਿੱਪਰ ਦੀ ਜਾਪਦਾ ਧਾਰੀ ਹੋਈ ਏ।
ਕਰਮਕਾਂਢਾਂ ਨੂੰ ਧਰਮ ਹੀ ਸਮਝੀ ਜਾਈਏ,
ਮੱਤ ਇਸ ਤਰ੍ਹਾਂ ਸਾਡੀ ਅੱਜ ਮਾਰੀ ਹੋਈ ਏ।
ਵਡੇਰੇ ਸਾਡੇ ਤਾਂ ਇੰਝ ਹੀ ਰਹੇ ਕਰਦੇ,
ਓਸੇ ਤਰ੍ਹਾਂ ਹੀ ਸਾਡੀ ਤਿਆਰੀ ਹੋਈ ਏ।
ਗੁਰਮਤਿ ਗਿਆਨ ਦੀ ਲੋੜ ਨਾ ਕੋਈ ਜਾਪੇ
ਬਾਹਰੀ ਦਿੱਖ ਹੀ ਅੱਜ ਪਿਆਰੀ ਹੋਈ ਏ॥ 2॥
ਬਾਬੇ ਨਾਨਕ ਜਨੇਊ ਤੋਂ ਵਰਜਿਆ ਸੀ,
ਸਾਡਾ ਜੀਵਨ ਜਨੇਉਆਂ ਨਾਲ ਭਰ ਰਿਹਾ ਏ।
ਪ੍ਰੀਭਾਸ਼ਾ ਧਰਮ ਦੀ ਬਾਹਰਲੇ ਚਿੱਨ੍ਹ ਕੇਵਲ,
ਏਨੇ ਵਿੱਚ ਹੀ ਸਾਡਾ ਅੱਜ ਸਰ ਰਿਹਾ ਏ।
ਗੁਰਬਾਣੀ ਪੜ੍ਹਨਾ, ਸਮਝਣਾ, ਅਮਲ ਕਰਨਾ,
ਸਿਧਾਂਤ ਨਾਨਕ ਦਾ ਜਾਪਦਾ ਹਰ ਰਿਹਾ ਏ।
ਗੁਰਬਖਸ਼ ਸਿੰਘ ਨੇ ਪੁਛਿਆ ਖ਼ਾਲਸਾ ਜੀ,
ਖ਼ਾਲਸ ਪੁਣਾ ਅੱਜ ਸਾਡਾ ਕਿਉਂ ਮਰ ਰਿਹਾ ਏ॥ 3॥
ਨਿਅਰਾਪਨ ਜੋ ਨਾਨਕ ਨੇ ਦਿੱਤਾ ਸਾਨੂੰ,
ਕਿੰਝ ਕਿਉਂ ਤੇ ਕਿਥੇ ਇਹ ਜਾ ਰਿਹਾ ਏ।
ਪ੍ਰਤੀਤ ਗੁਰਾਂ ਨੇ ਸਾਡੀ ਕਿਉਂ ਛੱਡ ਦਿੱਤੀ,
ਰੀਤ ਬਿੱਪਰ ਦੀ ਦਾ ਅਸਰ ਛਾ ਰਿਹਾ ਏ।
ਫੁੱਲ ਬਣਿਆ ਜੋ ਜਗਤ ਮਹਿਕਾਉਣ ਖ਼ਾਤਰ,
ਐ ਪਰ ਆਪ ਕਿਉ ਅੱਜ ਕੁਮਲਾ ਰਿਹਾ ਏ।
ਗੁਰਬਖਸ਼ ਸਿੰਘ ਗੁਰਾਂ ਤੋਂ ਲੈ ਬਖਸ਼ਿਸ਼,
ਏਹੋ ਗੱਲ ਹੀ ਸਾਨੂੰ ਸਮਝਾ ਰਿਹਾ ਏ॥ 4॥
ਬਿੱਪਰੀ ਸੋਚ ਦਾ ਹਮਲਾ ਇਹ ਨਹੀਂ ਪਹਿਲਾ,
ਉਹ ਤਾਂ ਮੁਢੋਂ ਹੀ ਜੁਗਤਾਂ ਚਲਾਂਵਦਾ ਏ।
ਧਾਰਮਿਕ ਅਤੇ ਸਿਆਸੀ ਲੀਡਰਾਂ ਨੂੰ,
ਆਪਣੀ ਉਂਗਲ ਦੇ ਉੱਤੇ ਨਚਾਂਵਦਾ ਏ।
ਨਿਆਰੇ ਪਨ ਦੀ ਗਲ ਜੇ ਕੋਈ ਕਰਦਾ,
ਫ਼ਤਵਾ ਛੇਕਣ ਦਾ ਜਾਰੀ ਕਰਵਾਂਵਦਾ ਏ।
ਗੁਰਮੁੱਖ ਸਿੰਘ ਅਤੇ ਦਿੱਤ ਸਿੰਘ ਜੀ ਨੂੰ,
ਤਾਂਹੀਓਂ ਪੰਥ ਦੇ ਵਿਚੋਂ ਕਢਵਾਂਵਦਾ ਏ॥ 5॥
ਲੋਕੀ ਵੈਰੀਆਂ ਤੇ ਗਿਲੇ ਕਰੀ ਜਾਵਣ,
ਸੱਜਣ ਪੰਥ ਦੇ ਸਦਾ ਗ਼ੱਦਾਰ ਨਿਕਲੇ।
ਜਿਨ੍ਹਾਂ ਪੰਥ ਲਈ ਜੀਣ ਦਾ ਯਤਨ ਕੀਤਾ,
ਲੈ ਉਨ੍ਹਾਂ ਨੂੰ ਪੰਥ ਚੋਂ ਬਾਹਰ ਨਿਕਲੇ।
ਨੀਤੀ ਚਾਣਕੀਆਂ ਨਾਲ ਜਿਸ ਲਈ ਟੱਕਰ,
ਕਰਨ ਓਸ ਨੂੰ ਰੱਜ ਖੁਆਰ ਨਿਕਲੇ।
ਧਰਮ ਨੀਤੀ ਤੇ ਭਾਰੂ ਨਹੀਂ ਹੋਣ ਦੇਣਾ,
ਏਸ ਜੁਗਤ ਤੇ ਕਰ ਵਿਚਾਰ ਨਿਕਲੇ॥ 6॥
ਵੈਰ ਅੱਤ ਤੇ ਰੱਬ ਦਾ ਲੋਕ ਕਹਿੰਦੇ
ਸਮੇ ਸਮੇ ਤੇ ਤਾਹੀਓਂ ਸਰਦਾਰ ਆਉਂਦੇ।
ਹੱਕ ਸੱਚ ਲਈ ਜੂਝਦੇ ਮਰ ਮਿਟਦੇ,
ਫੜ ਹੱਥ ਅਣਖ਼ੀਲੀ ਤਲਵਾਰ ਆਉਂਦੇ।
ਕਸਵੱਟੀ ਲਾ ਕੇ ਗੁਰੂ ਗ੍ਰੰਥ ਜੀ ਦੀ,
ਕਰਮਕਾਂਢਾਂ ਨੂੰ ਸੁਟਣ ਬਾਹਰ ਆਉਂਦੇ।
ਬਿੱਪਰੀ ਰੀਤ ਨੂੰ ਸਿਖਾਂ ਚੋਂ ਕੱਢਣੇ ਲਈ,
ਗੁਰਬਖਸ਼ ਸਿੰਘ ਜਿਹੇ ਸਿਪਾਹ-ਸ੍ਹਾਲਾਰ ਆਉਂਦੇ॥ 7॥
ਸਾਡਾ ਧਰਮ ਨਵੀਨ ਹੈ ਸਾਰਿਆਂ ਚੋਂ,
ਬੜੇ ਫ਼ਖ਼ਰ ਨਾਲ ਅਸੀਂ ਇਹ ਆਖਦੇ ਹਾਂ।
ਵਿਚਾਰ ਵਟਾਂਦਰੇ ਗੋਸ਼ਟੀਆਂ ਨਾਲ ਭਰਿਆ,
ਭੇਡ-ਚਾਲ ਨਾ ਅਸੀਂ ਅਲਾਪਦੇ ਹਾਂ।
ਨਵੇਂ ਸਮੇ ਦੀ ਸਾਨੂੰ ਚਣੌਤੀ ਨਾਹੀ,
ਵਿਗਿਆਨਕ ਤਰਕ ਤੇ ਏਸ ਨੂੰ ਮਾਪਦੇ ਹਾਂ।
ਐਪਰ ਜਦੋਂ ਕੋਈ ਗਿਆਨ ਦੀ ਗੱਲ ਕਰਦਾ,
ਚੁਪਕੇ ਉਥੋਂ ਫਿਰ ਖਿਸਕਦੇ ਜਾਪਦੇ ਹਾਂ॥ 8॥
ਪੰਥ- ਘਾਤਕਾਂ ਸਮਾਂ ਅਨਕੂਲ ਤੱਕ ਕੇ,
ਦਰਬਾਰ ਸਾਹਿਬ ਨੂੰ ਜਦੋਂ ਸੀ ਭੇੜ ਦਿੱਤਾ।
ਮੱਖਣਸ਼ਾਹ ਗੁਰੂ ਤੇਗ਼ ਬਹਾਦਰ ਵੇਲੇ,
ਅਖੌਤੀ ਗੁਰੂਆਂ ਨੂੰ ਉੱਥੋਂ ਖਦੇੜ ਦਿੱਤਾ।
ਬਿੱਪਰਵਾਦ ਨੇ ਨਿਆਰੇ ਪੰਥ ਨੂੰ ਫਿਰ
ਕਰਮ- ਕਾਂਢਾ ਨਾਲ ਜਦੋਂ ਲਬੇੜ ਦਿੱਤਾ।
ਗੁਰਬਖਸ਼ ਸਿੰਘ ਨੇ ਗਿਆਨ ਦੀ ਖੜਗ ਲੈ ਕੇ,
ਸਚੁ ਝੂਠ ਨੂੰ ਉਵੇਂ ਨਿਖੇੜ ਦਿੱਤਾ॥ 9॥
ਠੇਕੇਦਾਰ ਜੋ ਧਰਮ ਦਾ ਬਣ ਜਾਂਦਾ,
ਕੇਵਲ ਜਾਪਦਾ ਉਹੀਓ ਖ਼ੁਸ਼ਹਾਲ ਕਿਉਂ ਏ।
ਭਲੇ ਜਗਤ ਦੇ ਲਈ ਜੋ ਪੰਥ ਬਣਿਆ,
ਹੁੰਦਾ ਉਸੇ ਦਾ ਮੰਦੜਾ ਹਾਲ ਕਿਉਂ ਏਂ।
ਅੰਦਰੋ ਅੰਦਰੀ ਜੋ ਪੰਥ ਨੂੰ ਖਾਈ ਜਾਂਦਾ
ਬਣਿਆ ਪੰਥ ਦਾ ਅੱਜ ਭਾਈਵਾਲ ਕਿਉਂ ਏਂ।
ਗੁਰਬਖਸ਼ ਸਿੰਘ ਨੇ ਪੁੱਛਿਆ ਜਥੇਦਾਰੋ,
ਹਰ ਸਿੰਘ ਦੀ ਵੱਖਰੀ ਚਾਲ ਕਿਉਂ ਏ॥ 10॥
ਪਾ ਪਾ ਚਿਠੀਆਂ ਸਿੰਘ ਨੇ ਦੇਖ ਲਈਆਂ,
ਸਰਬਰਾਹਾਂ ਨਾ ਦਿੱਤਾ ਜਵਾਬ ਏਥੇ।
ਗੁਰੂ ਗ੍ਰੰਥ ਦੀ ਬੈਠ ਗਏ ਤਾਬਿਆ ਫਿਰ,
ਸਮੇਂ ਵਾਲਾ ਨਾ ਰਿਹਾ ਹਿਸਾਬ ਏਥੇ।
ਸਾਹਿਬ ਸਿੰਘ ਦੇ ਟੀਕਿਆਂ ਸੇਧ ਦਿੱਤੀ,
ਸ਼ੰਕੇ ਤੋੜਤੇ ਰਿਹਾ ਨਾ ਖਾਬ ਏਥੇ।
ਦਸਾਂ ਸਾਲਾਂ ਦੀ ਘਾਲਣਾ ਬਾਅਦ ਉਠਾ,
ਕਲਮ ਚੁਕ ਲਿਆਉਣ ਇਨਕਲਾਬ ਏਥੇ॥ 11॥
ਰੀਤ ਬਿੱਪਰ ਦੀ ਤੋਂ ਮਾਰਗ ਸਚੁ ਵਾਲਾ,
ਗੁਰਬਖ਼ਸ਼ ਸਿੰਘ ਨੇ ਜਦੋਂ ਬਿਆਨ ਕੀਤਾ।
ਰਿਹਾ ਕਲਮ ਤੇ ਫੇਰ ਨਾ ਕੋਈ ਕਾਬੂ,
ਦਸਾਂ ਭਾਗਾਂ ਤੇ ਵੀ ਨਾਂ ਮੁਕਾਮ ਕੀਤਾ।
ਕਸਵੱਟੀ ਲਾ ਕੇ ਗੁਰੂ ਗ੍ਰੰਥ ਵਾਲੀ
ਗੁਰਮਤਿ ਗਿਆਨ ਵਲ ਓਸ ਧਿਆਨ ਕੀਤਾ।
ਸ਼ਰਮ ਨਾਲ ਫਿਰ ਸਿਰ ਸੀ ਝੁਕਣ ਲੱਗਾ,
ਕਰਮ ਕਾਂਡਾਂ ਦਾ ਦੇਖ ਨੁਕਸਾਨ ਕੀਤਾ॥ 12॥
ਗੁਰਬਖ਼ਸ਼ ਸਿੰਘ ਪੁੱਛੇ ਦਸੋ ਖ਼ਾਲਸਾ ਜੀ,
ਬਿਪਰਵਾਦ ਹੈ ਕਿਥੋਂ ਪਰਵੇਸ਼ ਕਰਦਾ।
ਸਾਰੇ ਜੱਗੋਂ ਨਿਆਰਾ ਜੋ ਸਿਰਜਿਆ ਸੀ,
ਕਿਉਂ ਇਹ ਖ਼ਾਲਸਾ ਗ਼ਲਤੀ ਹਮੇਸ਼ ਕਰਦਾ।
ਗੁਰੂ ਗ੍ਰੰਥ ਸਵਾਰਦੇ ਧੁਰ ਅੰਦਰੋਂ,
ਬੰਦਾ ਕੇਵਲ ਕਿਉਂ ਬਾਹਰਲੇ ਭੇਸ ਕਰਦਾ।
ਦਸਮ ਗ੍ਰੰਥ ਜਿਹੀ ਰਚਨਾ ਦੇ ਲੱਗ ਆਖੇ,
ਗੁਰਮਤਿ ਗਿਆਨ ਦੀ ਪੱਟੀ ਕਿਓਂ ਮੇਸ ਕਰਦਾ॥ 13॥
ਗੁਰੂ ਗ੍ਰੰਥ ਅਨਕੂਲ ਜੋ ਨਹੀਂ ਰਚਨਾ,
ਕਿੱਦਾਂ ਸਿੱਖਾਂ ਨੇ ਕੀਤਾ ਵਿਸ਼ਵਾਸ਼ ਉਸਤੇ।
ਲੱਗੀ ਨਾਨਕ ਦੀ ਮੋਹਰ ਨਾ ਜਿਸ ਉੱਤੇ,
ਕਿੱਦਾਂ ਸਿੱਖਾਂ ਨੂੰ ਹੋਇਆ ਧਰਵਾਸ ਉਸਤੇ।
ਦਸਵੇਂ ਨਾਨਕ ਨੇ ਵੀ ਜਿਸ ਨੂੰ ਸਾਂਭਿਆ ਨਾ,
ਕਿਦਾਂ ਹੋ ਗਈ ਸਿੱਖਾਂ ਨੂੰ ਆਸ ਉਸਤੇ।
ਗੁਰੂ ਗ੍ਰੰਥ ਵਿੱਚ ਜਗ੍ਹਾ ਨਾ ਮਿਲੀ ਜਿਸਨੂੰ,
ਬਣੀ ਸਿੱਖਾਂ ਦੀ ਸ਼ਰਧਾ ਕਿਉਂ ਖ਼ਾਸ ਉਸਤੇ॥ 14॥
ਪਿਉ ਕੌਮ ਦਾ ਇੱਕ ਹੀ ਹੋਂਵਦਾ ਏ,
ਕਿਦਾਂ ਦੂਜੇ ਨੂੰ ਕੋਈ ਬਣਾ ਰਿਹਾ ਏ।
ਗੁਰੂ ਗ੍ਰੰਥ ਦੀ ਕਰਨ ਬਰਾਬਰੀ ਲਈ,
ਦਸਮ ਗ੍ਰੰਥ ਕਿਉਂ ਜਗ ਤੇ ਆ ਰਿਹਾ ਏ।
ਨਿਆਰੇਪਣ ਦੀ ਸਿਖਿਆ ਤੋਂ ਕਰ ਵਾਂਝਾ,
ਅੰਧ ਵਿਸ਼ਵਾਸ਼ਾਂ ਦੀ ਨ੍ਹੇਰੀ ਲਿਆ ਰਿਹਾ ਏ।
ਇਹ ਸਭ ਅਣਜਾਣੇ ਵਿੱਚ ਹੋਈ ਜਾਂਦਾ,
ਜਾਂ ਫਿਰ ਬੈਠਾ ਕੋਈ ਜੁਗਤਾਂ ਚਲਾ ਰਿਹਾ ਏ॥ 15॥
ਭਾਗ ਸਿੰਘ ਅੰਬਾਲਾ ਨੂੰ ਕਿਸੇ ਵੇਲੇ,
ਏਸੇ ਸਚੁ ਦਾ ਸੀ ਅਹਿਸਾਸ ਹੋਇਆ।
ਸੱਚ ਦੱਸਣ ਲਈ ਜਦੋਂ ਉਸ ਕਲਮ ਚੁੱਕੀ,
ਮਤਾ ਛੇਕਣ ਦਾ ਉਦੋਂ ਵੀ ਪਾਸ ਹੋਇਆ।
ਸੱਚੁ ਛੱਡ ਕੇ ਝੂਠ ਨਾਲ ਭੀੜ ਜੁੜਦੀ,
ਸੱਚੁ ਬੋਲਣ ਦਾ ਜਦ ਵੀ ਅਭਿਆਸ ਹੋਇਆ।
ਉਦੋਂ ਉਦੋਂ ਹੀ ਕੂੜ ਦੇ ਆਏ ਬੱਦਲ,
ਜਦੋਂ ਜਦੋਂ ਵੀ ਗਿਆਨ ਪ੍ਰਕਾਸ਼ ਹੋਇਆ॥ 16॥
"ਗੁਰੂ ਬਿਲਾਸ ਛੇਵੀਂ ਪਾਤਸਾਹੀ "
ਜਥੇਦਾਰਾਂ ਜਦ ਕੌਮ ਸਿਰ ਮੜ੍ਹ ਦਿੱਤੀ ।
ਉਸ ਕਿਤਾਬ ਵਿੱਚ ਧਰਮ ਦੇ ਠੇਕੇਦਾਰਾਂ,
ਲਿਖ ਕੇ ਉਸਤਤੀ ਭੂਮਕਾ ਜੜ ਦਿੱਤੀ।
ਗੁਰਦੁਆਰਿਆਂ ਵਿੱਚ ਇਸ ਦੀ ਕਥਾ ਹੋਵੇ,
ਅੰਦਰ ਖਾਤੇ ਜਦ ਨੀਤੀ ਵੀ ਘੜ ਦਿੱਤੀ।
ਗੁਰਬਖਸ਼ ਸਿੰਘ ਨੇ ਗੁਰੂ ਕਸਵੱਟੀ ਉੱਤੇ,
ਚਾਲ ਬਿੱਪਰ ਦੀ ਸੰਗਤ ਵਿੱਚ ਪੜ੍ਹ ਦਿੱਤੀ॥ 17॥
ਗੁਰੂ ਨਿੰਦਿਆ ਨਾਲ ਜੋ ਭਰੀ ਪੁਸਤਕ,
ਵਿਹੜੇ ਸਿੱਖਾਂ ਦੇ ਕਿਸ ਤਰਾਂ ਆਈ ਸਿੱਖੋ।
ਸਿਧਾਂਤ ਅਸੂਲ ਫ਼ਿਲਾਸਫੀ ਗੁਰੂ ਵਾਲੀ,
ਨੇੜੇ ਤੇੜੇ ਵੀ ਇਹਦੇ ਨਾ ਪਾਈ ਸਿੱਖੋ।
ਗੁਰੂ ਨਾਨਕ ਦੀ ਨਿਰਮਲ ਵਿਚਾਰਧਾਰਾ,.
ਬਿੱਪ੍ਰਵਾਦ ਨੇ ਕਿੰਝ ਛੁਟਿਆਈ ਸਿਖੋ।
ਗੁਰੂ ਗ੍ਰੰਥ ਨੂੰ ਪੂਰਨ ਜੋ ਗੁਰੂ ਮੰਨਣ ,
ਉੱਚੀ ਪਾਉਂਦੇ ਨੇ ਹਾਲ ਦੁਹਾਈ ਸਿੱਖੋ॥ 18॥
ਜਿਨ੍ਹਾਂ ਚਿੰਤਕਾਂ ਦਸਮ ਗ੍ਰੰਥ ਦੇ ਨਾਲ,
ਇਸ ਕਿਤਾਬ ਦੀ ਵੀ ਹੈ ਵਿਚਾਰ ਕੀਤੀ। (ਗੁ: ਬਿ: ਪਾ: 6)
ਇੱਕੋ ਜਿਹੀ ਸ਼ਬਦਾਵਲੀ,ਖ਼ਿਆਲ ਇਕੋ,
ਨੀਤੀ ਇੱਕੋ ਹੀ ਜਾਪੀ ਅਖ਼ਤਿਆਰ ਕੀਤੀ।
ਇੱਕੋ ਸਮਾ ਤੇ ਇੱਕੋ ਲਿਖਾਰੀ ਜਾਪੇ,
ਇੱਕੋ ਤਰ੍ਹਾਂ ਹੈ ਖ਼ਲਕਤ ਖ਼ੁਆਰ ਕੀਤੀ।
ਗੁਰੂ ਗ੍ਰੰਥ ਦਾ ਦੁਸ਼ਮਣ ਬਸ ਉਹ ਇੱਕੋ,
ਨਾਨਕ ਨਾਲ ਜਿਸ ਮੁੱਢੋਂ ਤਕਰਾਰ ਕੀਤੀ॥ 19॥
ਗੁਰਬਖਸ਼ ਸਿੰਘ ਜਦ ਸੱਚ ਬਿਆਨ ਕੀਤਾ,
ਪੁਜਾਰੀਵਾਦ ਵਿੱਚ ਪੈ ਗਿਆ ਸ਼ੋਰ ਸਾਰੇ।
ਬੁੱਢੇ ਸ਼ੇਰ ਨੂੰ ਕਿਸ ਤਰ੍ਹਾਂ ਨੂੜੀਏ ਹੁਣ,
ਸਿਰ ਜੋੜਕੇ ਬੈਠਗੇ ਚੋਰ ਸਾਰੇ।
ਫ਼ਤਵੇ ਮੌਤ ਵਾਲੇ ਕੋਈ ਕਰੇ ਜਾਰੀ,
ਔਰੰਗਜ਼ੇਬੀ ਸੀ ਘਟਾ ਘਣਘੋਰ ਸਾਰੇ।
ਆਪਣੇ ਵਰਗਿਆਂ ਚੋਂ ਛੇਕ ਖ਼ੁਸ਼ ਹੇਗੇ,
ਡੇਰੇਦਾਰ , ਅਗਿਆਨੀ ਤੇ ਢੋਰ ਸਾਰੇ॥ 20॥
ਕਰਮ ਕਾਂਢੀਆਂ ਨੂੰ ਪਈਆਂ ਭਾਜੜਾਂ ਨੇ,
ਸਿੰਘ ਗੱਜਿਆ ਜਦੋਂ ਮੈਦਾਨ ਅੰਦਰ ।
ਇਕ ਗੱਲ ਸਮਝਾਉਣ ਲਈ ਘਟੋ- ਘੱਟ ਉਹ,
ਪੰਜਾਂ ਸ਼ਬਦਾਂ ਨੂੰ ਰੱਖਦਾ ਧਿਆਨ ਅੰਦਰ ।
ਗੁਰੂ ਗ੍ਰੰਥ ਤੋਂ ਬਾਹਰ ਨਹੀਂ ਜਾਂਵਦਾ ਏ,
ਤਾਹੀਓਂ ਰੜਕਿਆ ਸਾਰੇ ਜਹਾਨ ਅੰਦਰ।
ਮਤਿ ਗੁਰੂ ਦੀ ਵਲ ਨੂੰ ਪਿੱਠ ਕਰਕੇ,
ਬਣਕੇ ਬੈਠਗੇ ਪੰਜ ਭਗਵਾਨ ਅੰਦਰ॥ 21॥
ਕੇਹਾ ਰੌਲ਼ਾ ਅਜ ਪੰਥ ਵਿਚ ਪੈ ਗਿਆ ਏ,
ਛੱਡੀ ਸੱਚ ਦੀ ਨਾਂ ਪਹਿਚਾਣ ਇੱਥੇ ।
ਚੋਰ ਬਣ ਗਏ ਪੰਥ ਦੇ ਚੌਧਰੀ ਨੇ,
ਗੁੰਡੀ ਰੰਨ ਹੈ ਬਣੀ ਪ੍ਰਧਾਨ ਇਥੇ ।
ਪੰਥ ਲਈ ਜੋ ਘਾਲਣਾ ਘਾਲ ਮਰਦੇ,
ਸਾਡੀ ਕੌਮ ਨਾਂ ਦੇਵੇ ਸਨਮਾਨ ਇਥੇ ।
ਜਿਓਂਦੇ ਹੋਏ ਨੂੰ ਪੰਥ ਚੋਂ ਛੇਕ ਦਿੰਦੇ,
ਮਰਨ ਪਿਛੋਂ ਹੀ ਸਿੱਖੀ ਵਿਚ ਲਿਆਣ ਏਥੇ ॥22॥
ਬਾਹਮਣਗਿਰੀ ਨਹੀਂ ਚਲਣੀ ਪੰਥ ਅੰਦਰ,
ਗੁਰਬਖ਼ਸ਼ ਸਿੰਘ ਨੇ ਕਿਹਾ ਲਲਕਾਰ ਕੇ ਤੇ ।
ਸਾਬਤ ਕਰੋਂ ਜੇ ਗੁਰਮਤਿ ਵਰੁੱਧ ਲਿਖਤਾਂ,
ਗੁਰੂ ਗ੍ਰੰਥ ਚੋ ਸ਼ਬਦ ਨਿਹਾਰਕੇ ਤੇ ।
ਮਾਫੀ ਮੰਗ ਕਿਤਾਬਾਂ ਨੂੰ ਲਊਂ ਵਾਪਿਸ,
ਆਪਣੇ ਮੂੰਹ ਤੇ ਕਾਲਖ ਖਿਲਾਰ ਕੇ ਤੇ ।
ਜੇਕਰ ਹਾਰ ਗਏ, ਤੁਸੀਂ ਵੀ ਮੂੰਹ ਆਪਣੇ,
ਕਾਲੇ ਕਰਨ ਲਈ ਰੱਖਣੇ ਸੁਆਰ ਕੇ ਤੇ ॥23॥
ਬੁੱਢੇ ਸ਼ੇਰ ਨੇ ਚੈਲੇਂਜ਼ ਸੀ ਜਦੋਂ ਕੀਤਾ,
ਪਿਸੂ ਪੈ ਗਏ ਸਾਰੇ ਪੁਜਾਰੀਆਂ ਵਿੱਚ ।
ਕਹਿੰਦੇ ਕੰਮ ਤਾਂ ਸਾਡਾ ਵਪਾਰ ਕੇਵਲ,
ਨਾਮ ਬੇਚਣਾਂ ਸੰਗਤਾਂ ਸਾਰੀਆਂ ਵਿੱਚ ।
ਛੇਕੇ ਹੋਏ ਦੀ ਗੱਲ ਨਾਂ ਅਸੀਂ ਸੁਣਦੇ,
ਕਿਉਂਕਿ ਰਹਿਣਾ ਏ ਅਸੀਂ ਸੰਸਾਰੀਆਂ ਵਿੱਚ।
ਸਾਡੇ ਹੁੰਦੇ ਜੇ ਸੱਚ ਦੀ ਗੱਲ ਹੋਜੇ,
ਛੇਕ ਦਿਆਂਗੇ ਬੈਠੇ ਹਾਂ ਤਿਆਰੀਆਂ ਵਿੱਚ ॥24॥
ਪਰਖ ਹੀਰੇ ਦੀ ਜਿਸ ਤਹਾਂ ਕਰੇ ਜੌਹਰੀ,
ਸਪੋਕਸ ਮੈਨ ਵਾਲੇ ਜੋਗਿੰਦਰ ਸਿੰਘ ਕੀਤੀ।
ਸਾਥ ਸਚੁ ਦਾ ਦੇਕੇ ਪਹੁੰਚਾਇਆ ਘਰ ਘਰ,
ਸੇਵਾ ਕੌਮ ਦੀ ਉਸ ਨੇ ਇੰਝ ਕੀਤੀ।
ਧਰਮ ਨੀਤਕਾਂ ਤੇ ਰਾਜਨੀਤਕਾਂ ਨੇ,
ਇਕੱਠੇ ਹੋ ਕੇ ਉਹੀ ਫਿਰ ਛਿੰਝ ਕੀਤੀ।
ਕਾਰਵਾਈ ਪੁਜਾਰੀਆਂ ਫੇਰ ਓਹੀ,
ਹਰ ਵਾਰ ਵਾਂਗੂ ਪਾ ਕੇ ਵਿੰਗ ਕੀਤੀ॥ 25॥
ਨਾਨਕ ਨਾਲ ਹੋਇਆ ਉਸਨੂੰ ਇਸ਼ਕ ਐਸਾ,
ਸਚੁ ਲਿਖਦਿਆਂ ਬੀਤ ਗਏ ਸਾਲ ਉਸਦੇ।
ਜਿਸ ਰਸਤੇ ਇਕੱਲਾ ਉਹ ਚਲਿਆ ਸੀ,
ਕਲਮਾ ਸੈਂਕੜੇ ਤੁਰ ਪਈਆਂ ਨਾਲ ਉਸਦੇ।
ਮੁੱਢ ਬਨਤਾ ਨੈਤਿਕ ਇੰਕਲਾਬ ਵਾਲਾ,
ਤਰਕ ਬਣ ਗਏ ਸਿੱਖਾਂ ਲਈ ਢਾਲ ਉਸਦੇ।
ਦਰੇ ਖੈਬਰ ਵਿੱਚ ਕਿਲ੍ਹਾ ਉਸਾਰ ਦਿੱਤਾ,
ਉਸ ਰਸਤਿਉਂ ਦੁਸ਼ਮਣ ਬੇ- ਹਾਲ ਉਸਦੇ॥ 26॥
ਗੁਰੂ ਲਈ ਜੋ ਸੇਵਾ ਗੁਰਬਖ਼ਸ਼ ਸਿੰਘ ਤੋਂ,
ਏਸੇ ਸੇਵਾ ਨੇ ਪਰ-ਉਪਕਾਰ ਬਣਨਾ।
ਬੇੜੀ ਫਸੀ ਮੰਝਧਾਰ ਚੋਂ ਕਢਣੇ ਲਈ,
ਨਵੇਂ ਜੁੱਗ ਲਈ ਇੱਕ ਲਲਕਾਰ ਬਣਨਾ।
ਆਉਣ ਵਾਲੀਆਂ ਨਸਲਾਂ ਲਈ ਇਨ੍ਹਾਂ ਲਿਖਤਾਂ,
ਖੋਜ ਕਰਨ ਲਈ ਚਾਨਣ ਮੁਨਾਰ ਬਣਨਾ।
ਗੱਲ ਸੱਚ ਦੀ ਤੁਰੀ ਜਦ ਸਭ ਪਾਸੇ,
ਬੇਗਮਪੁਰਾ ਫਿਰ ਸਾਰਾ ਸੰਸਾਰ ਬਣਨਾ॥ 27॥

Monday, July 12, 2010

ਸੰਭਾਵੀ-ਸੇਲ

ਸੰਭਾਵੀ-ਸੇਲ
ਸੇਲ ਮੁੱਕ ਗਈ ਗਾਹਕ ਨਾ ਆਇਆ ਕੋਈ,
ਮਜ਼ਹਬੀ ਜੁੰਡਲੀ ਘੋਰ ਪਰੇਸ਼ਾਨ ਹੋਵੇ।
ਕੀ ਜਵਾਬ ਹੁਣ ਦਿਆਂਗੇ ਆਕਾ ਜੀ ਨੂੰ,
ਗੱਠ-ਜੋੜ ਦਾ ਕਾਹਤੋਂ ਅਪਮਾਨ ਹੋਵੇ।
ਸਿਆਣੇ ਆਖਦੇ ਵਿਕੇ ਨਾ ਜੇ ਸੌਦਾ,
ਲਾਲਚ ਗਾਹਕਾਂ ਨੂੰ ਹੋਰ ਵਧਾਈਦਾ ਏ;
‘ਸ਼ਿਕਾਗੋ-ਮੋਟਲ’ ਦੋ ਰਾਤਾਂ ਗੁਜਾਰਨੇ ਦਾ,
ਮੁਫ਼ਤ ਟਿਕਟਾਂ ਦੇ ਨਾਲ ਐਲਾਨ ਹੋਵੇ।।

Wednesday, July 7, 2010

ਮਜ਼ਹਬੀ ਖੁਸ਼ੀ

ਮਜ਼ਹਬੀ ਖੁਸ਼ੀ

ਜਦ ਆੜ ਧਰਮ ਦੀ ਲੈ ਕਿਧਰੇ, ਅਸੀਂ ਮਜ਼ਹਬੀ ਖੁਸ਼ੀ ਮਨਾਂਦੇ ਹਾਂ।
ਅਸੀਂ ਓਹੀ ਰਸਮਾਂ ਰੀਤਾਂ ਤੇ, ਓਹੀਓ ਹੀ ਗੱਲਾਂ ਚਾਂਹਦੇ ਹਾਂ।
ਸਾਡੀ ਪੁਜਾ, ਸੇਵਾ, ਨਤਮਸਤਕ, ਤੇ ਕਰਮ ਕਾਂਢ ਵੀ ਓਹੀ ਨੇ;
ਜਗ ਮਾਇਆ ਵਾਲਾ ਰੂਪ ਓਹੀ, ਅਸੀਂ ਮੁੜ-ਮੁੜ ਜੋ ਸਮਝਾਂਦੇ ਹਾਂ।
ਇਸ ਮਿੱਟੀ ਅੰਦਰ ਜੀਵ ਕਿਵੇਂ, ਅੱਗੇ ਨੂੰ ਵਧਦਾ ਜਾਂਦਾ ਏ।
ਕਿੰਝ ਪੱਥਰ ਵਿੱਚੋਂ ਤੁਰਦਾ ਇਹ, ਬਣ ਚੇਤਨਤਾ ਦਿਖਲਾਂਦਾ ਏ।
ਹੋ ਚੇਤਨ ਚਿੰਤਨ ਕਰਦਾ ਇਹ, ਜਦ ਮੂਲ ਜਾਨਣਾ ਚਾਂਹਦਾ ਏ।
ਫਿਰ ਰੱਬ ਦੀ ਕੁਦਰਤ ਦਾ ਖੋਜੀ, ਇਹ ਭਗਤ ਸੱਚਾ ਅਖਵਾਂਦਾ ਏ।
ਜਦ ਰੱਬ ਭਗਤ ਤੇ ਕੁਦਰਤ ਦੀ, ਕੋਈ ਗੱਲ ਜਗਤ ਤੇ ਚਲਦੀ ਹੈ।
ਫਿਰ ਆਂਪਣੀ ਐਨਕ ਥਾਣੀਂ ਹੀ, ਅਸੀਂ ਸਭ ਨੂੰ ਇਹ ਦਿਖਲਾਂਦੇ ਹਾਂ।
ਸਾਡੀ ਪੁਜਾ, ਸੇਵਾ, ਨਤਮਸਤਕ, ਤੇ ਕਰਮ ਕਾਂਢ ਵੀ ਓਹੀ ਨੇ;
ਜਗ ਮਾਇਆ ਵਾਲਾ ਰੂਪ ਓਹੀ, ਅਸੀਂ ਮੁੜ-ਮੁੜ ਜੋ ਸਮਝਾਂਦੇ ਹਾਂ।
ਕਿਸੇ ਸੰਗਤ ਕੋਲੋਂ ਸੁਣ ਸਿੱਖਿਆ, ਇੱਕ ਵਿਹਲੜ ਤੁਰ ਪਰਦੇਸ ਗਿਆ।
ਓਥੇ ਘਾਲ-ਕਮਾਈਆਂ ਕਰਦੇ ਦਾ, ਉਹਦਾ ਟੁੱਟ ਦਲਿੱਦਰ-ਵੇਸ ਗਿਆ।
ਫਿਰ ਸੱਚ ਨਾਮ ਸੁਕਿਰਤ ਜਿਹਾ, ਗੁਣ ਅੰਦਰ ਕਰ ਪਰਵੇਸ ਗਿਆ।
ਇੰਝ ਹਰ ਖੇਤਰ ਵਿੱਚ ਹੋ ਜੇਤੂ, ਜਦ ਗੇੜਾ ਮਾਰਨ ਦੇਸ ਗਿਆ।
ਉਸ ਡਿੱਠਾ ਓਸੇ ਸੰਗਤ ਵਿੱਚ, ਅਜੇ ਓਹੀਓ ਕਥਾ-ਕਹਾਣੀ ਹੈ।
ਲੋਕੀਂ ਸਿੱਖਿਆ ਸੁਣ, ਮੁੜ ਆ ਬਹਿੰਦੇ, ਅਸੀਂ ਪੜ੍ਹ-ਸੁਣ ਕੇ ਦੁਹਰਾਂਦੇ ਹਾਂ।
ਸਾਡੀ ਪੁਜਾ, ਸੇਵਾ, ਨਤਮਸਤਕ, ਤੇ ਕਰਮ ਕਾਂਢ ਵੀ ਓਹੀ ਨੇ;
ਜਗ ਮਾਇਆ ਵਾਲਾ ਰੂਪ ਓਹੀ, ਅਸੀਂ ਮੁੜ-ਮੁੜ ਜੋ ਸਮਝਾਂਦੇ ਹਾਂ।
“ਜਦ ਕਿਤੇ ਸ਼ਿਕਾਰੀ ਆਵੇ ਜੀ, ਪਾ ਜਾਲ਼ ਉਹ ਫੜਨਾ ਚਾਹਵੇ ਜੀ।
ਤੁਸੀਂ ਓਥੋਂ ਚੋਗਾ ਨਹੀਂ ਚੁਗਣਾ”, ਇੱਕ ਤੋਤਾ ਗੱਲ ਸਮਝਾਵੇ ਜੀ।
ਜੋ ਸੱਖਣਾ ਗਿਆਨ ਅਮਲ ਕੋਲੋਂ, ਉਹ ਆਪਣਾ ਗੀਤ ਬਣਾਵੇ ਜੀ।
ਨਾਲੇ ਗਾਉਂਦਾ ਚੋਗਾ ਚੁਗਦਾ ਹੀ, ਹਰ ਤੋਤਾ ਫਸਦਾ ਜਾਵੇ ਜੀ।
ਹੁੰਦੀ ਸ਼ਬਦਾਂ ਦੇ ਵਿੱਚ ਜੋ ਸਿਖਿਆ, ਕਦੇ ਧਿਆਨ ਉਹਦੇ ਵੱਲ ਨਹੀ ਜਾਂਦਾ
ਹਰ ਸਿੱਖਿਆ ਕੰਨ-ਰਸ ਬਣ ਜਾਂਦੀ, ਜਦ ਕੰਨਾਂ ਅੰਦਰ ਪਾਂਦੇ ਹਾਂ।
ਸਾਡੀ ਪੁਜਾ, ਸੇਵਾ, ਨਤਮਸਤਕ, ਤੇ ਕਰਮ ਕਾਂਢ ਵੀ ਓਹੀ ਨੇ;
ਜਗ ਮਾਇਆ ਵਾਲਾ ਰੂਪ ਓਹੀ, ਅਸੀਂ ਮੁੜ-ਮੁੜ ਜੋ ਸਮਝਾਂਦੇ ਹਾਂ।
ਆਓ ਗੁਰ-ਸਿੱਖਿਆ ਨੂੰ ਸਮਝ ਜਰਾ, ਹੁਣ ਜੀਵਨ ਅੰਦਰ ਧਾਰ ਲਈਏ।
ਅਸੀਂ ਏਕ ਪਿਤਾ ਦੇ ਬਾਰਕ ਹਾਂ, ਗੱਲ ਸਿੱਧੀ ਜਿਹੀ ਵਿਚਾਰ ਲਈਏ।
ਸਾਰੀ ਦੁਨੀਆਂ ਇੱਕੋ ਟੱਬਰ ਹੈ, ਹਰ ਭੈਣ-ਭਾਈ ਦੀ ਸਾਰ ਲਈਏ।
ਕਰ ਸੇਵਾ ਸਰਬ-ਮਨੁਖਤਾ ਦੀ, ਉਸ ਬਾਪੂ ਵਾਲਾ ਪਿਆਰ ਲਈਏ।
ਜੇ ਨਦਰਿ ਸਵੱਲੀ ਹੋ ਜਾਵੇ, ਤਾਂ ਪੱਤਿਆਂ ਵਿੱਚ ਵੀ ਦਿਸ ਪੈਂਦਾ
ਫਿਰ ਕੀਟ-ਪਤੰਗੀਂ, ਪਸੂਆਂ ਕੀ, ਰੁੱਖੀਂ ਅਪਣੱਤ ਦਿਖਾਂਦੇ ਹਾਂ।
ਸਾਡੀ ਪੁਜਾ, ਸੇਵਾ, ਨਤਮਸਤਕ, ਤੇ ਕਰਮ ਕਾਂਢ ਵੀ ਓਹੀ ਨੇ;
ਜਗ ਮਾਇਆ ਵਾਲਾ ਰੂਪ ਓਹੀ, ਅਸੀਂ ਮੁੜ-ਮੁੜ ਜੋ ਸਮਝਾਂਦੇ ਹਾਂ।


Saturday, July 3, 2010

ਚਿੰਤਕਾਂ ਦੀ ਚਿੰਤਾ



ਚਿੰਤਕਾਂ ਦੀ ਚਿੰਤਾ


ਮਰਜ਼ ਦੀ ਸਮਝ ਆ ਚੁੱਕੀ ਹੈ, ਇਲਾਜ ਕਰਨਾ ਬਾਕੀ ਹੈ, ਇਲਾਜ ਕਦੋਂ, ਕਿਵੇਂ ਤੇ ਕਿਥੋਂ ਸ਼ੁਰੂ ਕਰਨਾ ਹੈ ਵਿਚਾਰ ਜਾਰੀ ਹੈ। ਜੇਕਰ ਕਿਸੇ ਸਰੀਰ ਤੇ ਕੈਂਸਰ, ਜੜਾਂ ਵਾਲਾ ਫੋੜਾ, ਗਿਲਟੀ ਜਾਂ ਉਸ ਸਰੀਰ ਦੇ ਪ੍ਰਤੀਕੂਲ ਸੁਭਾਅ ਵਾਲਾ ਬੇਲੋੜਾ ਮਾਸ ਵੱਧ ਜਾਵੇ ਤਾਂ ਦੁਨੀਆਂ ਭਰ ਦੇ ਡਾਕਟਰ ਸਰੀਰ ਨੂੰ ਬਚਾਉਣ ਲਈ ਤਰੁੰਤ ਉਸ ਕੈਂਸਰ ਨੂੰ ਸਰੀਰ ਵਿਚੋਂ ਕੱਢ ਦੇਂਦੇ ਹਨ ਤਾਂ ਕਿ ਬਾਕੀ ਦਾ ਸਰੀਰ ਰਿਸ਼ਟ-ਪੁਸ਼ਟ ਰਹਿ ਸਕੇ।

ਧੀਏ ਗੱਲ ਸੁਣ, ਨੂਹੇਂ ਕੰਨ ਕਰ

ਧੀਏ ਗੱਲ ਸੁਣ, ਨੂਹੇਂ ਕੰਨ ਕਰ

ਪੰਜਾਬੀ ਸਭਿਆਚਾਰ ਦੇ ਇਸ ਅਖਾਣ ਅਨੁਸਾਰ ਅਕਸਰ ਸਿਆਣੀਆਂ ਮਾਂਵਾਂ ਆਪਣੀਆਂ ਨੂਹਾਂ ਨੂੰ ਕੋਈ ਗੱਲ ਸਮਝਾਉਣ ਲਈ, ਬਿਨਾਂ ਨੂੰਹ ਨੂੰ ਚੁਭਾਏ, ਸਮਝਦਾਰੀ ਨਾਲ, ਆਪਣੀ ਨੂੰਹ-ਧੀ ਨੂੰ ਅਸਿੱਧੇ ਰੂਪ ਵਿੱਚ ਕਹਿ, ਸਮੱਸਿਆ ਹੱਲ ਕਰ ਲੈਂਦੀਆਂ ਹਨ। ਪਰ ਅਫਸੋਸ ਕਿ ਸਾਡੇ ਅਧੁਨਿਕ ਲਿਖਾਰੀ ਵੀਰ ਅਜਿਹੇ ਮੌਕੇ ਇੱਕ ਦੂਜੇ ਨੂੰ ਇਸ਼ਾਰੇ ਦੀ ਜਗਾਹ ਸਿੱਧਾ ਹੀ ਨਾਮ ਲਿਖਕੇ ਅਕਸਰ ਸਮੱਸਿਆ ਵਧਾ ਲੈਂਦੇ ਹਨ।

ਮਹੱਤਵ ਘਟਨਾਵਾਂ ਦਾ ਹੁੰਦਾ ਹੈ ਦਿਨਾਂ ਦਾ ਨਹੀਂ

ਮਹੱਤਵ ਘਟਨਾਵਾਂ ਦਾ ਹੁੰਦਾ ਹੈ ਦਿਨਾਂ ਦਾ ਨਹੀਂ

ਕੌਮੀ ਜਹਾਜ ਦੇ ਅਖਾਉਤੀ ਮਲਾਹਾਂ ਨੇ ਅੱਜ ਜਿਸ ਮੰਝਦਾਰ ਵਿੱਚ ਸਭ ਨੂੰ ਫਸਾਇਆ ਹੈ, ਉਥੋਂ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਦੇ ਬਖਸ਼ੇ ਗਿਆਨ ਦੇ ਚੱਪੂ ਹੀ ਪਾਰ ਕਰਾ ਸਕਣ ਦੀ ਸਮਰੱਥਾ ਰੱਖਦੇ ਹਨ। ਭਾਵੇਂ ਅਸੀਂ ਅਕਸਰ ਇਹ ਆਖਦੇ ਹਾਂ ਕਿ ਫਲਾਣਾ ਦਿਨ ਬਹੁਤ ਚੰਗਾ ਹੈ, ਕਿਓ

ਵਿਸ਼ਵ ਸਿੱਖ ਸੰਮੇਲਨ-ਧਾਰਮਿਕ ਇੰਕਲਾਬ ਦਾ ਆਗਾਜ਼

ਧਾਰਮਿਕ ਇੰਕਲਾਬ ਦਾ ਆਗਾਜ਼
ਕੁਦਰਤ ਦਾ ਨਿਯਮ ਹੈ ਕਿ, ਜਿੰਨੀ ਕੋਈ ਚੀਜ ਸ਼ੁੱਧ ਹੋਵੇਗੀ ਉਨਾ ਹੀ ਉਸਨੂੰ ਸੰਭਾਲ ਕੇ ਰੱਖਣਾਂ ਜਿਆਦਾ ਔਖਾ ਹੋਵੇਗਾ। ਸਾਡਾ ਥੋੜਾ ਜਿਹਾ ਅਵੇਸਲਾਪਣ ਉਸ ਚੀਜ ਦੀ ਵਿਗੜਨ ਦੀ ਸੰਭਾਵਨਾ ਨੂੰ ਵਧਾ ਦੇਵੇਗਾ। ਸ਼ਾਇਦ ਏਸੇ ਕਾਰਣ ਸੁਆਣੀਆਂ ਘਰ ਵਿੱਚ ਪਏ ਹੋਰ ਪਦਾਰਥਾਂ ਨਾਲੋਂ ਦੁੱਧ ਦਾ ਜਿਆਦਾ ਧਿਆਨ ਰੱਖਦੀਆਂ ਹਨ। ਇਸੇ ਤਰਾਂ ਜਿੰਨੀ ਉੱਚੀ ਸੁੱਚੀ ਤੇ ਚੰਗੀ ਵਿਚਾਰਧਾਰਾ ਹੋਵੇਗੀ ਉਨਾਂ ਹੀ ਉਸ ਵਿੱਚ ਕਾਂਜੀ ਪੈਣ ਦੀ ਸੰਭਾਵਨਾਂ ਵੱਧ ਹੋਵੇਗੀ। ਪਰ ਬਲਿਹਾਰੇ ਜਾਈਏ ਪੰਜਵੇਂ ਨਾਨਕ ਗੁਰੂ ਅਰਜਨ ਦੇਵ ਜੀ ਦੀ ਦੂਰਦ੍ਰਿਸ਼ਟਤਾ ਦੇ, ਜਿਨਾ ਸਮੁੱਚੀ ਮਨੁੱਖਤਾ ਲਈ ਨਾਨਕ -ਸੋਚ ਅਨੁਸਾਰ ਬਣਾਏ ਜਾ ਰਹੇ ਮਾਡਲ ਮਨੁੱਖ ਦੇ ਵਿਚਾਰਧਾਰਕ ਖਾਕੇ ਨੂੰ ਇਸ ਤਰਾਂ ਤਿਆਰ ਕੀਤਾ ਕਿ ਲੱਖ ਕੋਸ਼ਿਸ਼ਾਂ ਬਾਅਦ ਵੀ ਕੋਈ ਰਲ਼ਾ ਨਾਂ ਪਾ ਸਕੇ। ਸ਼ਬਦਾਂ ਨੂੰ ਇੱਕ ਖਾਸ ਤਰਤੀਬ ਦਿੰਦਿਆਂ, ਇੱਥੋਂ ਤੱਕ ਕਿ ਭਗਤਾਂ- ਭੱਟਾਂ ਆਦਿ ਦੇ ਸਲੋਕਾਂ ਦੇ ਪਿੱਛੇ ਜਿੱਥੇ ਕਿਤੇ ਪੜਨ ਵਾਲੇ ਲਈ ਵਿਚਾਰਧਾਰਕ ਟਪਲੇ ਦੀ ਗੁੰਜਾਇਸ਼ ਬਣਨ ਦੀ ਸੰਭਾਵਨਾ ਬਣਦੀ ਲੱਗੀ, ਉਹੀ ਭਾਵ ਪ੍ਰਗਟਾਉਂਦਾ, ਆਪਣਾਂ ਸ਼ਬਦ ਦਰਜ ਕਰ ਦਿੱਤਾ।

ਸਿੱਖ ਅਤੇ ਸਿਧਾਂਤਿਕ ਏਕਤਾ

ਸਿੱਖ ਅਤੇ ਸਿਧਾਂਤਿਕ ਏਕਤਾ

ਸਿੱਖ ਦੀ ਪ੍ਰੀਭਾਸ਼ਾ ਬਹੁਤ ਆਸਾਨ ਹੈ। ਜਿਸ ਇਨਸਾਨ ਦਾ ਜੀਵਨ ਅਤੇ ਕਾਰ ਵਿਹਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਹੈ ਉਹ ਸਿੱਖ ਹੈ। ਸਿੱਖ ਦੀਆਂ ਕਿਸਮਾਂ ਨਹੀਂ ਹੁੰਦੀਆ। ਸਿੱਖ ਦੀ ਅਧਿਆਤਮਿਕ ਅਵਸਥਾ ਵਿੱਚ ਫਰਕ ਹੋ ਸਕਦਾ ਹੈ। ਸਿੱਖੀ ਕੋਈ ਵਿਰਸੇ ਚੋਂ ਮਿਲੀ ਹੋਈ ਦਾਤਿ ਨਹੀਂ ਹੁੰਦੀ ਇਹ ਤਾਂ ਇੱਕ ਅਭਿਆਸ ਹੈ। ਕੋਈ ਵੀ, ਸਿੱਖੀ ਰਹੁ-ਰੀਤਾਂ ਅਪਣਾ ਕੇ ਇਸ ਵਿੱਚ ਸ਼ਾਮਿਲ ਹੋ ਸਕਦਾ ਹੈ। ਸਿੱਖ ਦੇ ਘਰ ਜਨਮ ਲੇਣ ਵਾਲੇ ਬੱਚੇ ਨੂੰ ਇਹ ਸੁਭਾਗ ਮਿਲ ਜਾਂਦਾ ਹੈ ਕਿ ਉਸ ਨੇ ਸਿੱਖ ਕਲਚਰ ਵਿੱਚ ਜਨਮ ਲਿਆ ਹੈ। ਉਸਨੂੰ ਸਿੱਖ ਰਹੁ-ਰੀਤਾਂ ਸਮਝਣੀਆ ਤੇ ਅਪਣਾਉਣੀਆਂ ਅਸਾਨ ਹੋ ਜਾਂਦੀਆਂ ਹਨ। ਪਰ ਸਿੱਖ ਤਾਂ ਅਜੇ ਉਸ ਬਣਨਾਂ ਹੁੰਦਾ ਹੈ।

ਅਧੁਨਿਕ ਮੀਡੀਆ, ਪੱਤਰਕਾਰਤਾ ਅਤੇ ਲਿਖਾਰੀ

ਅਧੁਨਿਕ ਮੀਡੀਆ, ਪੱਤਰਕਾਰਤਾ ਅਤੇ ਲਿਖਾਰੀ

ਅੱਜ ਦੇ ਯੁੱਗ ਵਿੱਚ ਮੀਡੀਆ ਲੋਕਤੰਤਰ ਦਾ ਥੰਮ ਮੰਨਿਆਂ ਜਾਂਦਾ ਹੈ। ਮਜਬੂਤ ਤੇ ਨਿਰਪੱਖ ਮੀਡੀਆ ਇਨਸਾਨੀਅਤ ਵਿਰੋਧੀ ਕੁਰੀਤੀਆਂ ਤੋਂ ਸਮਾਜ ਨੂੰ ਜਾਣੂ ਕਰਵਾ ਕੇਵਲ ਸਮਾਜ ਦਾ ਸ਼ੀਸ਼ਾ ਹੀ ਨਹੀਂ ਬਣਦਾ ਸਗੋਂ ਉਹਨਾਂ ਸਮੱਸਿਆਂਵਾਂ ਨੂੰ ਕਈ ਦ੍ਰਿਸ਼ਟੀਕੋਣਾ ਤੋਂ ਵਿਚਾਰ ਅਤੇ ਉਹਨਾਂ ਦੇ ਹੱਲ ਸੁਝਾਅ ਸਮਾਜ ਨੂੰ ਰਿਸ਼ਟ ਪੁਸ਼ਟ ਅਤੇ ਸਾਫ ਸੁਥਰਾ ਰੱਖਣ ਵਿੱਚ ਮਦਦ ਵੀ ਕਰਦਾ ਹੈ।

ਜਾਗਣੇ ਦਾ ਵੇਲਾ

ਜਾਗਣੇ ਦਾ ਵੇਲਾ
ਜਾਗੋ, ਜਾਗਣੇ ਦਾ ਵੇਲਾ ਏ
ਖੁਮਾਰੀਆਂ ਦਾ ਨਹੀਂ
ਸਮਾਂ ਜੂਝਣੇ ਦਾ ਆਇਆ ਏ
ਤਿਆਰੀਆਂ ਦਾ ਨਹੀਂ
ਬਾਬੇ ਨਾਨਕ ਨੇ ਝੰਡਾ
ਇੰਕਲਾਬ ਦਾ ਝੁਲਾਇਆ
ਛੱਡ ਰਸਮੀ ਪੂਜਾ ਨੂੰ
ਸੱਚ ਪੂਜਣਾਂ ਸਿਖਾਇਆ
ਜਾਵੋ, ਖੰਡੀ ਬ੍ਰਹਿਮੰਡੀ
ਰਹਿਣੀ ਓਸੇ ਦੀ ਹੀ ਝੰਡੀ
ਜਿਹਦਾ ਬਿਆਨ ਹੋਣਾ
ਵਸ ਤਾਂ ਲਿਖਾਰੀਂਆਂ ਦਾ ਨਹੀਂ
ਜਾਗੋ, ਜਾਗਣੇ ਦਾ ਵੇਲਾ ਏ
ਖੁਮਾਰੀਆਂ ਦਾ ਨਹੀਂ
ਜਿਹਨਾਂ ਲੋਕਾਂ ਨੂੰ ਮਲਾਹ ਸੀ
ਅਸੀਂ ਕੌਮ ਦੇ ਬਣਾਇਆ
ਓਹਨਾਂ ਭਰਕੇ ਜਹਾਜ
ਮੰਝਧਾਰ ਚ ਫਸਾਇਆ
ਭਾਂਵੇਂ ਧਰਮ ਭਾਵੇ ਨੀਤੀ
ਝੂਠੀ ਲੋਕਾਂ ਲਈ ਪਰੀਤੀ
ਰਾਜ ਚਾਹੀਦਾ ਅਜਿਹੇ
ਨੀਤੀਕਾਰੀਆਂ ਦਾ ਨਹੀਂ
ਜਾਗੋ, ਜਾਗਣੇ ਦਾ ਵੇਲਾ ਏ
ਖੁਮਾਰੀਆਂ ਦਾ ਨਹੀਂ
ਲੋੜਵੰਦਾਂ ਮਜਲੂਮਾਂ ਲਈ ਸੀ
ਮਿਲੀ ਕਿਰਪਾਨ
ਇਹਦੀ ਵਰਤੋਂ ਦੀ ਅੱਜ ਅਸੀਂ
ਭੁਲਗੇ ਪਛਾਣ
ਰੋਂਦੀ ਫਿਰਦੀ ਲੋਕਾਈ
ਅਸੀਂ ਚਿੰਨ ਹੀ ਬਣਾਈ
ਚੇਤਾ ਹੱਕ ਸੱਚ ਪਿਛੇ
ਤੇਗਾਂ ਮਾਰੀਆਂ ਦਾ ਨਹੀਂ
ਜਾਗੋ, ਜਾਗਣੇ ਦਾ ਵੇਲਾ ਏ
ਖੁਮਾਰੀਆਂ ਦਾ ਨਹੀਂ
ਜਿਨਾਂ ਘਾਲ ਨਹੀਂ ਖਾਧਾ
ਕਿੰਝ ਹਥੋਂ ਦੇਣਗੇ
ਕਿੱਦਾਂ ਨਾਨਕ ਦਾ ਰਾਹ
ੳਹ ਪਛਾਣ ਲੈਣਗੇ
ਨਾਮ ਕਿਰਤੀ ਹੀ ਜਪੂ
ਵੰਡ ਕਿਰਤੀ ਹੀ ਛਕੂ
ਇਹ ਸੌਦਾ ਕੋਈ ਧਰਮ ਦੇ
ਵਪਾਰੀਆਂ ਦਾ ਨਹੀਂ
ਜਾਗੋ, ਜਾਗਣੇ ਦਾ ਵੇਲਾ ਏ
ਖੁਮਾਰੀਆਂ ਦਾ ਨਹੀਂ
ਜਦੋਂ ਸੱਚ ਨਾਲ ਖੜਨੇ ਦੀ
ਕੀਤੀ ਤੂੰ ਤਿਆਰੀ
ਤੈਨੂੰ ਛੇਕਣੇ ਦੇ ਹੋਣੇ ਫਿਰ
ਫਤਵੇ ਵੀ ਜਾਰੀ
ਗੁਰਬਾਣੀ ਨਾਲ ਜੁੜੀਂ
ਨਾ ਤੂੰ ਭੀੜ ਦੇਖ ਮੁੜੀਂ
ਬਾਬੇ ਨਾਨਕ ਦਾ ਸਿੱਖ
ਤੂੰ ਪੂਜਾਰੀਆਂ ਦਾ ਨਹੀਂ
ਜਾਗੋ, ਜਾਗਣੇ ਦਾ ਵੇਲਾ ਏ
ਖੁਮਾਰੀਆਂ ਦਾ ਨਹੀਂ
ਸਮਾਂ ਜੂਝਣੇ ਦਾ ਆਇਆ ਏ
ਤਿਆਰੀਆਂ ਦਾ ਨਹੀਂ

ਜਾਗੋ

ਜਾਗੋ
ਜਾਗ ਸਿੰਘਾ ਜਾਗ ਬਈ
ਹੁਣ ਜਾਗੋ ਆਈਆ
ਜਾਗਣ ਤੇਰੇ ਭਾਗ ਬਈ
ਹੁਣ ਜਾਗੋ ਆਈਆ।
ਤੂੰ ਸੁਤਾਂ ਏਂ ਲੰਬੀਆਂ ਤਾਂਣੀ
ਚੋਰਾਂ ਦੀ ਤੈਨੂੰ ਚੰਬੜੀ ਢਾਣੀ
ਰਾਜ ਧਰਮ ਦਿਆਂ ਠੇਕੇਦਾਰਾਂ
ਪਾ ਲਈ ਏ ਗਲਵਕੜੀ ਜਾਣੀ
ਇਕ ਦੂਜੇ ਦੇ ਪੂਰਕ ਬਣਕੇ
ਲੁਟ ਕਰਨ ਦੀ ਨੀਤੀ ਠਾਣੀ
ਡੇਰੇਦਾਰਾਂ ਸਾਧਾਂ ਸੰਤਾ
ਚੰਗੀ ਧੁੰਮ ਮਚਾਈਆ
ਬਈ ਹੁਣ ਜਾਗੋ ਆਈਆ।
ਜਾਗ ਸਿੰਘਾ ਜਾਗ ਬਈ
ਹੁਣ ਜਾਗੋ ਆਈਆ
ਜਾਗਣ ਤੇਰੇ ਭਾਗ ਬਈ
ਹੁਣ ਜਾਗੋ ਆਈਆ।
ਨਰਕ ਸੁਰਗ ਦੀ ਕਲਪਤ ਬਾਰੀ
ਸਾਧਾਂ ਨੇ ਅਸਮਾਨੀ ਚ੍ਹਾੜੀ
ਸਿਧੇ ਸਾਦੇ ਲੋਕਾਂ ਦੇ ਇਸ
ਡਰ ਲਾਲਚ ਨੇ ਅਕਲ ਹੈ ਮਾਰੀ
ਧਰਮ ਕਰਮ ਸਭ ਬਿਜ਼ਨਸ ਬਣਿਆਂ
ਕੱਛਾਂ ਮਾਰੇ ਅੱਜ ਪੁਜਾਰੀ
ਸਭ ਦੁਨੀਆਂ ਦੇ ਧਰਮਸਥਾਨੀ
ਸੇਲ ਪਾਠਾਂ ਦੀ ਲਾਈਆ
ਬਈ ਹੁਣ ਜਾਗੋ ਆਈਆ
ਜਾਗ ਸਿੰਘਾ ਜਾਗ ਬਈ
ਹੁਣ ਜਾਗੋ ਆਈਆ
ਜਾਗਣ ਤੇਰੇ ਭਾਗ ਬਈ
ਹੁਣ ਜਾਗੋ ਆਈਆ।
ਤੋਤੇ ਵਾਂਗੂ ਸਿਖਿਆ ਰਟਦੇ
ਸਮਝ ਅਮਲ ਤੋਂ ਪਾਸਾ ਵਟਦੇ
ਗਿਣ ਮਿਣ ਕੇ ਇਹ ਰਬ ਧਿਆਂਉਦੇ
ਕਰਮ ਕਾਂਡ ਤੋਂ ਕਦੇ ਨਾਂ ਹਟਦੇ
ਮਜ਼ਹਬਾਂ ਵਾਲਾ ਰੌਲਾ ਪਾਕੇ
ਜਾਂਦੇ ਧਰਮ ਦੀ ਹੀ ਜੜ ਪਟਦੇ
ਵਹਿਮਾਂ ਭਰਮਾਂ ਅੰਧਵਿਸ਼ਵਾਸਾਂ
ਜਿੰਦਗੀ ਨਰਕ ਬਣਾਈਆ
ਬਈ ਹੁਣ ਜਾਗੋ ਆਈਆ
ਜਾਗ ਸਿੰਘਾ ਜਾਗ ਬਈ
ਹੁਣ ਜਾਗੋ ਆਈਆ
ਜਾਗਣ ਤੇਰੇ ਭਾਗ ਬਈ
ਹੁਣ ਜਾਗੋ ਆਈਆ।
ਉੱਠੋ ਸਿੰਘੋ ਲਾ ਜੈਕਾਰੇ
ਸਿਖੀ ਸਭਨੂੰ ਹਾਕਾਂ ਮਾਰੇ
ਬਾਣੀ ਗੁਰੂ, ਗੁਰੂ ਹੈ ਬਾਣੀਂ
ਵਿੱਚ ਬਾਣੀਂ ਦੇ ਅੰਮ੍ਰਿਤ ਸਾਰੇ
ਗੁਰਬਾਣੀ ਦੀ ਕਸਵਟੀ ਤੇ
ਸੁਧਰਨ ਲਈ ਇਤਿਹਾਸ ਪੁਕਾਰੇ
ਗਿਆਂਨ ਵਿਹੂਣੇ ਸ਼ਰਧਾਵਾਨਾਂ
ਬੜੀ ਮਿਲਾਵਟਿ ਪਾਈਆ।
ਬਈ ਹੁਣ ਜਾਗੋ ਆਈਆ
ਜਾਗ ਸਿੰਘਾ ਜਾਗ ਬਈ
ਹੁਣ ਜਾਗੋ ਆਈਆ
ਜਾਗਣ ਤੇਰੇ ਭਾਗ ਬਈ
ਹੁਣ ਜਾਗੋ ਆਈਆ
ਗੁਰੂ ਗਰੰਥ ਦੇ ਲਗਜੋ ਚਰਨੀ
ਬਾਣੀ ਸਿੱਖੋ ਆਪੇ ਪੜ੍ਰਨੀ
ਗੁਰ ਸਿੱਖਆ ਨੂੰ ਸਮਝਕੇ ਆਪਣੇ
ਜੀਵਨ ਦੇ ਵਿੱਚ ਧਾਰਨ ਕਰਨੀ
ਅਮ੍ਰਿਤ ਰੂਪੀ ਗੁਰਬਾਣੀ ਦੀ
ਹਰ ਸਾਹ ਦੇ ਨਾਲ ਘੁੱਟ ਹੈ ਭਰਨੀ
ਹਰ ਬੰਦੇ ਦੀ ਜਿੰਦਗੀ ਬਾਣੀ
ਕਰਦੀ ਦੂਣ ਸਵਾਂਈਆ
ਬਈ ਹੁਣ ਜਾਗੋ ਆਈਆ
ਜਾਗ ਸਿੰਘਾ ਜਾਗ ਬਈ
ਹੁਣ ਜਾਗੋ ਆਈਆ
ਜਾਗਣ ਤੇਰੇ ਭਾਗ ਬਈ
ਹੁਣ ਜਾਗੋ ਆਈਆ

ਅੱਜ ਆਖਾਂ ਮੱਖਣ ਸ਼ਾਹ ਨੂੰ

ਅੱਜ ਆਖਾਂ ਮੱਖਣ ਸ਼ਾਹ ਨੂੰ
ਅੱਜ ਆਖਾਂ ਮੱਖਣ ਸ਼ਾਹ ਨੂੰ
ਮੁੜ ਕੋਠੇ ਚੜ੍ਹ ਕੇ ਬੋਲ।
ਫਿਰ ਆਪਣੀ ਬੂੱਧ ਵਿਵੇਕ ਨਾਲ
ਸੱਚ ਲੁਕਿਆ ਆਕੇ ਟੋਲ।
ਜਦੋਂ ਸ਼ਹਿਰ ਬਕਾਲੇ ਸੱਚ ਨੂੰ
ਲਿਆ ਝੂਠ ਸੀ ਘੇਰਾ ਪਾ।
ਸਭ ਛੱਡ ਸੀ ਗੱਦੀਆਂ ਦੌੜਗੇ
ਤੇਰੀ ਪਾਰਖੂ ਬੁੱਧੀ ਤੋਂ ਘਬਰਾ।
ਅੱਜ ਮੁੜ ਕੇ ਦੁਬਾਰਾ ਕਰ ਰਹੇ
ਬਣ ਡੇਰੇਦਾਰ ਕਲੋਲ।
ਅੱਜ ਆਖਾਂ ਮੱਖਣ ਸ਼ਾਹ ਨੂੰ
ਮੁੜ ਕੋਠੇ ਚੜ੍ਹ ਕੇ ਬੋਲ।
ਫਿਰ ਆਪਣੀ ਬੂੱਧ ਵਿਵੇਕ ਨਾਲ
ਸੱਚ ਲੁਕਿਆ ਆਕੇ ਟੋਲ।
ਬਾਬੇ ਦਿੱਤਾ ਸੀ ਹੋਕਾ ਸੱਚ ਦਾ
ਇਹਨਾਂ ਝੂਠਿਆਂ ਲਿਆ ਛੁਪਾ।
ਗੱਲਾਂ ਨਾਲ ਵਾਰਿਸ ਸਦਵਾਂਵਦੇ
ਨਹੀਂ ਵਿਰਸੇ ਦੀ ਕੋਈ ਪਰਵਾਹ।
ਉੱਡ ਜਾਵੇ ਅੰਧਵਿਸ਼ਵਾਸ ਵੇ
ਸੁਣ ਗਿਆਨ ਤਰਕ ਦਾ ਢੋਲ।
ਅੱਜ ਆਖਾਂ ਮੱਖਣ ਸ਼ਾਹ ਨੂੰ
ਮੁੜ ਕੋਠੇ ਚੜ੍ਹ ਕੇ ਬੋਲ।
ਫਿਰ ਆਪਣੀ ਬੂੱਧ ਵਿਵੇਕ ਨਾਲ
ਸੱਚ ਲੁਕਿਆ ਆਕੇ ਟੋਲ।
ਵੀਹਾਂ -ਬਾਈਆਂ ਨੂੰ ਜਦ ਸੀ ਖਦੇੜਿਆ
ਹੁਣ ਪੁਜਗੇ ਹਜਾਰੀਂ ਆ।
ਗੁਰਮਤਿ ਦੇ ਵਰੁੱਧ ਕਰਮਕਾਂਡੀਆਂ
ਲਈਆਂ ਸੰਪਰਦਾਂਵਾਂ ਵਧਾਅ।
ਅੱਜ ਗੁਰੂ ਸਾਹਿਬਾਂ ਦੀ ਸਿਖਿਆ
ਦਿੱਤੀ ਸਾਧਾਂ ਸੰਤਾਂ ਰੋਲ।
ਅੱਜ ਆਖਾਂ ਮੱਖਣ ਸ਼ਾਹ ਨੂੰ
ਮੁੜ ਕੋਠੇ ਚੜ੍ਹ ਕੇ ਬੋਲ।
ਫਿਰ ਆਪਣੀ ਬੂੱਧ ਵਿਵੇਕ ਨਾਲ
ਸੱਚ ਲੁਕਿਆ ਆਕੇ ਟੋਲ।
ਤੂੰ ਗਿਆ ਸੀ ਦੇਣ ਦਸਵੰਧ ਨੂੰ
ਇਹਨਾਂ ਸੁਖਣਾਂ ਲਈ ਬਣਾ।
ਘੜ ਘੜ ਕਰਾਮਾਤੀ ਸਾਖੀਆਂ
ਦਿੱਤਾ ਸੱਚ ਦਾ ਸੰਦੇਸ਼ ਝੁਠਲਾਅ।
ਲਾ ਕਸੌਟੀ ਗੁਰੂ ਗ੍ਰੰਥ ਦੀ
ਸਿੱਖਾ ਕਰ ਵੇ ਅੱਜ ਪੜਚੋਲ।
ਅੱਜ ਆਖਾਂ ਮੱਖਣ ਸ਼ਾਹ ਨੂੰ
ਮੁੜ ਕੋਠੇ ਚੜ੍ਹ ਕੇ ਬੋਲ।
ਫਿਰ ਆਪਣੀ ਬੂੱਧ ਵਿਵੇਕ ਨਾਲ
ਸੱਚ ਲੁਕਿਆ ਆਕੇ ਟੋਲ।
ਜਿਹਨਾਂ ਬੰਦੇ ਨੂੰ ਨਹੀਂ ਜਾਣਿਆਂ
ਦਾਹਵੇ ਰੱਬ ਦੇ ਕਰਨ ਹਜਾਰ।
ੳਹੋ ਬ੍ਰਹਿਮਗਿਆਨੀ ਅਖਵਾਂਵਦੇ
ਸੰਤ- ਬਾਬੇ- ਜਥੇਦਾਰ।
ਅੱਜ ਸਿੱਖ ਵਿਚਾਰਾ ਹੋ ਰਿਹਾ
ਮੰਝਧਾਰ `ਚ ਡਾਵਾਂਡੋਲ।
ਅੱਜ ਆਖਾਂ ਮੱਖਣ ਸ਼ਾਹ ਨੂੰ
ਮੁੜ ਕੋਠੇ ਚੜ੍ਹ ਕੇ ਬੋਲ।
ਫਿਰ ਆਪਣੀ ਬੂੱਧ ਵਿਵੇਕ ਨਾਲ
ਸੱਚ ਲੁਕਿਆ ਆਕੇ ਟੋਲ।
ਅੱਜ ਝੂਠ ਹੰਕਾਰੀ ਹੋ ਗਿਆ
ਇਹਦੀ ਅਕਲ ਗਈ ਏ ਘੁੰਮ।
ਸੱਚ ਜਹਿਰ ਪਿਆਲੇ ਪੀਂਵਦਾ
ਕਿਤੇ ਫਾਂਸੀ ਲੈਂਦਾ ਚੁੰਮ।
ਦਸ ਕਿੰਝ ਕਹੇ ਗਲੀਲੀਓ
ਨਾਂ ਘੁੰਮਦੀ ਧਰਤ ਨਾਂ ਗੋਲ।
ਅੱਜ ਆਖਾਂ ਮੱਖਣ ਸ਼ਾਹ ਨੂੰ
ਮੁੜ ਕੋਠੇ ਚੜ੍ਹ ਕੇ ਬੋਲ।
ਫਿਰ ਆਪਣੀ ਬੂੱਧ ਵਿਵੇਕ ਨਾਲ
ਸੱਚ ਲੁਕਿਆ ਆਕੇ ਟੋਲ।
ਗੁਰਸਿੱਖਆ ਨਹੀਂ ਅਪਣਾਂਵਦੇ
ਬਸ ਪੜ੍ਹ-ਪੜ੍ਹ ਪਾਉਂਦੇ ਭੋਗ।
ਧਰਮੀ ਅਖਵਾਉਣ ਦਾ ਇੰਝ ਹੀ
ਹੁਣ ਭਰਮ ਪਾਲਦੇ ਲੋਗ।
ਸੱਚੋਂ ਉਪਰ ਸੱਚ ਆਚਾਰ ਹੈ
ਸਿੱਖਾ ਦੱਸ ਸੰਸਾਰ ਨੂੰ ਖੋਲ।
ਅੱਜ ਆਖਾਂ ਮੱਖਣ ਸ਼ਾਹ ਨੂੰ
ਮੁੜ ਕੋਠੇ ਚੜ੍ਹ ਕੇ ਬੋਲ।
ਫਿਰ ਆਪਣੀ ਬੂੱਧ ਵਿਵੇਕ ਨਾਲ
ਸੱਚ ਲੁਕਿਆ ਆਕੇ ਟੋਲ।
ਪਖੰਡ ਕੱਢਣ ਲਈ ਜੱਗ `ਚੋਂ
ਜਿਹੜੇ ਸੱਚ ਦੀ ਲਾਉਂਦੇ ਹੇਕ।
ਬਣ ਮਜ਼ਹਬ ਦੇ ਠੇਕੇਦਾਰ ਇਹ
ਝੱਟ ਦੇਂਦੇ ਉਸਨੂੰ ਛੇਕ।
ਰਹਿੰਦਾ ਜੱਗ ਦੇ ਅੰਦਰ ਚੱਲਦਾ
ਸਦਾ ਸੱਚ ਝੂਠ ਦਾ ਘੋਲ।
ਅੱਜ ਆਖਾਂ ਮੱਖਣ ਸ਼ਾਹ ਨੂੰ
ਮੁੜ ਕੋਠੇ ਚੜ੍ਹ ਕੇ ਬੋਲ।
ਫਿਰ ਆਪਣੀ ਬੂੱਧ ਵਿਵੇਕ ਨਾਲ
ਸੱਚ ਲੁਕਿਆ ਆਕੇ ਟੋਲ।।

ਸੱਚ ਦੀ ਆਵਾਜ

ਸੱਚ ਦੀ ਆਵਾਜ
ਸੱਚ ਦੀ ਆਵਾਜ਼ ਜੋ ਵੀ
ਲੈਕੇ ਆਇਆ ਜੱਗ ਉੱਤੇ
ਜੱਗ ਕਦੇ ਕੀਤੀ ਨਾਂ ਵਫਾ।
ਭਾਵੇਂ ਸੁਕਰਾਤ ਤੇ ਗਲੀਲੀਓ
ਤੋਂ ਪੁੱਛ ਵੇਖੋ
ਭਾਵੇਂ ਦਸਾਂ ਨਾਨਕਾਂ ਨੂੰ ਜਾ
ਪੱਥਰਾਂ ਦੇ ਯੁੱਗ ਨੂੰ ਇਹ
ਰਾਕਟਾਂ ਦੇ ਯੁੱਗ ਵਿੱਚ
ਕੱਢਕੇ ਲਿਆਏ ਜਿਹੜੇ ਸੂਰਮੇ।
ਫਾਂਸੀਆਂ ਦੇ ਫਤਵੇ ਤੇ
ਜਹਿਰ ਦੇ ਪਿਆਲੇ ਬਣੇ
ਸੱਚ ਦੇ ੳਪਾਸ਼ਕਾਂ ਦੇ ਚੂਰਮੇ।
ਸੱਚ ਕਹਿਣ ਵਾਲਿਆਂ ਨੂੰ
ਕਰਦੇ ਜਲੀਲ ਏਥੇ
ਏਹੀ ਏਸ ਜੱਗ ਦੀ ਰਜ਼ਾ।
ਸੱਚ ਦੀ ਆਵਾਜ਼ ਜੋ ਵੀ
ਲੈਕੇ ਆਇਆ ਜੱਗ ਉੱਤੇ
ਜੱਗ ਕਦੇ ਕੀਤੀ ਨਾਂ ਵਫਾ।
ਧਰਤੀ ਏ ਚਪਟੀ ਤੇ
ਖੜੀ ਏਥੇ ਜੁਗਾਂ ਤੋਂ ਹੈ
ਦੁਨੀਆਂ ਨੇ ਪਾਇਆਂ ਬੜਾ ਸ਼਼ੋਰ ਸੀ।
ਭਾਵੇਂ ਸਭ ਜਾਣਦੇ
ਬਰੂਨੋ ਤੇ ਗਲੀਲੀਓ ਦੀ
ਸੋਚ ਏਸ ਸੋਚ ਨਾਲੋਂ ਹੋਰ ਸੀ।
ਹਰ ਚੀਜ ਏਥੇ
ਨਿਯਮਾਂ `ਚ’ ਬੱਧੀ ਘੁਮਦੀ ਏ
ਓਹੋ ਗੁਰੂ ਨਾਨਕ ਕਿਹਾ।
ਸੱਚ ਦੀ ਆਵਾਜ਼ ਜੋ ਵੀ
ਲੈਕੇ ਆਇਆ ਜੱਗ ਉੱਤੇ
ਜੱਗ ਕਦੇ ਕੀਤੀ ਨਾਂ ਵਫਾ।
ਨਾਨਕ ਪਹਿਲੇ ਤੇ ਛੇਵੇਂ
ਸਮੇ ਦਿਆਂ ਹਾਕਮਾਂ ਨੇਂ
ਉਦੋਂ ਵੀ ਜਿਹਲਾਂ `ਚ’ ਕੀਤੇ ਬੰਦ ਸੀ।
ਨੌਵੇਂ ਗੁਰੂ ਨਾਨਕ ਨੂੰ
ਚੌਕ `ਚ’ ਸ਼ਹੀਦ ਕੀਤਾ
ਪੰਜਵੇਂ ਲਈ ਤਵੀ ਹੀ ਪਸੰਦ ਸੀ।
ਭਗਤਾਂ ਫਕੀਰਾਂ ਅਤੇ
ਸੂਫੀ ਇੰਕਲਾਬੀਆਂ ਨੂੰ
ਏਹੋ ਰਹੀ ਮਿਲਦੀ ਸਜਾ।
ਸੱਚ ਦੀ ਆਵਾਜ਼ ਜੋ ਵੀ
ਲੈਕੇ ਆਇਆ ਜੱਗ ਉੱਤੇ
ਜੱਗ ਕਦੇ ਕੀਤੀ ਨਾਂ ਵਫਾ।
ਧਰਮ ਦਾ ਕੰਮ ਹੁੰਦਾ
ਸਾਂਝਾ ਉਪਦੇਸ ਦੇ
ਮਨੁੱਖਤਾ ਨੂੰ ਆਪੋ ਵਿੱਚ ਜੋੜਨਾ।
ਪਰ ਮਰਿਆਦਾ ਵੱਡੀ ਹੋਕੇ
ਅੱਜ ਬੰਦੇ ਨਾਲੋਂ
ਸਿੱਖਗੀ ਬੰਦੇ ਤੋਂ ਬੰਦਾ ਤੋੜਨਾਂ।
ਜੱਗ ਭਾਵੇਂ ਨੇੜੇ ਪਰ
ਬੰਦਾ ਦੂਰ ਹੋਈ ਜਾਵੇ।
ਦਿਲਾਂ ਵਿੱਚ ਕੰਧਾਂ ਨੂੰ ਵਧਾ।
ਸੱਚ ਦੀ ਆਵਾਜ਼ ਜੋ ਵੀ
ਲੈਕੇ ਆਇਆ ਜੱਗ ਉੱਤੇ
ਜੱਗ ਕਦੇ ਕੀਤੀ ਨਾਂ ਵਫਾ।
ਜਿਆਦਾਤਰ ਦੁਨੀਆਂ ਤਾਂ
ਇੱਜੜਾਂ ਦੇ ਵਾਂਗ ਚੱਲੇ
ਵਿਰਲੇ ਹੀ ਸ਼ੇਰਾਂ ਵਾਂਗ ਬੁੱਕਦੇ।
ਭਾਂਵੇਂ ਇੱਥੇ ਝੂਠਿਆਂ ਦਾ
ਘਾਟਾ ਨਹੀਂ ਏ ਜੱਗ ਉੱਤੇ
ਸੱਚੇ ਕਦੇ ਸੱਚ ਤੋਂ ਨਾਂ ਰੁਕਦੇ।
ਆਖਿਰ ਨੂੰ ਕਹਿੰਦੇ ਜਿੱਤ
ਸੱਚ ਦੀ ਹੀ ਹੋਂਵਦੀ ਹੈ
ਏਹੋ ਹੀ ਕਿਤਾਬੀਂ ਲਿਖਿਆ।
ਸੱਚ ਦੀ ਆਵਾਜ਼ ਜੋ ਵੀ
ਲੈਕੇ ਆਇਆ ਜੱਗ ਉੱਤੇ
ਜੱਗ ਕਦੇ ਕੀਤੀ ਨਾਂ ਵਫਾ।
ਭਾਵੇਂ ਸੁਕਰਾਤ ਤੇ ਗਲੀਲੀਓ
ਤੋਂ ਪੁੱਛ ਵੇਖੋ
ਭਾਵੇਂ ਦਸਾਂ ਨਾਨਕਾਂ ਨੂੰ ਜਾ।

ਜੱਗ ਦੇ ਵਿੱਚ ਫੈਲਾਅ ਦੇ ਸਿੱਖਾ

ਜੱਗ ਦੇ ਵਿੱਚ ਫੈਲਾਅ ਦੇ ਸਿੱਖਾ
ਗੁਰ ਨਾਨਕ ਇਸ ਜੱਗ ਦੇ ਅੰਦਰ
ਗਿਆਨ ਵਾਲੀ ਜੋ ਜੋਤ ਜਗਾਈ।
ਇਕ ਨਾਨਕ ਤੋਂ ਦਸਵੇਂ ਤਾਂਈਂ
ਦੇਹ ਅੰਦਰ ੳਹ ਵਧਦੀ ਆਈ।
ਰੱਬ ਗੁਰੁ ਤੇ ਬੰਦੇ ਵਿੱਚੋਂ
ਸਦੀਆਂ ਬੱਧੀ ਵਿੱਥ ਮਿਟਾਈ।
ਗੁਰੂ ਗ੍ਰੰਥ ਦੇ ਰੂਪ `ਚ ਆਖਿਰ
ਸ਼ਬਦਾਂ ਰਾਹੀਂ ਗਈ ਸਮਾਈ।
ਏਕ ਨੂਰ ਤੇ ਸਭ ਜਗ ਉਪਜਿਆ
ਜੱਗ ਨੂੰ ਸ਼ਬਦ ਸੁਣਾਦੇ ਸਿੱਖਾ।
ਗੁਰ ਨਾਨਕ ਦੀ ਸੋਚ ਨੂੰ ਸਾਰੇ
ਜੱਗ ਦੇ ਵਿੱਚ ਫੈਲਾਅ ਦੇ ਸਿੱਖਾ।
ਸ਼ਬਦ ਗੁਰੂ ਤੇ ਸੁਰਤ ਹੈ ਚੇਲਾ
ਬਾਬੇ ਸਭ ਨੂੰ ਗਾ ਕੇ ਦਸਿਆ।
ਗਿਆਨ ਬੋਧ ਦਾ ਜੋ ਪ੍ਰਗਟਾਵਾ
ਸ਼਼ਬਦਾਂ ਵਿੱਚ ਸਮਝਾ ਕੇ ਦਸਿਆ।
ਧਰਮ ਦੇ ਠੇੁਕੇਦਾਰਾਂ ਤਾਈਂ
ਸਭ ਨੂੰ ਠੋਕ ਵਜਾ ਕੇ ਦਸਿਆ।
ਸੂਝ ਬਿਨਾਂ ਦੇਹ ਮਿੱਟੀ ਹੀ ਹੈ
ਪਾਗਲ ਸਵਾਂਗ ਰਚਾ ਕੇ ਦਸਿਆ।
ਸਵਾਂਗ ਵਾਲੀ ਇਸ ਅਜਬ ਖੇਡ ਨੂੰ
ਸਭਨਾਂ ਵਿੱਚ ਪ੍ਰਗਟਾਅ ਦੇ ਸਿੱਖਾ।
ਗੁਰ ਨਾਨਕ ਦੀ ਸੋਚ ਨੂੰ ਸਾਰੇ
ਜੱਗ ਦੇ ਵਿੱਚ ਫੈਲਾਅ ਦੇ ਸਿੱਖਾ।
ਜੰਗਲ ਵੱਲ ਨੂੰ ਤੁਰ ਪਿਆ ਬਾਬਾ
ਹਥ ਵਿੱਚ ਸੋਟਾ ਕੇਸ ਖਿਲਾਰੇ।
ਸੰਗਤ ਜਦ ਵੀ ਪਿੱਛੇ ਆਂਉਂਦੀ
ਬਾਬਾ ਮਾਰਨ ਲਈ ਉਲਾਰੇ।
਼ਲੋਕੀਂ ਸਮਝੇ ਪਾਗਲ ਹੋ ਗਿਆ
ਇਕ ਇੱਕ ਕਰਕੇ ਮੁੜਗੇ ਸਾਰੇ।
ਕੇਹਾ ਭਾਣਾ ਵਰਤ ਗਿਆ ਏ
ਸੋਚਣ ਮੁੜਦੇ ਸਿੱਖ ਪਿਆਰੇ।
ਗੁਰੂ ਬਾਬੇ ਦੀਆਂ ਗੁਝੀਆਂ ਰਮਜਾਂ
ਸਿੱਖ ਲੈ ਅਤੇ ਸਿਖਾਦੇ ਸਿੱਖਾ।
ਗੁਰ ਨਾਨਕ ਦੀ ਸੋਚ ਨੂੰ ਸਾਰੇ
ਜੱਗ ਦੇ ਵਿੱਚ ਫੈਲਾਅ ਦੇ ਸਿੱਖਾ।
ਸਤਿਗੁਰ ਸੁਣਿਆਂ ਘਰ ਮੁੜ ਆਏ
ਸੰਗਤ ਫੇਰ ਦੁਆਲ਼ੇ ਆਈ।
ਬਾਬਾ ਪੁੱਛੇ ਕਲ ਕੱਲੇ ਨੂੰ
ਕਿਉਂ ਉੱਥੇ ਛੱਡ ਆਏ ਭਾਈ।
ਸਿੱਖਾਂ ਆਖਿਆ ਨਾਲ ਹਲੀਮੀ
ਬਖ਼ਸ਼ ਦਿਓ ਮਿਹਰਾਂ ਦੇ ਸਾਂਈਂ।
ਕੱਲ੍ਹ ਤੁਸਾਂ ਵਿੱਚ ਸਤਿਗੁਰ ਵਾਲੇ
ਗਿਆਨ ਵਾਲੀ ਗੱਲ ਦਿਸੀ ਹੀ ਨਾਂਹੀ।
ਸਿੱਖਾਂ ਦਿਲ ਦਾ ਸੱਚ ਸੁਣਾਇਆ
ਤੂੰ ਵੀ ਸੱਚ ਸੁਣਾਦੇ ਸਿੱਖਾ।
ਗੁਰ ਨਾਨਕ ਦੀ ਸੋਚ ਨੂੰ ਸਾਰੇ
ਜੱਗ ਦੇ ਵਿੱਚ ਫੈਲਾਅ ਦੇ ਸਿੱਖਾ।
ਗੁਰਾਂ ਆਖਿਆ ਸਵਾਂਗ ਇਹ ਸਾਰਾ
ਇਹੋ ਗਲ ਸਮਝਾਵਣ ਲਈ ਏ।
ਸਰੀਰ ਮਿੱਟੀ ਦਾ ਆਖਿਰ ਹੁੰਦਾ
ਮਿੱਟੀ ਵਿੱਚ ਮਿਲ ਜਾਵਣ ਲਈ ਏ।
ਸਭ ਦਾ ਗੁਰੂ ਗਿਆਨ ਇਹ ਕੇਵਲ
ਸ਼ਬਦ ਰੂਪ ਸਮਝਾਵਣ ਲਈ ਏ।
ਗਿਆਨ ਰੂਪ ਫਿਰ ਜੋਤ ਇਹ ਸਿਖੋ
ਦੁਨੀਆਂ ਨੂੰ ਰੁਸ਼ਨਾਵਣ ਲਈ ਏ।
ਦੇਹ ਨੂੰ ਛੱਡਕੇ ਗਿਆਨ ਗੁਰੂ ਦੇ
ਚਰਨੀ ਸੀਸ ਝੁਕਾਦੇ ਸਿੱਖਾ।
ਗੁਰ ਨਾਨਕ ਦੀ ਸੋਚ ਨੂੰ ਸਾਰੇ
ਜੱਗ ਦੇ ਵਿੱਚ ਫੈਲਾਅ ਦੇ ਸਿੱਖਾ।

ਕਿੱਧਰ ਨੂੰ ਤੁਰਿਆ ਜਾਨਾਂ ਏਂ

ਕਿੱਧਰ ਨੂੰ ਤੁਰਿਆ ਜਾਨਾਂ ਏਂ

ਗੁਰ ਨਾਨਕ ਦਿਆ ਸਿੱਖਾ ਵੇ
ਕਿੱਧਰ ਨੂੰ ਤੁਰਿਆ ਜਾਨਾਂ ਏਂ।
ਤੈਨੂੰ ਸਤਿਗੁਰ ਰੋਕਿਆ ਸੀ ਜਿਧਰੋਂ
ਓਧਰ ਹੀ ਪੈਰ ਟਿਕਾਨਾਂ ਏਂ।।
ਤੇਰੀ ਕਿਰਤ ਨੇਂ ਪੂਜਾ ਬਣਨਾਂ ਸੀ
ਤੂੰ ਕਿਰਤ ਬਣਾ ਲਿਆ ਪੂਜਾ ਨੂੰ।
ਜੋ ਆਪੇ ਕਰ ਬ੍ਰਹਿਮੰਡ ਰਿਹਾ
ਕਰਤੇ ਤੋਂ ਵਧਾ ਲਿਆ ਪੂਜਾ ਨੂੰ।
ਕਿਓਂ ਸਹਿਜ ਦੇ ਮਾਰਗ ਨੂੰ ਛੱਡਕੇ
ਅੱਜ ਜੁਗਤਾਂ ਨੂੰ ਅਪਣਾਨਾ ਏਂ।
ਗੁਰ ਨਾਨਕ ਦਿਆ ਸਿੱਖਾ ਵੇ
ਕਿੱਧਰ ਨੂੰ ਤੁਰਿਆ ਜਾਨਾਂ ਏਂ।
ਤੈਨੂੰ ਸਤਿਗੁਰ ਰੋਕਿਆ ਸੀ ਜਿਧਰੋਂ
ਓਧਰ ਹੀ ਪੈਰ ਟਿਕਾਨਾਂ ਏਂ।।
ਸਮਝਣ ਸਮਝਾਵਣ ਨਾਲੋਂ ਤੂੰ
ਪੜਨਾ ਤੇ ਸੁਣਾਉਣਾ ਚਾਹੁੰਦਾ ਏਂ।
ਤਾਹੀਓਂ ਗੁਰ ਸਿਖਿਆ ਪੜ ਪੜ ਕੇ
ਬਸ ਭੋਗ ਹੀ ਪਾਉਣੇ ਚਾਹੁੰਦਾ ਏਂ।
ਜੇ ਸਮਝ ਨਹੀਂ ਤਾਂ ਅਮਲ ਨਹੀਂ
ਬਿਨ ਅਮਲੋਂ ਸੱਚ ਛੁਪਾਨਾ ਏਂ।
ਗੁਰ ਨਾਨਕ ਦਿਆ ਸਿੱਖਾ ਵੇ
ਕਿੱਧਰ ਨੂੰ ਤੁਰਿਆ ਜਾਨਾਂ ਏਂ।
ਤੈਨੂੰ ਸਤਿਗੁਰ ਰੋਕਿਆ ਸੀ ਜਿਧਰੋਂ
ਓਧਰ ਹੀ ਪੈਰ ਟਿਕਾਨਾਂ ਏਂ।।
ਗੁਰ- ਦੁਆਰਾ ਤਾਂ ਗੁਰ- ਦਰ ਹੁੰਦਾ
ਗੁਰ-ਗਿਆਨ ਵੱਲ ਨੂੰ ਜਾਣੇ ਦਾ।
ਗੁਰ-ਬਾਣੀ ਤੋਂ ਗੁਰ-ਸਿੱਖਿਆ ਲੈ
ਇਹ ਜੀਵਨ ਸਫਲ ਬਣਾਣੇ ਦਾ।
ਤੂੰ ਦਰ ਨੂੰ ਘਰ ਤੇ ਮੰਜਿਲ ਕਹਿ
ਬਸ ਮੱਥੇ ਟੇਕ ਟਿਕਾਨਾ ਏ।
ਗੁਰ ਨਾਨਕ ਦਿਆ ਸਿੱਖਾ ਵੇ
ਕਿੱਧਰ ਨੂੰ ਤੁਰਿਆ ਜਾਨਾਂ ਏਂ।
ਤੈਨੂੰ ਸਤਿਗੁਰ ਰੋਕਿਆ ਸੀ ਜਿਧਰੋਂ
ਓਧਰ ਹੀ ਪੈਰ ਟਿਕਾਨਾਂ ਏਂ।
ਗੁਰਬਾਣੀ ਪੜ੍ਹਨਾ ਮੰਤਰ ਨਹੀਂ
ਅਪਣਾਉਣਾ ਹੀ ਗੁਰ ਮੰਤਰ ਹੈ।
ਕਥਨੀ ਤੇ ਕਰਨੀ ਵਿੱਚ ਤੇਰੀ
ਅੱਜ ਤਾਹੀਓਂ ਆਇਆ ਅੰਤਰ ਹੈ।
ਤੂੰ ਹੁਕਮਾਂ ਅੰਦਰ ਚਲਦਾ ਨਹੀਂ
ਬਸ ਪੜ੍ਹ- ਪੜ੍ਹ ਹੁਕਮ ਸੁਣਾਨਾ ਏਂ।
ਗੁਰ ਨਾਨਕ ਦਿਆ ਸਿੱਖਾ ਵੇ
ਕਿੱਧਰ ਨੂੰ ਤੁਰਿਆ ਜਾਨਾਂ ਏਂ।
ਤੈਨੂੰ ਸਤਿਗੁਰ ਰੋਕਿਆ ਸੀ ਜਿਧਰੋਂ
ਓਧਰ ਹੀ ਪੈਰ ਟਿਕਾਨਾਂ ਏਂ।।
ਪੜ੍ਹਨਾ-ਸੁਣਨਾ ਬਹੁਤ ਚੰਗਾ
ਪਰ ਅਮਲਾਂ ਬਾਝੋਂ ਨਹੀਂ ਸਰਨਾ।
ਗੁਰਬਾਣੀ ਹਾਕਾਂ ਮਾਰ ਰਹੀ
ਇਹਦੇ ਚਰਨੀ ਲਗਣੋ ਕਿਓਂ ਡਰਨਾ।
ਸ਼ਬਦ ਗੁਰੂ ਹੈ ਗਿਆਨ ਗੁਰੂ
ਜਿਹਦਾ ਗੁਰੂ ਗ੍ਰੰਥ ਖਜਾਨਾ ਏਂ।
ਗੁਰ ਨਾਨਕ ਦਿਆ ਸਿੱਖਾ ਵੇ
ਕਿੱਧਰ ਨੂੰ ਤੁਰਿਆ ਜਾਨਾਂ ਏਂ।
ਤੈਨੂੰ ਸਤਿਗੁਰ ਰੋਕਿਆ ਸੀ ਜਿਧਰੋਂ
ਓਧਰ ਹੀ ਪੈਰ ਟਿਕਾਨਾਂ ਏਂ।।


ਸਾਡਾ ਆਪਣਾ ਪੱਤਰਕਾਰ

ਸਾਡਾ ਆਪਣਾ ਪੱਤਰਕਾਰ
‘ਪੰਥ ਜੀਵੇ ਮੈਂ ਉਜੜ੍ਹਾਂ’ ਵਰਗੀ ਅਖਾਣ ਮੈਂ ਸੁਣੀ ਕਈ ਵਾਰ ਸੀ ਪਰ ਕਦੇ ਹਕੀਕਤ ਬਣਦੀ ਨਹੀਂ ਦੇਖੀ ਸੀ। ਸੋਚਦਾ ਸਾਂ ਕਿ ਉਹ ਵੇਲਾ ਤਾਂ ਲੰਘ ਚੁੱਕਾ ਹੈ, ਜਦੋਂ ਇਸ ਤਰਾਂ ਦੇ ਸਿੱਖ ਲੀਡਰ ਅਕਸਰ ਮਿਲ ਜਾਂਦੇ ਸਨ। ਹੁਣ ਤਾਂ ਪੰਥ ਉਜੜਦਾ ਦੇਖ ਖੁਦ ਵਸਣ ਦੀ ਤਮੰਨਾ ਕਰਨ ਵਾਲਿਆਂ ਦੀ ਭਰਮਾਰ ਹੋ ਚੁੱਕੀ ਹੈ। ਅਜਿਹੇ ਹਾਲਾਤਾਂ ਵਿੱਚ ਉਪਰੋਕਤ ਅਖਾਣ ਵੀ ਓਪਰੀ ਜੇਹੀ ਜਾਪਣ ਲੱਗੀ ਹੈ। ਪਰ ਇੱਕ ਦਿਨ ਜਦੋਂ ਮੈਨੂੰ ਵੀ ਅਜਿਹੇ ਹੀ ਹਾਲਾਤਾਂ ਵਿੱਚ ਉਸ ਪਰਾਚੀਨ ਰੂਹ ਦੇ ਦਰਸ਼ਣਾ ਦਾ ਝਲਕਾਰਾ ਦਿਖਿਆ ਤਾਂ ਮੈਂ ਕਿੰਨਾ ਹੀ ਚਿਰ, ਬਿਨਾ ਕੁੱਝ ਬੋਲੇ ਤੋਂ ਵਿਸਮਾਦ ਕਹੀ ਜਾਂਦੀ ਅਵਸਥਾ ਵਿੱਚ ਬੈਠਾ ਸੋਚਦਾ ਰਿਹਾ ਕਿ ਹੇ ਮੇਰੇ ਵਾਹਿਗੁਰੂ ਮੈਨੂੰ ਯਕੀਨ ਕਰ ਹੀ ਲੈਣ ਦੇ ਕਿ ਇਹ ਤਾਂ ਮੇਰਾ ਵੱਡਾ ਵੀਰ, ਮੇਰਾ ਦੋਸਤ, ਸਾਡਾ ਹੀ ਆਪਣਾ ਪੱਤਰਕਾਰ ਹੈ।


ਪੰਜ ਅਤੇ ਇੱਕ?

ਪੰਜ ਅਤੇ ਇੱਕ?
ਪੰਜ ਰਹਿਤੀਆ, ਪੰਜ ਕਕਾਰੀ,
ਪੰਜ ਤੱਤਾਂ ਦਾ ਜਾਇਆ।
ਪੰਜ ਬਾਣੀਆਂ, ਪੰਜ ਤਖਤਾਂ ਨੂੰ,
ਪੰਜਾ ਨੇ ਸਮਝਾਇਆ।।
ਪਰ
ਏਕ ਪਿਤਾ, ਏਕਸ ਕੇ ਬਾਰਿਕ,
ਏਕੇ ਵਿੱਚ ਸਮਾਏ;
ਇੱਕ ਗ੍ਰੰਥ ਦੀ, ਇੱਕ ਸਿੱਖਿਆ ਵਿੱਚ,
ਪਾਂਜਾ ਕਿੱਦਾਂ ਆਇਆ?

ਇੱਕੋ

ਇੱਕੋ
ਇੱਕੋ ਰੱਬ ਨੇ ਇੱਕੋ ਸੰਸਾਰ ਬੱਧਾ
ਇੱਕੋ ਕੁਦਰਤ ਚ’ ਉਹ ਤਾਂ ਸਮਾਅ ਰਿਹਾ ਏ।
ਇੱਕੋ ਗਿਆਨ ਹੀ ਇੱਕੋ ਹੀ ਗੁਰੂ ਬਣਕੇ
ਸਾਰੇ ਜਗਤ ਨੂੰ ਅੱਜ ਰੁਸ਼ਨਾਅ ਰਿਹਾ ਏ।
ਇੱਕੋ ਨਿਯਮ ਦੇ ਰੂਪ ਵਿੱਚ ਸਰਬਸਾਂਝਾ
ਇੱਕੋ ਧਰਮ ਉਸ ਦਿੱਤਾ ਸੰਸਾਰ ਤਾਂਈਂ,
ਇੱਕੋ ਪੰਥ ਲਈ ਇੱਕੋ ਗ੍ਰੰਥ ਹੋਕੇ
ਇੱਕੋ ਤਖਤ ਤੋਂ ਗੱਲ ਸਮਝਾ ਰਿਹਾ ਏ।।

ਗਦਰ

ਗਦਰ
ਗਲ ਗਦਰਾਂ ਦੀ ਜਦ ਵੀ ਏ ਚਲਦੀ ਕਿਤੇ
ਸਾਡੇ ਦਿਲ ਤੇ ਦਿਮਾਗੀਂ ਗਦਰ ਹੋਂਵਦਾ।
ਜਿਹੜੇ ਲਗਦੇ ਨੇ ਮੌਕੇ ਤੇ ਬਾਗੀ ਜਿਹੇ,
ਪਿੱਛੋਂ ਉਹਨਾਂ ਤੇ ਸਾਨੂੰ ਫਖ਼ਰ ਹੋਂਵਦਾ।
ਹੱਕ ਸੱਚ ਦੀ ਲੜਾਈ ਦੇ ਅੱਗੇ ਖੜੇ
ਗੁਰੂ ਅਰਜਨ ਸ਼ਹੀਦਾਂ ਦੇ ਸਿਰਤਾਜ ਨੇ।
ਸਾਡੇ ਊਧਮ, ਭਗਤ ਤੇ ਸਰਾਭੇ ਕਈ
ਓਸੇ ਸੱਚ ਦੀ ਬਦਲਵੀਂ ਹੀ ਆਵਾਜ਼ ਨੇ।
ਸਾਡੀ ਹੋਣੀ ਨੂੰ ਐਸੀ ਹੀ ਮੰਜਿਲ ਮਿਲੀ
ਜਿੱਥੇ ਸੱਚ ਦਾ ਨਾ ਕੋਈ ਅਸਰ ਹੋਂਵਦਾ।
ਗਲ ਗਦਰਾਂ ਦੀ ਜਦ ਵੀ ਏ ਚਲਦੀ ਕਿਤੇ
ਸਾਡੇ ਦਿਲ ਤੇ ਦਿਮਾਗੀਂ ਗਦਰ ਹੋਂਵਦਾ।
ਜੋ ਵਿਦੇਸ਼ਾਂ `ਚ ਬੈਠੇ ਵੀ ਧੁਖਦੇ ਰਹੇ
ਸ਼ੋਲੇ ਬਣਿਆਂ ਵਤਨ ਨੂੰ ਜਦੋਂ ਆ ਗਏ।
ਕਾਹਦਾ ਹੁੰਦਾ ਏ ਦੁਸ਼ਮਣ ਤੇ ਕਰਨਾਂ ਗਿਲਾ
ਧੋਖਾ ਆਪਣੇ ਭਰਾਵਾਂ ਤੋਂ ਜੋ ਖਾ ਗਏ।
ਫਾਂਸੀ ਮਜਹਬਾਂ ਦੇ ਫਤਵੇ ਦੀ ਲਗਣੀ ਨਾ ਸੀ
ਸੱਚ ਮਜ਼ਹਬਾਂ ਦੇ ਫਤਵੀਂ ਅਗਰ ਹੋਵਂਦਾ।
ਗਲ ਗਦਰਾਂ ਦੀ ਜਦ ਵੀ ਏ ਚਲਦੀ ਕਿਤੇ
ਸਾਡੇ ਦਿਲ ਤੇ ਦਿਮਾਗੀਂ ਗਦਰ ਹੋਂਵਦਾ।
ਉਹ ਜਮਾਤਾਂ ਤੋਂ ਉਪਰ ਹੋ ਲੜਦੇ ਰਹੇ
ਅਸੀਂ ਜਾਤਾਂ `ਚ ਮੇਚਣ ਦੀ ਫੀਤੀ ਫੜੀ।
ਜਿਹੜਾ ਵਰਗਾਂ ਦੇ ਢਾਂਚੇ `ਚ ਢਲਿਆ ਨਹੀਂ
ਉਹਨੂੰ ਭੰਡਣ ਤੇ ਛੇਕਣ ਦੀ ਨੀਤੀ ਘੜੀ।
ਜੋ ਮਨੁਖਾਂ ਦੇ ਹੱਕਾਂ ਨੂੰ ਸਾਂਝਾ ਕਹੇ
ਉਥੇ ਨੀਤੀ ਦਾ ਜਲਵਾ ਨਸ਼ਰ ਹੋਂਵਦਾ।
ਗਲ ਗਦਰਾਂ ਦੀ ਜਦ ਵੀ ਏ ਚਲਦੀ ਕਿਤੇ
ਸਾਡੇ ਦਿਲ ਤੇ ਦਿਮਾਗੀਂ ਗਦਰ ਹੋਂਵਦਾ।
ਅਸੀਂ ਜਿਓਂਦੇ ਨੂੰ ਵੰਡਣ ਦੇ ਆਦੀ ਬਣੇ
ਤਾਂ ਸ਼ਹੀਦਾਂ ਨੂੰ ਵੰਡਣ ਤੋਂ ਰਹਿ ਨਾ ਸਕੇ।
ੳੱਚਾ ਮਜਹਬਾਂ ਦੇ ਨਾਲੋਂ ਸਦਾ ਜੋ ਰਿਹਾ
ਅਸੀਂ ਰੁਤਬਾ ਸ਼ਹੀਦਾਂ ਦਾ ਕਹਿ ਨਾਂ ਸਕੇ।
ਘਾਟ ਬਜ -ਬਜ ਦਾ ਹੋਵੇ ਜਾਂ ਪਛਮੀਂ ਗਦਰ
ਸਦਾ ਇੱਕੋ ਹੀ ਸਭ ਦਾ ਹਸ਼ਰ ਹੋਂਵਦਾ।
ਗਲ ਗਦਰਾਂ ਦੀ ਜਦ ਵੀ ਏ ਚਲਦੀ ਕਿਤੇ
ਸਾਡੇ ਦਿਲ ਤੇ ਦਿਮਾਗੀਂ ਗਦਰ ਹੋਂਵਦਾ।
ਅਸੀਂ ਮੁੜ ਉਹ ਵਿਚਾਰਾਂ ਦੇ ਰਾਹ ਨਾ ਪਏ
ਜੋ ਸੀ ਓਹਨਾ ਸ਼ਹੀਦਾਂ ਨੇ ਚਾਹਿਆ ਕਦੇ।
ਜਿਹੜੀ ਸੇਵਾ ਭਲਾ ਸਰਬੱਤ ਦਾ ਕਰੇ
ਐਸੇ ਸੱਚ ਦਾ ਨਾ ਸਾਥ ਨਿਭਾਇਆ ਕਦੇ।
ਬਸ ਸ਼ਹੀਦਾਂ ਤੇ ਫੁਲਾਂ ਦੀ ਮਾਲਾ ਚੜ੍ਹਾ
ਸਾਡੇ ਫਰਜਾਂ ਦਾ ਏਥੇ ਸਬਰ ਹੋਂਵਦਾ।
ਗਲ ਗਦਰਾਂ ਦੀ ਜਦ ਵੀ ਏ ਚਲਦੀ ਕਿਤੇ
ਸਾਡੇ ਦਿਲ ਤੇ ਦਿਮਾਗੀਂ ਗਦਰ ਹੋਂਵਦਾ।
ਅਸੀਂ ਲਿਖਤੀ ਥਿਊਰੀ ਬਥੇਰੀ ਪੜ੍ਹੀ
ਹੁਣ ਅਮਲਾਂ ਦੇ ਵੱਲ ਵੀ ਨਜਰ ਸੁੱਟੀਏ।
ਨਫਰਤਾਂ ਤੇ ਵਿਤਕਰੇ ਮੁਕਾ ਕੇ ਦਿਲੋਂ
ਆਓ ਬੇਗਮਪੁਰੇ ਵੱਲ ਕਦਮ ਪੁੱਟੀਏ।
ਜਾਤਾਂ ਨਸਲਾਂ ਤੇ ਮਜਹਬਾਂ `ਚ ਵੰਡਿਆ ਫਿਰੇ
ਜਾਤ ਮਾਣਸ ਤਾਂ ਇੱਕੋ ਮਗਰ ਹੋਂਵਦਾ।
ਗਲ ਗਦਰਾਂ ਦੀ ਜਦ ਵੀ ਏ ਚਲਦੀ ਕਿਤੇ
ਸਾਡੇ ਦਿਲ ਤੇ ਦਿਮਾਗੀਂ ਗਦਰ ਹੋਂਵਦਾ।