Saturday, July 3, 2010

ਗਦਰ

ਗਦਰ
ਗਲ ਗਦਰਾਂ ਦੀ ਜਦ ਵੀ ਏ ਚਲਦੀ ਕਿਤੇ
ਸਾਡੇ ਦਿਲ ਤੇ ਦਿਮਾਗੀਂ ਗਦਰ ਹੋਂਵਦਾ।
ਜਿਹੜੇ ਲਗਦੇ ਨੇ ਮੌਕੇ ਤੇ ਬਾਗੀ ਜਿਹੇ,
ਪਿੱਛੋਂ ਉਹਨਾਂ ਤੇ ਸਾਨੂੰ ਫਖ਼ਰ ਹੋਂਵਦਾ।
ਹੱਕ ਸੱਚ ਦੀ ਲੜਾਈ ਦੇ ਅੱਗੇ ਖੜੇ
ਗੁਰੂ ਅਰਜਨ ਸ਼ਹੀਦਾਂ ਦੇ ਸਿਰਤਾਜ ਨੇ।
ਸਾਡੇ ਊਧਮ, ਭਗਤ ਤੇ ਸਰਾਭੇ ਕਈ
ਓਸੇ ਸੱਚ ਦੀ ਬਦਲਵੀਂ ਹੀ ਆਵਾਜ਼ ਨੇ।
ਸਾਡੀ ਹੋਣੀ ਨੂੰ ਐਸੀ ਹੀ ਮੰਜਿਲ ਮਿਲੀ
ਜਿੱਥੇ ਸੱਚ ਦਾ ਨਾ ਕੋਈ ਅਸਰ ਹੋਂਵਦਾ।
ਗਲ ਗਦਰਾਂ ਦੀ ਜਦ ਵੀ ਏ ਚਲਦੀ ਕਿਤੇ
ਸਾਡੇ ਦਿਲ ਤੇ ਦਿਮਾਗੀਂ ਗਦਰ ਹੋਂਵਦਾ।
ਜੋ ਵਿਦੇਸ਼ਾਂ `ਚ ਬੈਠੇ ਵੀ ਧੁਖਦੇ ਰਹੇ
ਸ਼ੋਲੇ ਬਣਿਆਂ ਵਤਨ ਨੂੰ ਜਦੋਂ ਆ ਗਏ।
ਕਾਹਦਾ ਹੁੰਦਾ ਏ ਦੁਸ਼ਮਣ ਤੇ ਕਰਨਾਂ ਗਿਲਾ
ਧੋਖਾ ਆਪਣੇ ਭਰਾਵਾਂ ਤੋਂ ਜੋ ਖਾ ਗਏ।
ਫਾਂਸੀ ਮਜਹਬਾਂ ਦੇ ਫਤਵੇ ਦੀ ਲਗਣੀ ਨਾ ਸੀ
ਸੱਚ ਮਜ਼ਹਬਾਂ ਦੇ ਫਤਵੀਂ ਅਗਰ ਹੋਵਂਦਾ।
ਗਲ ਗਦਰਾਂ ਦੀ ਜਦ ਵੀ ਏ ਚਲਦੀ ਕਿਤੇ
ਸਾਡੇ ਦਿਲ ਤੇ ਦਿਮਾਗੀਂ ਗਦਰ ਹੋਂਵਦਾ।
ਉਹ ਜਮਾਤਾਂ ਤੋਂ ਉਪਰ ਹੋ ਲੜਦੇ ਰਹੇ
ਅਸੀਂ ਜਾਤਾਂ `ਚ ਮੇਚਣ ਦੀ ਫੀਤੀ ਫੜੀ।
ਜਿਹੜਾ ਵਰਗਾਂ ਦੇ ਢਾਂਚੇ `ਚ ਢਲਿਆ ਨਹੀਂ
ਉਹਨੂੰ ਭੰਡਣ ਤੇ ਛੇਕਣ ਦੀ ਨੀਤੀ ਘੜੀ।
ਜੋ ਮਨੁਖਾਂ ਦੇ ਹੱਕਾਂ ਨੂੰ ਸਾਂਝਾ ਕਹੇ
ਉਥੇ ਨੀਤੀ ਦਾ ਜਲਵਾ ਨਸ਼ਰ ਹੋਂਵਦਾ।
ਗਲ ਗਦਰਾਂ ਦੀ ਜਦ ਵੀ ਏ ਚਲਦੀ ਕਿਤੇ
ਸਾਡੇ ਦਿਲ ਤੇ ਦਿਮਾਗੀਂ ਗਦਰ ਹੋਂਵਦਾ।
ਅਸੀਂ ਜਿਓਂਦੇ ਨੂੰ ਵੰਡਣ ਦੇ ਆਦੀ ਬਣੇ
ਤਾਂ ਸ਼ਹੀਦਾਂ ਨੂੰ ਵੰਡਣ ਤੋਂ ਰਹਿ ਨਾ ਸਕੇ।
ੳੱਚਾ ਮਜਹਬਾਂ ਦੇ ਨਾਲੋਂ ਸਦਾ ਜੋ ਰਿਹਾ
ਅਸੀਂ ਰੁਤਬਾ ਸ਼ਹੀਦਾਂ ਦਾ ਕਹਿ ਨਾਂ ਸਕੇ।
ਘਾਟ ਬਜ -ਬਜ ਦਾ ਹੋਵੇ ਜਾਂ ਪਛਮੀਂ ਗਦਰ
ਸਦਾ ਇੱਕੋ ਹੀ ਸਭ ਦਾ ਹਸ਼ਰ ਹੋਂਵਦਾ।
ਗਲ ਗਦਰਾਂ ਦੀ ਜਦ ਵੀ ਏ ਚਲਦੀ ਕਿਤੇ
ਸਾਡੇ ਦਿਲ ਤੇ ਦਿਮਾਗੀਂ ਗਦਰ ਹੋਂਵਦਾ।
ਅਸੀਂ ਮੁੜ ਉਹ ਵਿਚਾਰਾਂ ਦੇ ਰਾਹ ਨਾ ਪਏ
ਜੋ ਸੀ ਓਹਨਾ ਸ਼ਹੀਦਾਂ ਨੇ ਚਾਹਿਆ ਕਦੇ।
ਜਿਹੜੀ ਸੇਵਾ ਭਲਾ ਸਰਬੱਤ ਦਾ ਕਰੇ
ਐਸੇ ਸੱਚ ਦਾ ਨਾ ਸਾਥ ਨਿਭਾਇਆ ਕਦੇ।
ਬਸ ਸ਼ਹੀਦਾਂ ਤੇ ਫੁਲਾਂ ਦੀ ਮਾਲਾ ਚੜ੍ਹਾ
ਸਾਡੇ ਫਰਜਾਂ ਦਾ ਏਥੇ ਸਬਰ ਹੋਂਵਦਾ।
ਗਲ ਗਦਰਾਂ ਦੀ ਜਦ ਵੀ ਏ ਚਲਦੀ ਕਿਤੇ
ਸਾਡੇ ਦਿਲ ਤੇ ਦਿਮਾਗੀਂ ਗਦਰ ਹੋਂਵਦਾ।
ਅਸੀਂ ਲਿਖਤੀ ਥਿਊਰੀ ਬਥੇਰੀ ਪੜ੍ਹੀ
ਹੁਣ ਅਮਲਾਂ ਦੇ ਵੱਲ ਵੀ ਨਜਰ ਸੁੱਟੀਏ।
ਨਫਰਤਾਂ ਤੇ ਵਿਤਕਰੇ ਮੁਕਾ ਕੇ ਦਿਲੋਂ
ਆਓ ਬੇਗਮਪੁਰੇ ਵੱਲ ਕਦਮ ਪੁੱਟੀਏ।
ਜਾਤਾਂ ਨਸਲਾਂ ਤੇ ਮਜਹਬਾਂ `ਚ ਵੰਡਿਆ ਫਿਰੇ
ਜਾਤ ਮਾਣਸ ਤਾਂ ਇੱਕੋ ਮਗਰ ਹੋਂਵਦਾ।
ਗਲ ਗਦਰਾਂ ਦੀ ਜਦ ਵੀ ਏ ਚਲਦੀ ਕਿਤੇ
ਸਾਡੇ ਦਿਲ ਤੇ ਦਿਮਾਗੀਂ ਗਦਰ ਹੋਂਵਦਾ।