Tuesday, October 25, 2011

ਅੰਤਿਮ-ਛੋਹ


ਅੰਤਿਮ-ਛੋਹ
ਅੰਤਿਮ-ਛੋਹ ਤਸਵੀਰ ਨੂੰ ਦੇਣ ਵੇਲੇ,
ਗੁਰੂ ਸਿੱਖ ਨੂੰ ਜਦੋਂ ਸ਼ਿੰਗਾਰਦੇ ਨੇ ।

ਕਈ ਆਖਦੇ ਗੁਰਾਂ ਨੇ ਸੀਸ ਲਾਹੇ,
ਕਈ ਬਕਰੇ ਝਟਕੇ ਵਿਚਾਰਦੇ ਨੇ ।

ਰਮਜ਼ ਜਿਨਾਂ ਮਨੋਰਥ ਦੀ ਨਹੀਂ ਜਾਣੀ,
ਪਰਦਾ ਕਾਸਤੋਂ ਗੁਰਾਂ ਨੇ ਰੱਖਿਆ ਸੀ ?
ਗੁਰੂ ਸ਼ਬਦ ਸਿਧਾਂਤ ਨੂੰ ਛੱਡ ਪਾਸੇ,
ਤੰਬੂ ਚੁੱਕ-ਚੁੱਕ ਝਾਤੀਆਂ ਮਾਰਦੇ ਨੇ ।

ਡਾ ਗੁਰਮੀਤ ਸਿੰਘ 'ਬਰਸਾਲ ' ਕੈਲੇਫੋਰਨੀਆਂ

Wednesday, October 19, 2011

ਸਾਧ ਬਨਾਮ ਵਿਦਵਾਨ


ਸਾਧ ਬਨਾਮ ਵਿਦਵਾਨ

ਦੋਨੋ ਚਾਹੁਣ ਮਰਿਆਦਾ ਦੇ ਵਿੱਚ ਸੋਧਾਂ,

ਇੱਕ ਸਾਧ ਤੇ ਦੂਜੇ ਵਿਦਵਾਨ ਲੋਕੋ ।

ਇੱਕ ਫਿਰਨ ਵਧਾਉਣ ਨੂੰ ਸਾਧ-ਲੀਲਾ,

ਕਰਮ-ਕਾਂਢ ਨੇ ਜਿਨਾਂ ਦੀ ਜਾਨ ਲੋਕੋ ।

ਚਾਹੁੰਦੇ ਅੰਧ-ਵਿਸ਼ਵਾਸ ਦਾ ਬੋਲਬਾਲਾ,

ਦੇਕੇ ਉਹਨੂੰ ਵਿਸ਼ਵਾਸ ਦਾ ਨਾਮ ਲੋਕੋ ।

ਗੁਰੂ-ਗਿਆਨ ਦਾ ਅੰਸ਼ਕ ਜੋ ਤੱਤ ਬਚਿਆ,

ਕੰਮ ਉਹਦਾ ਵੀ ਭਾਲਣ ਤਮਾਮ ਲੋਕੋ ।।

ਦੂਜੇ ਆਖਦੇ ਸਿੱਖ ਦੀ ਰਹਿਤ ਅੰਦਰ,

ਰਹਿਣ ਦੇਣਾ ਨਹੀਂ ਬਿਪਰ-ਨਿਸ਼ਾਨ ਲੋਕੋ ।

ਕੇਵਲ ਗੁਰੂ ਗਰੰਥ ਦੇ ਵਿੱਚ ਮਿਲਦਾ,

ਜੀਵਨ ਜਾਂਚ ਦਾ ਸਾਂਝਾ ਪੈਗਾਮ ਲੋਕੋ ।

ਸੱਚ-ਧਰਮ-ਵਿਵੇਕ ਦੀ ਨੀਂਹ ਉੱਤੇ ,

ਟਿਕਦਾ ਸਿੱਖੀ ਦਾ ਸੋਹਣਾ ਮਕਾਨ ਲੋਕੋ ।

ਜਦੋਂ ਜਗਤ ਵਿੱਚ ਸੱਚ ਦੀ ਗੱਲ ਚੱਲੀ,

ਗੁਰੂ ਗਰੰਥ ਹੀ ਬਣਨਾਂ ਸਵਿੰਧਾਨ ਲੋਕੋ ।।

ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)

gsbarsal@gmail.com

Tuesday, October 11, 2011

ਕੀ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਸੰਤ ਸਨ ?

ਕੀ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਸੰਤ ਸਨ ?


ਇਸ ਲੇਖ ਦਾ ਵਿਸ਼ਾ ਪੰਜਾਬ ਵਿੱਚ ਖਾੜਕੂ ਲਹਿਰ ਦੌਰਾਨ ਉੱਭਰੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋਂ ਨਿਭਾਏ ਰੋਲ ਦਾ ਨਹੀਂ ਹੈ ਨਾਂ ਹੀ ਅਕਾਲ ਤਖਤ ਜਾਂ ਗੁਰਦਵਾਰਿਆਂ ਦੀ ਅਜਿਹੇ ਕਾਜ ਲਈ ਵਰਤੋਂ ਜਾਂ ਉਸ ਲਹਿਰ ਦੌਰਾਨ ਹੋਏ ਲਾਭ/ਨੁਕਸਾਨ ਦੀ ਪੜ੍ਹਚੋਲ ਕਰਨਾ ਹੈ ਬਲਕਿ ਗੁਰਮਤਿ ਦੇ ਦ੍ਰਿਸ਼ਟੀਕੋਣ ਅਨੁਸਾਰ ਜਾਣੇ ਅਣਜਾਣੇ ਸਮੁੱਚੇ ਸਿੱਖ ਪੰਥ ਵਲੋਂ ਉਹਨਾਂ ਦੀ ਸ਼ਖਸ਼ੀਅਤ ਨੂੰ ਬਿਆਨਣ ਲਈ ਵਰਤੇ ਜਾਂਦੇ ਸੰਤ ਪਦ ਦੀ ਸਮੀਖਿਆ ਹੈ।

Wednesday, October 5, 2011

ਸੱਚ ਦਾ ਫੀਤਾ

ਸੱਚ ਦਾ ਫੀਤਾ
ਵੋਟਾਂ ਕਦੇ ਵੀ ਸੱਚ ਨੂੰ ਮਿਣਦੀਆਂ ਨਾਂ,
ਫੀਤਾ ਸੱਚ ਨੂੰ ਮਿਣਨ ਲਈ ਹੋਰ ਹੁੰਦਾ ।
ਪਾਸੇ ਰੱਖ ਦਿਮਾਗ ਵਿਚਾਰ ਵਾਲਾ,
ਗਿਣਨਾ ਸਿਰਾਂ ਨੂੰ ਤਾਂ ਪਾਉਣਾ ਸ਼ੋਰ ਹੁੰਦਾ ।
ਨੀਤੀਵਾਨਾਂ ਦੀ ਨੀਤੀ ਦੀ ਖੇਡ ਦੇਖੋ,
ਗਧੇ-ਘੋੜੇ ਜਾਂ ਸ਼ੇਰ ਤੇ ਭੇਡ ਇੱਕੋ ;
ਵੱਧ ਵੋਟਾਂ ਨਾਲ ਝੂਠ ਪਰਧਾਨ ਬਣਦਾ,
ਘੱਟ ਵੋਟਾਂ ਨਾਲ ਸੱਚ ਵੀ ਚੋਰ ਹੁੰਦਾ ।।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)