Sunday, December 15, 2019

ਭੁਚਲਾਵਾ !

ਭੁਚਲਾਵਾ!
-----------------

ਹੋ ਸਕਦਾ ਹੈ 'ਮੈਂ' ਤੇ ੳੇੁਸ ਵਿੱਚ,
ਕਿਧਰੇ ਕੋਈ ਮਤਭੇਦ ਵੀ ਹੋਵੇ ।
ਸੌ `ਚੋਂ ਇੱਕ ਦੋ ਗੱਲਾਂ ਅੰਦਰ,
ਲਗਦੀ ਵੱਖਰੀ ਸੇਧ ਵੀ ਹੋਵੇ ।
ਹੋ ਸਕਦਾ ਹੈ ਗੱਲ ਸਮਝਣ ਵਿੱਚ,
ਸਾਡੀ ਸੋਚੇ ਛੇਦ ਵੀ ਹੋਵੇ ।
ਲੋੜ ਵੇਲੇ ਜੇ ਨਾਲ ਖੜੇ ਨਾ,
ਰਹਿੰਦੀ ਉਮਰੇ ਖੇਦ ਵੀ ਹੋਵੇ ।।
ਬਿਪਰ ਪੁਜਾਰੀ ਸਾਡੇ ਮਨ ਨੂੰ,
ਮੁੜਕੇ ਹੁਣ ਭੁਚਲਾ ਨਹੀਂ ਸਕਦਾ ।
ਛੇਕ-ਛਕਾਈ ਵਾਲੀ ਨੀਤੀ,
ਦੇ ਹੱਕ ਵਿੱਚ ਭੁਗਤਾ ਨਹੀਂ ਸਕਦਾ ।।
ਗੁਰਮੀਤ ਸਿੰਘ 'ਬਰਸਾਲ'(USA)

Saturday, December 14, 2019

ਅੰਧਕਾਰ !!

ਅੰਧਕਾਰ !!

ਫਿਰ ਅੰਧਕਾਰ ਨੇ ਹਰ ਵਾਰ ਵਾਂਗੂ
ਸਿਰ ਉਠਾਇਆ ਹੈ ।।
ਚਾਨਣ ਕੱਜਣੇ ਲਈ ਮੂੜਤਾ ਦੀ
ਧੁੰਦ ਲਿਆਇਆ ਹੈ ।।
ਭਾਵੇਂ ਜਾਣਦਾ ਓਹ ਵੀ ।
ਕਿ ਨਾ ਇਹ ਓਸਦੇ ਵਸ ਦੀ ।
ਲੇਕਨ ਅੰਨਿਆ 'ਚੋਂ ਕਾਣੇ ਦਾ
ਰੁਤਬਾ ਜੋ ਪਾਇਆ ਹੈ ।।
ਦਿਖਾਕੇ ਖਾਬ ਮੰਗਲ ਦਾ ।
ਤੇ ਦਿੱਤਾ ਰਾਜ ਜੰਗਲ ਦਾ ।
ਕਾਵਾਂ ਕੁਤਿਆਂ ਗਿਰਝਾਂ
ਤੇ ਸੱਪਾਂ ਦਾ ਹੀ ਸਾਇਆ ਹੈ ।।
ਮਜਹਬ ਨੀਤਕਾਂ ਸੰਗ ਹੀ ।
ਹੈ ਬਣਦਾ ਇੱਕ ਹੀ ਰੰਗ ਹੀ ।
ਬਹੁ-ਰੰਗਿਆ ਲਿਬਾਸ ਉਸ
ਭਾਵੇਂ ਦਿਖਾਇਆ ਹੈ ।।
ਬੱਦਲ ਨ੍ਹੇਰ ਲਈ ਭਕਦੇ ।
ਸੂਰਜ ਡੱਕ ਨਹੀਂ ਸਕਦੇ ।
ਝੀਥਾਂ ਵਿੱਚ ਦੀ ਜਿਸਨੇ
ਮੇਰਾ ਆਂਗਨ ਖਿੜਾਇਆ ਹੈ ।।

ਗੁਰਮੀਤ ਸਿੰਘ ਬਰਸਾਲ

Sunday, May 26, 2019

ਦੇਹ ਤੋਂ ਸ਼ਬਦ

ਦੇਹ ਤੋਂ ਸ਼ਬਦ !

ਦੇਹ ਤੋਂ ਸ਼ਬਦਾਂ ਵੱਲ ਜਦੋਂ ਕੋਈ ਹਿਲਦਾ ਹੈ ।
ਜੜ ਤੋਂ ਚੇਤਨ ਵੱਲ ਦਾ ਰਸਤਾ ਮਿਲਦਾ ਹੈ ।।

ਨਾ ਹੀ ਦੇਹ ਕੋਈ ਗੁਰੂ ਜਾਂ ਚੇਲਾ ਬਣਦੀ ਏ,
ਗਿਆਨ ਗੁਰੂ ਹੀ ਸੁਰਤ ਨੂੰ ਲੈ ਕੇ ਠ੍ਹਿਲਦਾ ਹੈ ।।

ਮਨ ਤਾਂ ਅਕਸਰ ਬਦਲ ਪੁਸ਼ਾਕਾਂ ਪਾਉਂਦਾ ਹੈ,
ਰੂਹ ਵਰਗਾ ਨਾ ਲੀੜਾ ਇਸਤੋਂ ਸਿਲਦਾ ਹੈ ।।

ਜਦ ਵੀ ਕੋਈ ਦੇਹ ਤੋਂ ਅੱਗੇ ਲੰਘਦਾ ਏ,
ਕਹੇ ਪੁਜਾਰੀ ਪੰਗਾ ਵਕਤੀ ਢਿੱਲ ਦਾ ਹੈ ।।

ਸੱਚ ਸੁਣਾਉਣੋਂ ਪਹਿਲਾਂ ਖੁਦ ਅਪਣਾਏ ਜੋ,
ਲੋਕੀਂ ਕਹਿਣ ਬੇਚਾਰਾ ਰੋਗੀ ਦਿਲ ਦਾ ਹੈ ।।

ਆੜ ਸ਼ਬਦ ਦੀ ਓਹਲੇ ਦੇਹ ਹੀ ਭੁਗਤੀ ਹੈ,
ਸੱਚ ਤਰਕ ਤਵੱਕਿਆਂ ਅੰਦਰ ਛਿਲਦਾ ਹੈ ।।

ਧਰਮ ਦੀ ਆੜੇ ਪੰਥ-ਮਜ਼ਹਬ ਦੀ ਗੱਲ ਹੁੰਦੀ,
ਕੋਟਨ ਮੇ ਹੀ ਕੋਊ ਨਾਨਕ ਖਿਲਦਾ ਹੈ ।।



ਵੋਟਰ

ਵੋਟਰ !!
ਜਦ ਤੱਕ ਵੋਟਰ ਪਾਰਟੀਆਂ ਨੂੰ ਵੋਟ ਪਾਉਂਦੇ ਰਹਿਣਗੇ ।
ਲੋਕ ਪੱਖੀ ਆਗੂਆਂ ਨੂੰ ਪਿੱਠ ਦਿਖਾਉੰਦੇ ਰਹਿਣਗੇ ।
ਇਹ ਜਾਣਦੇ ਹੋਏ ਕਿ, ਇਹਨਾ ਲੀਡਰਾਂ ਵਿੱਚ ਵਿੱਥ ਨਹੀਂ,
ਆਪਣੇ ਭਾਈਚਾਰਿਆਂ ‘ਚ ਵਿੱਥਾਂ ਵਧਾਉਂਦੇ ਰਹਿਣਗੇ ।।

ਜਦ ਵੀ ਵੋਟਰ ਆਪਦੀ ਜਮੀਰ ਨੂੰ ਜਗਾਉਣਗੇ ।
ਧੜਿਆਂ ਨੂੰ ਛੱਡਕੇ, ਕਿਰਦਾਰ ਨੂੰ ਜਤਾਉਣਗੇ ।
ਪਾਰਟੀਆਂ ਵਾਲੇ ਵੀ, ਏਸੇ ਗੱਲੋਂ ਮਜਬੂਰ ਹੋ ।
ਸੂਝ ਤੇ ਇਮਾਨ ਵਾਲੇ, ਆਗੂ ਅੱਗੇ ਲਾਉਣਗੇ ।।

ਜਾਗਦੀ ਜਮੀਰ ਵਾਲੇ, ਚੋਣ ਕਰ ਨਾ ਰੁਲਣਗੇ ।
ਜੇਕਰ ਅੰਦਰ ਸੱਚ ਹੋਊ, ਸੱਚ ਹੀ ਤਾਂ ਸੁਨਣਗੇ ।
ਸਮਾਜ ਦੇ ਬਦਲਾਵ ਲਈ ਤੇ ਨੀਤ ਸਾਫ ਚਾਹੀਦੀ,
ਵੋਟਰ ਸਾਫ ਹੋਣਗੇ ਤਾਂ ਸਾਫ ਆਗੂ ਚੁਨਣਗੇ ।।

ਜਦ ਤੱਕ ਇਹ ਵੋਟਰ ਇਖਲਾਕ ਨਹੀਂ ਜਗਾਊਗਾ ।
ਲਾਲਚ ਤੇ ਗਰਜਾਂ ਲਈ ਬਿਕਣੋਂ ਹਟ ਜਾਊਗਾ ।
ਲੋਕ-ਰਾਜ ਸੱਚਮੁੱਚ ਦਾ ਲੋਕ-ਰਾਜ ਬਣ ਸਕੇਗਾ,
ਜੇਕਰ ਸੂਝਵਾਨ ਵੋਟਰ ਗੁਣਾਂ ਨੂੰ ਅਪਣਾਊਗਾ ।।
ਗੁਰਮੀਤ ਸਿੰਘ ‘ਬਰਸਾਲ, (ਯੂ ਐਸ ਏ)

Tuesday, February 5, 2019

ਅਰਕ

ਅਰਕ
ਮੰਨਦੇ ਹਾਂ ਕਿ ਸਾਡੇ ਵਿੱਚ ਕੁੱਝ ਫਰਕ ਨੇ ।
ਹਰ ਫਰਕ ਦੇ ਆਪੋ-ਆਪਣੇ ਤਰਕ ਨੇ ।।
ਜਿੰਨੀ ਵੱਡੀ ਜੰਗ ਹੈ ਓਨੀਂ ਦਿਖਦੀ ਨਹੀਂ,
ਤਾਹੀਓਂ ਵੱਖੋ ਵੱਖਰੇ ਸਭਦੇ ਠਰਕ ਨੇ ।।
ਭਾਵੇਂ ਆਪੋ-ਆਪਣੇ ਥਾਂ ਸਭ ਯੋਧੇ ਨੇ,
ਚਾਣਕੀਆ ਲਈ ਇੱਕ ਨਿਤਾਣਾ ਜਰਕ ਨੇ ।।
ਨਿਵਣ,ਖਵਣ ਸੰਗ ਜੁਗਤੀ ਤੱਜਕੇ ਗੁਰਮਤਿ ਦੀ,
ਕੂਹਣੋ-ਕੂਹਣੀ, ਕਾਰਣ ਜਾਂਦੇ ਸਰਕ ਨੇ ।।
‘ਏਕੇ’ ਥੱਲੇ ਇੱਕ ਹੋਕੇ ਜੇ ਤੁਰ ਪਏ ਤਾਂ,
ਚਾਲਾਂ ਚੱਲਦੇ ਦੁਸ਼ਮਣ ਜਾਣੇ ਗਰਕ ਨੇ ।।
ਸ਼ਬਦ ਨਾਲ ਜੋ ਜੋੜਨ ਉਹ ਵੀ ਆਖਿਰ ਨੂੰ,
ਬਣਦੀ ਸਖਸ਼-ਪ੍ਸਤੀ ਏਹੋ ਅਰਕ ਨੇ ।।