Thursday, December 22, 2016

ਗੰਗੂ !

      !!ਗੰਗੂ !!
ਗੰਗੂ ਕੇਵਲ ਨਾਮ ਨਹੀਂ ਹੁੰਦਾ,
ਗੰਗੂ ਤਾਂ ਇਕ ਸੋਚ ਹੁੰਦੀ ਹੈ ।
ਅਕ੍ਰਿਤਘਣਾਂ ਦੇ ਲੋਭੀ ਮਨ ਦੀ,
ਸਭ ਤੋਂ ਗੰਦੀ ਲੋਚ ਹੁੰਦੀ ਹੈ ।।
ਇਸ ਧਰਤੀ ਦੇ ਹਰ ਖਿੱਤੇ ਤੇ,
ਲੱਖਾਂ ਹੀ ਅੱਜ ਗੰਗੂ ਵਸਦੇ ।
ਜਿਹਨਾਂ ਕਾਰਣ ਖਲਕਤ ਇੱਥੇ,
ਹਰ ਪੱਧਰ ਤੇ ਨੋਚ ਹੁੰਦੀ ਹੈ ।।
ਲਾਲਚ ਦੇ ਵਿੱਚ ਅੰਨ੍ਹਾਂ ਹੋਕੇ,
ਬੰਦਾ ਜਦ ਗੰਗੂ ਬਣ ਜਾਂਦਾ ।
ਦੇਰ-ਸਵੇਰੇ ਆਖਿਰ ਨੂੰ ਤਾਂ,
ਪੱਟੀ ਉਸਦੀ ਪੋਚ ਹੁੰਦੀ ਹੈ ।।
ਦੁਸ਼ਮਣ ਲੱਖ ਜਮਾਨਾ ਹੋਵੇ,
ਪੂਰੀ ਕੌਮ ਨਾ ਗੰਗੂ ਹੁੰਦੀ ।
ਜੇਕਰ ਏਦਾਂ ਜਾਪੇ ਤਾਂ ਫਿਰ,
ਮਨ ਦੇ ਪੈਰੀਂ ਮੋਚ ਹੁੰਦੀ ਹੈ ।।
ਸਭ ਦੇ ਨਾਲੋਂ ਗਿਰੀ ਘਨਾਉਣੀ,
ਗੰਗੂ ਤਾਂ ਹੁਣ ਗਾਲ਼ ਬਣ ਗਈ ।
ਮਨ ਵਿੱਚ ਗੰਗੂ ਜੇ ਵੜ ਜਾਵੇ,
ਫਿਰ ਨਾ ਇੱਜਤ ਬੋਚ ਹੁੰਦੀ ਹੈ ।।
ਅੰਦਰ ਗੰਗੂ ਪਾਲ਼ ਆਪਦੇ,
ਬਾਹਰਲੇ ਨਾਲ਼ ਲੜਨਾ ਚਾਹੇ ।
ਤਾਹੀਓਂ ਗੰਗੂਬਾਦ ਤੇ ਭੋਰਾ,
ਅਉਂਦੀ ਨਹੀਂ ਖਰੋਚ ਹੁੰਦੀ ਹੈ ।।

ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

Saturday, December 3, 2016

ਕਾਲਾ ਧਨ !!

ਕਾਲਾ ਧਨ !!
ਕਾਲਾ –ਚਿੱਟਾ ਕੁਝ ਨਹੀਂ ਹੁੰਦਾ,
ਧਨ ਤੇ ਕੇਵਲ ਧਨ ਹੁੰਦਾ ਹੈ ।
ਕਾਲਾ-ਚਿੱਟਾ ਕਰਨੇ ਵਾਲਾ,
ਨੀਤੀ, ਨੀਅਤ, ਮਨ ਹੁੰਦਾ ਹੈ ।।
ਕਿਰਤੀ ਬੰਦੇ ਬੈਂਕਾਂ ਅੱਗੇ,
ਛੱਡ ਕੇ ਕੰਮ ਜਦ ਧੱਕੇ ਖਾਂਦੇ ।
ਹੇਠਲਿਆਂ ਦੀ ਲਾਚਾਰੀ ਤੱਕ,
ਉਪਰਲਿਆਂ ਦਾ ਫਨ ਹੁੰਦਾ ਹੈ ।।
ਢਿੱਡ ਨੂੰ ਗੰਢਾਂ ਮਾਰ ਸੁਆਣੀ,
ਛਿੱਲੜ ਚਾਰ ਲੁਕਾਕੇ ਰਖੇ ।
ਉਹ ਕੀ ਜਾਣੇ ਵਿੱਚ ਗਰੀਬੀ,
ਬੱਚਤ ਕਰਨ ਡੰਨ ਹੁੰਦਾ ਹੈ ।।
ਕਾਲੇ ਧਨ ਦਾ ਅਸਲ ਵਪਾਰੀ,
ਓਹੀਓ ਹੁੰਦਾ ਨੀਤੀ ਘਾੜਾ ।
ਨੋਟਾਂ ਦੀ ਅਦਲਾ ਬਦਲੀ ਵਿੱਚ,
ਬਿਜਨਸ ਜਿਸਦਾ ਰਨ ਹੁੰਦਾ ਹੈ ।।
ਨੋਟ-ਬੰਦੀ ਨਾਲ ਰੁਕੇ ਕੰਮਾਂ ਦਾ,
ਘਾਟਾ ਪਰਜਾ ਨੇ ਹੀ ਭਰਨਾਂ ।
ਆਪਣੇ ਸਿਰ ਤੇ ਆਪਣੀ ਜੁੱਤੀ,
ਏਹੀਓ ਅਪਨਾਪਨ ਹੁੰਦਾ ਹੈ ।।
ਨੀਅਤ ਭਾਵੇਂ ਚੰਗੀ ਹੋਵੇ,
ਪਰ ਜੇ ਨੀਤੀ ਠੀਕ ਨਾ ਹੋਵੇ ।
ਰੋਣੇ-ਧੋਣੇ ਪਰਜਾ ਵਾਲੇ,
ਉਸਦੇ ਲਈ ‘ਜਨ-ਗਣ’ ਹੁੰਦਾ ਹੈ ।।
ਗੁਰੂਆਂ ਦੀ ਜੇ ਸਿੱਖਿਆ ਮੰਨੀਏਂ,
ਦੌਲਤ ਤਾਂ ‘ਗੁਜਰਾਨ’ ਹੈ ਹੁੰਦੀ ।
ਆਖਿਰ ਵੇਲੇ ਖਾਲੀ ਹੱਥੀਂ,
ਕੱਫਨ ਕੱਜਿਆ ਤਨ ਹੁੰਦਾ ਹੈ ।।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)