Thursday, May 23, 2013

Wednesday, May 22, 2013

ਜਿਹੜੇ ਕਹਿੰਦੇ ਚੁਰਾਸੀ ਨੂੰ ਭੁੱਲਜੋ ਤੁਸੀਂ

ਜਿਹੜੇ ਕਹਿੰਦੇ ਚੁਰਾਸੀ ਨੂੰ ਭੁੱਲ ਜੋ ਤੁਸੀਂ''''''

...........................................................................................

ਭਾਵੇਂ ਜਬਰਾਂ ਨੂੰ ਸਬਰਾਂ ਨੇ ਜਰਿਆ ਬੜਾ,
ਔਖਾ ਜਖਮਾਂ ਨੂੰ ਦਿਲ ਤੋਂ ਮਿਟਾਣਾ ਕਦੀ।
ਜਿਹੜੇ ਕਹਿੰਦੇ ਚੁਰਾਸੀ ਨੂੰ ਭੁੱਲ ਜੋ ਤੁਸੀਂ,
ਖੁਦ ਭੁੱਲਦੇ ਨਾਂ ਰਾਵਣ ਜਲਾਣਾ ਕਦੀ।।

ਹੁੰਦਾ ਦੂਜੇ ਨੂੰ ਕਹਿਣਾਂ ਤਾਂ ਸੌਖਾ ਬੜਾ,
ਜਿਹਦੇ ਦਿਲ ਤੇ ਗੁਜਰਦੀ ਉਹੀ ਜਾਣਦਾ।
ਫਰਕ ਹੁੰਦਾ ਹੈ ਲੋਕਾਂ ਦੀ ਵਾਹ ਵਾਹ ਲਈ,
ਅਤੇ ਆਰੇ ਦੇ ਦੰਦੇ ਤੇ ਚੜ੍ਹ ਗਾਣਦਾ।
ਜਿਹੜੇ ਉਜੜੀਆਂ ਧੀਆਂ ਵਸਾਉਂਦੇ ਰਹੇ,
ਨਹੀਂ ਵਸਿਆ ਉਹਨਾਂ ਦਾ ਘਰਾਣਾ ਕਦੀ।।

ਕਿਸੇ ਰਾਜੇ ਦੀ ਰਾਣੀ ਨੂੰ ਛਲਿਆ ਕਿਸੇ,
ਇਹ ਕਹਾਣੀ ਸੁਣਾਈ ਸੀ ਮਿਥਿਹਾਸ ਨੇ।
ਲੋਕੀਂ ਸਦੀਆਂ ਤੋਂ ਓਹਨੂੰ ਜਲਾਉਂਦੇ ਪਏ,
ਕਿੰਝ ਬਦੀਆਂ ਦੇ ਬਣ ਜਾਂਦੇ ਇਤਿਹਾਸ ਨੇ।
ਜਿਹੜਾ ਲੋਕਾਂ ਦੀ ਨਜਰਾਂ ਚ' ਗਿਰਜੇ ਕਿਤੇ,
ਹੁੰਦਾ ਔਖਾ ਏ ਫਿਰ ਤਾਂ ਭੁਲਾਣਾ ਕਦੀ।।

ਪਿੰਡ ਕੁੱਪ-ਰੋਹੀੜੇ ਦੀ ਧਰਤੀ ਉੱਪਰ
ਇੱਕ ਘੱਲੂ-ਕਾਰਾ ਸੀ ਹੋਇਆ ਕਦੇ।
ਹਰ ਔਰਤ, ਬੱਚਾ ਤੇ ਬੁੱਢਾ ਜਿੱਥੇ,
ਜਾਲਿਮ ਨੇ ਸੀ ਫੜ ਫੜ ਕੋਹਿਆ ਕਦੇ।
ਸਿੱਖ ਕੌਮ ਦੀ ਆਜ਼ਾਦ ਹਸਤੀ ਨੂੰ,
ਕਿਸੇ ਚਾਹਿਆ ਸੀ ਜੱਗੋਂ ਮੁਕਾਣਾ ਕਦੀ।।

ਮੁੱਲ ਪਾਕੇ ਸਿੱਖਾਂ ਦੇ ਸਿਰਾਂ ਦੇ ਬੜੇ,
ਨਹੀਂ ਜਾਲਿਮ ਦਾ ਦਿਲ ਸੀ ਭਰਿਆ ਇੱਥੇ।
ਅੱਗ ਕਾਹਨੂੰ ਵਾਲ ਦੇ ਜੰਗਲੀਂ ਲਾ,
ਮੁੜ ਘੱਲੂ-ਕਾਰਾ ਸੀ ਕਰਿਆ ਇੱਥੇ।
ਸਿੱਖਾਂ ਹਸ ਹਸ ਮੌਤ ਲਗਾਈ ਗਲੇ,
ਪਰ ਸਿੱਖਿਆ ਨਾਂ ਦਿਲ ਘਬਰਾਣਾ ਕਦੀ।।

ਸਿੱਖਾਂ ਦੇਸ਼ ਅਜਾਦੀ ਦੇ ਖਾਤਿਰ ਕਰੀ
ਵਿੱਤ ਆਪਣਿਓਂ ਵਧ ਕੁਰਬਾਨੀ ਸੀ।
ਸਭ ਭੁੱਲ-ਭੁਲਾ ਅਕਿਰਤ-ਘਣਾਂ,
ਬਸ ਨਸਲ-ਕੁਸ਼ੀ ਹੀ ਠਾਣੀ ਸੀ।
ਲੋਕੀਂ ਦੁਸ਼ਮਣ ਤੋਂ ਤਾ ਬਚ ਜਾਂਦੇ,
ਔਖਾ ਦੋਸਤ ਨੂੰ ਅਜਮਾਣਾ ਕਦੀ।।

ਹੈ ਚੁਰਾਸੀ ਦੀ ਵਿਥਿਆ ਤਾਂ ਕੱਲ ਦੀ ਹੀ ਗੱਲ
ਘਰ ਬਾਰ ਸਿੱਖਾਂ ਦੇ ਉਜਾੜੇ ਜਦੋਂ।
ਸੀ ਮਨੁੱਖਤਾ ਲੀਰੋ-ਲੀਰ ਕਰੀ,
ਪਾ ਟੈਰ ਗਲਾਂ ਵਿੱਚ ਸਾੜੇ ਜਦੋਂ।
ਜੋ ਹਕੂਮਤ ਦਰਿੰਦਗੀ ਦਿਖਾਂਦੀ ਰਹੀ,
ਇਤਿਹਾਸ ਵੀ ਮੂੰਹ ਛੁਪਾਣਾ ਕਦੀ।।

ਜਿਹਨਾਂ ਧਰਮ-ਸਥਾਂਨਾ ਤੇ ਫੌਜਾਂ ਚੜ੍ਹਾ,
ਟੈਂਕ-ਤੋਪਾਂ 'ਨਾ ਕਰੀ ਤਬਾਹੀ ਸੀ।
ਉਹਨਾਂ ਬੇ-ਗੁਨਾਹਾਂ ਨੂੰ ਫੜ-ਫੜਕੇ ,
ਪਿੰਡ ਪਿੰਡ ਕਤਲਿਆਮ ਮਚਾਈ ਸੀ।
ਜੋ ਹੱਕ-ਸੱਚ ਖਾਤਿਰ ਜੀਣ ਸਿੱਖੇ,
ਨਹੀਂ ਭੁਲਦੇ ਉਹ ਰੱਬ ਦਾ ਭਾਣਾ ਕਦੀ।।

ਚਿੰਨ ਬਣਿਆਂ ਜੇ ਰਾਵਣ ਬਦੀ ਦਾ ਬੁਰਾ,
ਫਿਰ ਤਾਂ ਰਾਵਣ ਹੀ ਫੂਕੇ ਨੇ ਜਾਣੇ ਇੱਥੇ।
ਕਦੇ ਪੁੱਛਣਾ ਤਾਂ ਪੈਣਾ ਏਂ ਸਿੱਖਾਂ ਨੂੰ ਵੀ,
ਕਿੰਨੇ ਰਾਵਣ ਨੇ ਉਹਨਾਂ ਜਲਾਣੇ ਇੱਥੇ।
ਹੁੰਦੇ ਜਾਲਿਮ ਤਾਂ ਹਰ ਥਾਂ ਤੇ ਵਸਦੇ ਹੀ ਨੇ,
ਛੱਡ ਪੁਤਲੇ ਨੂੰ ਸੱਚ ਅਪਣਾਣਾ ਕਦੀ।।

ਭਾਵੇਂ ਜਬਰਾਂ ਨੂੰ ਸਬਰਾਂ ਨੇ ਜਰਿਆ ਬੜਾ,
ਔਖਾ ਜਖਮਾਂ ਨੂੰ ਦਿਲ ਤੋਂ ਮਿਟਾਣਾ ਕਦੀ।
ਜਿਹੜੇ ਕਹਿੰਦੇ ਚੁਰਾਸੀ ਨੂੰ ਭੁੱਲ ਜੋ ਤੁਸੀਂ,
ਖੁਦ ਭੁੱਲਦੇ ਨਾਂ ਰਾਵਣ ਜਲਾਣਾ ਕਦੀ।।
ਡਾ ਗੁਰਮੀਤ ਸਿੰਘ ਬਰਸਾਲ(ਕੈਲੈਫੋਰਨੀਆਂ)gsbarsal@gmail.com

Thursday, May 16, 2013

Friday, May 10, 2013

Wednesday, May 8, 2013

ਗੁਰਮਤਿ ਪ੍ਰਚਾਰ ਅਤੇ ਪ੍ਰਬੰਧ ਦੇ ਬਦਲਦੇ ਰੂਪ


ਗੁਰਮਤਿ ਪ੍ਰਚਾਰ ਅਤੇ ਪ੍ਰਬੰਧ ਦੇ ਬਦਲਦੇ ਰੂਪ
ਸਿੱਖ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੂੰ ਦੁਨੀਆਂ ਤੱਕ ਪਹੁੰਚਾਉਣ ਨੂੰ ਗੁਰਮਤਿ ਦਾ ਪ੍ਰਚਾਰ ਕਿਹਾ ਜਾਂਦਾ ਹੈ। ਗੁਰੂ ਕਾਲ ਵੇਲੇ ਜਿਸ ਵੀ ਜਗਹ ਤੇ ਗੁਰੂ ਸਾਹਿਬ ਵਿਚਰ ਰਹੇ ਹੁੰਦੇ, ਗੁਰਮਤਿ ਪ੍ਰਚਾਰ ਦਾ ਕੇਂਦਰ ਹੁੰਦਾ ਸੀ। ਗੁਰੂ ਪਾਤਸ਼ਾਹ ਦੀਆਂ ਪ੍ਰਚਾਰ ਯਾਤਰਾਵਾਂ ਦੌਰਾਨ ਜਿੱਥੇ ਵੀ ਸੰਗਤਾਂ ਲਗਾਤਾਰ ਜੁੜਨ ਲੱਗਦੀਆਂ ਆਪਣੇ ਆਪ ਵਿੱਚ ਪ੍ਰਚਾਰ ਕੇਂਦਰ ਬਣ ਜਾਂਦਾ। ਬਹੁਤ ਵਾਰੀ ਅਜਿਹੇ ਲੋਕ ਜੋ ਮਨੁੱਖਤਾ ਨੂੰ ਤੰਗ ਕਰਦੇ ਸਨ, ਵੀ ਗੁਰੂ ਸਾਹਿਬਾਂ ਦੀਆਂ ਸੱਚ-ਤਰਕ ਦੀਆਂ ਗੱਲਾਂ ਤੋਂ ਪਰਭਾਵਿਤ ਹੋ ਕੇਵਲ ਸ਼ਰਧਾਲੂ ਨਾਂ ਹੋਕੇ ਸਗੋਂ ਗੁਰੂ ਦੀ ਗਲ ਅੱਗੇ ਤੋਰਨ ਵਾਲੇ ਪ੍ਰਚਾਰਕ ਬਣੇ। ਤੀਜੇ ਅਤੇ ਚੌਥੇ ਨਾਨਕ ਵੇਲੇ ਪ੍ਰਚਾਰਕਾਂ ਨੂੰ ਮੰਜੀਆਂ ਅਤੇ ਪੀਹੜਿਆਂ ਨਾਲ ਨਿਵਾਜਿਆ ਗਿਆ ਜਿਹਨਾਂ ਨੂੰ ਉਸ ਵੇਲੇ ਦੀ ਭਾਸ਼ਾ ਅਨੁਸਾਰ ਮਸੰਦ ਕਿਹਾ ਜਾਂਦਾ ਸੀ। ਇਹ ਮਸੰਦ ਗੁਰਮਤਿ ਦੇ ਪਰਚਾਰ ਦੇ ਨਾਲ ਨਾਲ ਸੰਗਤਾਂ ਦੀਆਂ ਭੇਟਾਵਾਂ, ਦਸਵੰਧ ਆਦਿ ਗੁਰੂ ਸਾਹਿਬਾਂ ਤੱਕ ਅਰਥਾਤ ਗੁਰਮਤਿ ਦੇ ਮੁੱਖ ਕੇਂਦਰ ਤੱਕ ਪਹੁੰਚਾਉਂਦੇ ਸਨ। ਸੁਕਿਰਤ ਕਰਨਾ ਗੁਰਮਤਿ ਦਾ ਮੁਢਲਾ ਉਪਦੇਸ਼ ਹੋਣ ਕਾਰਣ ਇਹ ਪ੍ਰਚਾਰਕ ਆਪਣੀ ਰੋਜੀ ਰੋਟੀ ਦਾ ਪ੍ਰਬੰਧ ਹੱਥੀਂ ਕਿਰਤ ਕਰਕੇ ਕਰਦੇ ਸਨ। ਗੁਰੂ ਸਾਹਿਬ ਦੇ ਚਲਾਏ ਜਾ ਰਹੇ ਮੁੱਖ ਗੁਰਮਤਿ ਪ੍ਰਚਾਰ ਕੇਂਦਰ ਤੋਂ ਦੂਰ ਦੁਰਾਡੇ ਰਹਿਣ ਵਾਲੀਆਂ ਸੰਗਤਾਂ ਵਿੱਚ ਇਹਨਾਂ ਦਾ ਜਿਆਦਾ ਪ੍ਰਭਾਵ ਹੋਣ ਕਾਰਣ ਇਹ ਪ੍ਰਚਾਰਕ ਵੀ ਸੰਗਤਾਂ ਤੋਂ ਮਾਣ ਸਤਿਕਾਰ ਲੈਂਦੇ ਲੈਂਦੇ ਹਉਮੇ ਗ੍ਰਸਤ ਹੁੰਦੇ ਗਏ। ਹੱਥੀਂ ਕਿਰਤ ਕਰਕੇ ਗੁਜਾਰਾ ਕਰਨ ਦੀ ਜਗਹ ਸੰਗਤਾ ਲਈ ਇਕੱਤਰ ਕੀਤੀਆਂ ਵਸਤਾਂ ਆਪ ਵਰਤਣ ਲੱਗ ਗਏ। ਹੌਲੀ ਹੌਲੀ ਵਧ ਰਹੇ ਲਾਲਚ ਕਾਰਣ ਦਸਵੰਧ ਲਈ ਸੰਗਤਾਂ ਨੂੰ ਤੰਗ ਪਰੇਸ਼ਾਨ ਵੀ ਕਰਨ ਲੱਗ ਗਏ। ਆਖਿਰ ਦਸਵੇਂ ਨਾਨਕ ਨੇ ਇਸ ਮਸੰਦ ਪ੍ਰਥਾ ਨੂੰ ਸਦਾ ਲਈ ਖਤਮ ਕਰਕੇ ਸਿੱਖ ਸੰਗਤਾਂ ਨੂੰ ਕੇਵਲ ਸ਼ਬਦ ਗੁਰੂ ,ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਿਆਂ ਹੋਇਆਂ, ਪਾਵਨ ਉਪਦੇਸ਼ "ਆਪਿ ਜਪਹੁ ਅਵਰਾ ਨਾਮੁ ਜਪਾਵਹੁ"(੨੮੯) ਅਨੁਸਾਰ ਜੀਵਨ ਜੁਗਤ ਨਾਲ ਜੁੜਨ ਤੇ ਜੋਰ ਦਿੱਤਾ। ਜਿਨਾਂ ਥਾਵਾਂ ਤੇ ਸੰਗਤਾਂ ਨੇ ਆਪ ਰਲ-ਮਿਲ ਗੁਰਮਤਿ ਉਪਦੇਸ਼ਾਂ ਨੂੰ ਵਿਚਾਰਨਾ, ਧਾਰਨਾਂ ਅਤੇ ਪ੍ਰਚਾਰਨਾ ਸ਼ੁਰੂ ਕੀਤਾ ਉਹਨਾਂ ਥਾਵਾਂ ਨੂੰ ਪਹਿਲਾਂ ਪਹਿਲ ਧਰਮਸ਼ਾਲਾ ਅਰਥਾਤ ਧਰਮ ਦਾ ਸਕੂਲ ਅਤੇ ਬਾਅਦ ਵਿੱਚ ਗੁਰਦੁਆਰਾ ਅਰਥਾਤ ਗੁਰੂ ਦੀ ਮੱਤ ਲੈਣ ਦਾ ਦੁਆਰ ਕਿਹਾ ਜਾਣ ਲੱਗ ਪਿਆ। ਸ਼ੁਰੂ ਸ਼ੁਰੂ ਵਿੱਚ ਇਹ ਗੁਰਦੁਆਰੇ ਕੇਵਲ ਇਤਿਹਾਸਿਕ ਸਥਾਨਾਂ ਤੇ ਹੀ ਸਨ ਪਰ ਹੌਲੀ ਹੌਲੀ ਸੰਗਤਾਂ ਦੀ ਲੋੜ ਅਨੁਸਾਰ ਸ਼ਹਿਰਾਂ ਪਿੰਡਾਂ ਵਿੱਚ ਬਣਨੇ ਸ਼ੁਰੂ ਹੋ ਗਏ। ਇਹ ਗੁਰਦਵਾਰੇ ਹੀ ਗੁਰਮਤਿ ਪ੍ਰਚਾਰ, ਪ੍ਰਸਾਰ ਦੇ ਕੇਂਦਰ ਬਣ ਗਏ।