Thursday, December 24, 2020

Saturday, December 19, 2020

ਸ਼ਾਬਾਸ਼ ਪੰਜਾਬ !

ਸ਼ਾਬਾਸ਼ ਪੰਜਾਬ !
ਪੰਜਾਬ ਦੀ ਆਬੋ-ਹਵਾ ਵਿੱਚ, ਕੁਝ ਨਾ ਕੁਝ ਤਾਂ ਖਾਸ ਹੈ ।
ਕਲਮ ਨਹੀਂ ਕਿਰਪਾਨ ਲਿਖਿਆ, ਏਸ ਦਾ ਇਤਿਹਾਸ ਹੈ ।।
ਇਰਾਨੀਆਂ,ਦੁਰਾਨੀਆਂ,ਅਫਗਾਨੀਆਂ ਦੀ ਗੱਲ ਕੀ ,
ਹਰ ਸਿਕੰਦਰ ਥੰਮ ਲੈਣਾ , ਏਸ ਦਾ ਅਭਿਆਸ ਹੈ ।
ਹਰ ਮਨੁੱਖੀ ਮੁਢਲੀਆਂ ਲੋੜਾਂ ਨੂੰ ਇਹ ਹੈ ਪੂਰਦਾ,
ਭਲਾ ਹੀ ਸਰਬੱਤ ਵਾਲਾ ਏਸਦਾ ਧਰਵਾਸ ਹੈ ।
ਅਣਖ ਦੇ ਸੰਘਰਸ਼ ਲਈ ਹਿੰਮਤ ਜੁਟਾਵਣ ਵਾਸਤੇ,
ਛਾਤੀ `ਚ ਹਵਾ ਭਰਨ ਲਈ, ਕਰ ਜਾਂਵਦਾ ਪਰਵਾਸ ਹੈ ।
ਆਪ ਤਾਂ ਹਰ ਹਾਲ ਵਿੱਚ ਇਹ ਰਜਾ ਕਹਿਕੇ ਮਸਤ ਹੈ,
ਪਰ ਪਰ-ਉਪਕਾਰ ਲਈ ਇਹ, ਦਾਸਾਂ ਦਾ ਵੀ ਦਾਸ ਹੈ ।
ਏਸਦਾ ਨੁਕਸਾਨ ਕਰਦੀ ਬੇ-ਪਰਵਾਹੀ ਏਸ ਦੀ,
ਐਪਰ ਜਦ ਵੀ ਜਾਗਦਾ ਫਿਰ ਹਰ ਅੜਿੱਕਾ ਪਾਸ ਹੈ ।
ਏਸਦੀ ਮਿਹਨਤ ਦੇ ਝੰਡੇ ਜਗਤ ਵਿੱਚ ਨੇ ਝੂਲਦੇ,
ਏਸ ਦਾ ਸੰਘਰਸ਼ ਹੀ ਅੱਜ ਕਿਰਤੀਆਂ ਦੀ ਆਸ ਹੈ ।
ਏਸਦੇ ਦੁਸ਼ਮਣ ਵੀ ਭਾਵੇਂ ਰਹਿ ਸਕੇ ਨਾ ਸਿਫਤ ਬਿਨ,
ਬਖਸ਼ਿਆ ਇਖਲਾਕ ਇਸਨੂੰ ,ਮਾਨਸਿਕ ਵਿਕਾਸ ਹੈ ।
ਏਸਦੀ ਫਿਤਰਤ ਨੂੰ ਤੱਕਕੇ ਲੱਗਦਾ ਹੈ ਇੰਝ ਹੁਣ,
ਜਮ-ਪਲ਼ ਪੰਜਾਬ ਦਾ ,ਮੁਹਿੰਮਾਂ ਦਾ ਆਗਾਜ਼ ਹੈ ।
ਏਸਦਾ ਤਾਂ ਭੋਲ਼ਾਪਣ ਵੀ ਏਸ ਲਈ ਜੰਜੀਰ ਹੈ,
ਤਾਹੀਓਂ ਰਾਜਨੀਤਕਾਂ ਨੇ ਕਰਿਆ ਹਿਰਾਸ ਹੈ ।
ਏਸਦੇ ਵਿਓਹਾਰ ਕੋਲੋਂ ਅੰਦਰੋਂ ਭੈ-ਭੀਤ ਹੋ,
ਰੱਖਣਾ ਗੁਲਾਮ ਇਹਨੂੰ ਹਕੂਮਤੀ ਪਰਿਆਸ ਹੈ ।
ਹੱਕ,ਸੱਚ,ਅਣਖ ਤੇ ਇਨਸਾਫ,ਸੇਵਾ ਭਾਵਨਾ ,
ਜੱਗ ਤੇ ਰੱਖੂਗਾ ਜਿੰਦਾ,ਏਸ ਨੂੰ ਸ਼ਾਬਾਸ਼ ਹੈ ।।
ਡਾ ਗੁਰਮੀਤ ਸਿੰਘ ਬਰਸਾਲ (ਯੂ ਐਸ ਏ)