Sunday, April 30, 2017

ਪੰਜਾਬੀ ਔਖੀ ਜਾਂ ਗੁਰਬਾਣੀ ?


ਪੰਜਾਬੀ ਔਖੀ ਜਾਂ ਗੁਰਬਾਣੀ ?      
ਕਿਸੇ ਵੀ ਇਨਸਾਨ ਨੂੰ ਪੁੱਛੀਏ ਤਾਂ ਉਹ ਆਖੇਗਾ ਕਿ ਉਹ ਪੰਜਾਬੀ ਤਾਂ ਪੜ੍ਹ ਸਕਦਾ ਹੈ ਪਰ ਗੁਰਬਾਣੀ ਨਹੀਂ । ਗੁਰਬਾਣੀ ਪੜ੍ਹਨ ਨੂੰ ਮੁਸ਼ਕਿਲ ਦੱਸੇਗਾ । ਪਰ ਇਕ ਇਨਸਾਨ ਅਜਿਹਾ ਹੈ ਜਿਸਨੂੰ ਅਜੋਕੀ ਪੰਜਾਬੀ ਮੁਸ਼ਕਿਲ ਲਗਦੀ ਹੈ ਜਦ ਕਿ ਗੁਰਬਾਣੀ ਆਸਾਨ । ਉਹ ਹੈ ਗੋਰੀ ਤੋਂ ਸਿਖ ਸਜੀ ਭਾਈ ਅਵਤਾਰ ਸਿੰਘ ਮਿਸ਼ਨਰੀ ਦੀ ਸਿੰਘਣੀ ਬੀਬੀ ਹਰਸਿਮਰਤ ਕੌਰ ਖਾਲਸਾ ਉਰਫ ਨੈਂਸੀ ਟੋਬਸਮੈਨ । ਬੀਬੀ ਹਰਸਿਮਰਤ ਕੌਰ ਜੋ ਕਿ ਅਮੈਰੀਕਾ ਦੀ ਜੰਮੀ-ਪਲੀ ਗਰੈਜੂਏਟ ਹੈ , ਕਈ ਮਜਹਬਾਂ ਦੀ ਜਾਣਕਾਰ ਹੈ । ਜਿਂਓਂ ਹੀ ਉਸਨੂੰ ਸਿੱਖੀ ਦੇ ਮੁਢਲੇ ਨਿਯਮਾਂ ਦਾ ਪਤਾ ਲੱਗਿਆ ਤਾਂ ਉਸ ਅੰਦਰ ਜਿਆਦਾ ਜਾਨਣ ਦੀ ਇੱਛਾ ਪੈਦਾ ਹੋਈ । ਇਸੇ ਮਕਸਦ ਲਈ ਉਸਨੇ ਭਾਈ ਕੁਲਦੀਪ ਸਿੰਘ ਵਰਜੀਨੀਆਂ ਤੋਂ ੪-੫ ਮਹੀਨੇ ਵਿਚ ਪੰਜਾਬੀ ਸਿੱਖ ਲਈ ।

Wednesday, April 26, 2017

ਰੁਬਾਈ !!

ਰੁਬਾਈ !!

ਸਹਿਣ, ਨਿਵਣ ,ਮਿੱਠਤ ਤੇ ਸੇਵਾ,
ਗੁਰਮਤਿ ਦੀ ਵਡਿਆਈ ।

ਲੇਕਨ ਨੀਤੀ ਮਜਹਬੀ ਹੋਕੇ,
ਵੱਖਰੀ ਖੇਡ ਰਚਾਈ ।

ਸੰਗਤ ਵਿਚ ਕੋਈ ਭਾਡੇ ਮਾਂਜੇ,
ਜਾਂ ਕੋਈ ਲਾਵੇ ਝਾੜੂ ।

ਸਮਝ ਨਾ ਆਵੇ ਸੇਵਾ ਕਰਦਾ,
ਜਾਂ ਕੋਈ ਸਜਾ ਲਵਾਈ ।।


ਗੁਰਮੀਤ ਸਿੰਘ ਬਰਸਾਲ (ਕੈਲਿਫੋਰਨੀਆਂ)

Sunday, April 23, 2017

Saturday, April 22, 2017

ਅਜਗਰ ਨੀਤੀ !

ਅਜ਼ਗਰ ਨੀਤੀ !!

ਗੁਰੂ ਗ੍ਰੰਥ ਦੀ ਸਰਬ ਉੱਚਤਾ,
ਪੂਰਨਤਾ ਦੀ ਹਾਣੀ ।
ਬਾਣੀ ਤੇ ਗੁਰਬਾਣੀ ਦਸਦੀ,
ਗੁਰ ਕਸਵੱਟੀ ਥਾਣੀਂ ।।

ਜਿਸ ਬਾਣੀ ਨੂੰ ਗੁਰੂ ਹੋਣ ਦਾ,
ਦਰਜਾ ਮਿਲਿਆ ਹੋਇਆ ।
ਉਹੀਓ ਹੀ ਤਾਂ ਗੁਰਬਾਣੀ ਹੈ,
ਬਾਕੀ ਕੇਵਲ ਬਾਣੀ ।।

ਗਿਆਨ ਰੂਪ ਨੇ ਨਾਨਕ ਹੋਕੇ,
ਐਸੇ ਸ਼ਬਦ ਉਚਾਰੇ ।
ਸਭ ਪਾਸੇ ਗੋਬਿੰਦ ਹੀ ਗੋਬਿੰਦ,
ਦੱਸਣ ਸ਼ਬਦ ਕਹਾਣੀ ।।

ਗੁਰਬਾਣੀ ਖੁਦ ਗੁਰੂ ਹੋਣ ਦੇ,
ਆਪੇ ਕਰੇ ਇਸ਼ਾਰੇ ।
ਜੋ ਗੁਰਬਾਣੀਂ ਨੂੰ ਨਾਂ ਸਮਝਣ,
ਰਹਿਣ ਰਿੜਕਦੇ ਪਾਣੀ ।।

ਏਕਾ ਬਾਣੀ ਇਕ ਗੁਰ ਵਾਲੇ,
ਪਾਕਿ ਫਲਸਫੇ ਅੰਦਰ ।
ਡੇਰੇਦਾਰਾਂ ਸੰਪਰਦਾਈਆਂ,
ਘੋਰ ਮਿਲਾਵਟ ਠਾਣੀ ।।

ਦੁੱਧ `ਚ ਕਾਂਜੀ ਪਾਈ ਬੈਠੀ,
ਬਿਪਰ ਦੀ ਚੱਲੀ ਚਾਲੇ ।
ਝਾਕ ਖਿਆਲੀ ਰੱਖਣ ਵਾਲੀ,
ਅੰਧ ਵਿਸ਼ਵਾਸੀ ਢਾਣੀ ।।

ਜਾਣੇ ਜਾਂ ਅਣਜਾਣੇ ਬਣਕੇ,
ਸਮਝਣ ਗੁਰੂ ਅਧੂਰਾ ।
ਪੂਰੇ ਗੁਰ ਲਈ ਗੁਰੂ ਬਰਾਬਰ,
ਜੋੜਨ ਮੱਤ ਇਆਣੀ ।।

ਗੁਰਬਾਣੀ ਵਿੱਚ ਕੱਚੀ ਬਾਣੀ
ਨਾਲ ਮਿਲਾਵਟ ਵਾਲੀ ।
ਹਰ ਖੇਤਰ ਸੰਸਕਾਰ `ਚ ਪੈਂਦੀ,
ਬਿਪਰੀ ਰੀਤ ਨਿਭਾਣੀ ।।

ਦੁਸ਼ਮਣ ਵਰਗਾ ਬਣਕੇ ਉਹ ਤਾਂ,
ਦੁਸ਼ਮਣ ਵਿੱਚ ਹੀ ਰਹਿੰਦਾ ।
ਬੰਦਿਆਂ ਨਾਲੋਂ ਸੋਚ `ਚ ਰਹਿਣਾ,
ਨੀਤੀ ਬਿਪਰ ਪੁਰਾਣੀ ।।

ਆਪਣੇ ਹੀ ਸੰਸਕਾਰਾਂ ਨੂੰ ਉਹ,
ਦੂਜੇ ਦੇ ਸਿਰ ਮੜ੍ਹਦੀ ।
ਚਾਣਕੀਆ ਦੀ ਅਜਗਰ ਨੀਤੀ,
ਸੱਚ-ਧਰਮ ਨੂੰ ਖਾਣੀ ।।


ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

ਧਰਮ ਦੇ ਨਾਂ ਤੇ !

ਧਰਮ ਦੇ ਨਾਂ ਤੇ !!

ਦੁਨੀਆਂ-ਦਾਰੀ, ਭਰਮਾਂ ਮਾਰੀ ,
ਠੰਡਾ ਮਿਲਦਾ ਗਰਮ ਦੇ ਨਾਂ ਤੇ ।
ਧੱਕੇ ਨਾਲ ਖੁਆਈ ਜਾਂਦੀ,
ਕਾਠ ਦੀ ਰੋਟੀ ਨਰਮ ਦੇ ਨਾਂ ਤੇ ।।

ਵਰਤਮਾਨ ਦੀ ਕਿਰਤ ਨੂੰ ਛੱਡਕੇ,
ਅਗਲੇ ਪਿਛਲੇ ਜਨਮਾਂ ਕਾਰਣ,
ਬਿਪਰੀ ਆਵਾਗਵਣਾ ਵਾਲਾ,
ਕਰਮ ਪੜ੍ਹਾਉਂਦੇ ਕਰਮ ਦੇ ਨਾਂ ਤੇ ।।

ਇਕਨਾਂ ਮੰਦਰੀਂ ਨੰਗੇ ਬੁੱਤ ਨੇ,
ਇਕਨਾਂ ਨੰਗੇ ਸ਼ਬਦ ਸਜਾਏ,
ਨੰਗੀ ਸ਼ਾਇਰੀ ਦੀ ਮੱਤ ਵੱਖਰੀ,
ਸ਼ਰਧਾ ਆਖਣ ਸ਼ਰਮ ਦੇ ਨਾਂ ਤੇ ।।

ਕੁਦਰਤ ਜਿਹੜੇ ਨਿਯਮ `ਚ ਚਲਦੀ,
ਉਹ ਬ੍ਰਹਿਮੰਡੀ ਧਰਮ ਸਦਾਏ,
ਹਰ ਘਟਨਾ ਦਾ ਨਿਯਮ, ਧਰਮ ਹੈ,
ਦੁਨੀਆਂ ਮਰਦੀ ਭਰਮ ਦੇ ਨਾਂ ਤੇ ।।

ਧਰਮ ਹੁੰਦਾ ਗੁਣ ਧਾਰਨ ਕਰਨਾ,
ਕੁਦਰਤ ਦੇ ਨਿਯਮਾ ਸੰਗ ਤੁਰਨਾਂ,
ਲੇਕਨ ਅਜਬ ਪਸਾਰਾ ਜੱਗ ਦਾ,
ਧਰਮ ਬਿਨਾਂ, ਸਭ ਧਰਮ ਦੇ ਨਾਂ ਤੇ ।।


ਗੁਰਮੀਤ ਸਿੰਘ ਬਰਸਾਲ’ (ਕੈਲੇਫੋਰਨੀਆਂ)

Friday, April 7, 2017

ਸਾਝ ਕਰੀਜੈ ਗੁਣਹ ਕੇਰੀ

“ਸਾਝ ਕਰੀਜੈ ਗੁਣਹ ਕੇਰੀ” !!

ਸਮਝ ਸਮਝ ਕੇ ਗੁਰਬਾਣੀ ਨੂੰ ਗਾਇਆ ਕਰ ।
ਸਮਝੀ ਏ, ਤਾਂ ਜੀਵਨ ਵਿੱਚ ਪ੍ਰਗਟਾਇਆ ਕਰ ।।

ਸ਼ਬਦ ਗੁਣਾਂ ਦੀ ਸਾਂਝ ਕਰਨ ਦਾ ਪੜ੍ਹਦਾਂ ਏਂ,
ਅਮਲਾਂ ਵਿੱਚ ਵੀ ਸਾਂਝਾਂ ਨੂੰ ਅਪਣਾਇਆ ਕਰ ।।

ਮੰਨਿਆ ਹਰ ਕੋਈ ਤੇਰੇ ਵਾਂਗੂ ਸੋਚੇ ਨਾ,
ਜਿੱਨਾਂ ਸੋਚੇ ਓਨਾਂ ਨਾਲ ਰਲਾਇਆ ਕਰ ।।

ਇੱਕ ਟੱਬਰ ਦੇ ਜੀਵ ਵੱਖਰੀਆਂ ਸੋਚਾਂ ਨੇ,
ਤਾਂ ਵੀ ਰਹਿਣ ਇਕੱਠੇ ਮਨ ਸਮਝਾਇਆ ਕਰ ।।

ਤੈਨੂੰ ਲਗਦਾ ਤੇਰੇ ਬਿਨ ਸਭ ਊਣੇ ਨੇ,
ਊਣਿਆਂ ਤੋਂ ਵੀ ਕੁਝ ਨਾ ਕੁਝ ਸਿੱਖ ਜਾਇਆ ਕਰ ।।

ਹਰ ਖੇਤਰ ਵਿੱਚ ਇੱਕੋ ਸੋਚ ਤਾਂ ਮੁਸ਼ਕਲ ਹੈ,
ਮੁੱਦਿਆਂ ਤੇ ਤਾਂ ਹਾਂ ਵਿੱਚ ਹਾਂ ਮਿਲਾਇਆ ਕਰ ।।

ਜਦ ਤੱਕ ਦੁਨੀਆਂ ਰਹਿਣੀ, ਖੋਜਾਂ ਚੱਲਣੀਆਂ,
ਅੰਤਮ ਸੱਚ ਦਾ ਦਾਅਵਾ, ਨਾ ਜਿਤਲਾਇਆ ਕਰ ।।

ਇੱਕ ਚੀਜ ਹੀ ਵੱਖ ਕੋਣਾਂ ਤੋਂ ,ਵੱਖ ਦਿਸਦੀ,
ਆਪਣੀ ਐਨਕ ਦੀ ਨਾ ਅੜੀ ਪੁਗਾਇਆ ਕਰ ।।

ਚੰਗੀਆਂ ਗਿਣਕੇ ਖੁਦ ਨੂੰ ਚੰਗਾ ਕਰ ਸਕਦਾਂ,
ਘਾਟਾਂ ਗਿਣ ਗਿਣ ਹੇਠਾਂ ਨਾ ਗਿਰ ਜਾਇਆ ਕਰ ।।


ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)