Thursday, October 19, 2017

Tuesday, October 10, 2017

Saturday, October 7, 2017

ਮੈਜਿਕ ਅਤੇ ਲੌਜਿਕ !



ਮੈਜਿਕ ਅਤੇ ਲੌਜਿਕ !
ਮਨੁੱਖੀ ਪਹੁੰਚ ਵਿੱਚ ਜਦ ਤੋਂ,
ਇਹ ਇੰਟਰਨੈੱਟ ਆਇਆ ਹੈ ।
ਜੱਗ ਤੇ ਗਿਆਨ ਤੇ ਵਿਗਿਆਨ ਦਾ,
ਸੰਚਾਰ ਛਾਇਆ ਹੈ ।।
ਦੁਨੀਆਂ ਦੇ ਕਿਸੇ ਹਿੱਸੇ ਦੇ ਅੰਦਰ,
ਹੋ ਰਿਹਾ ਹੈ ਕੀ ?
ਮਿੰਟਾ ਤੇ ਸਕਿੰਟਾਂ ਵਿੱਚ ਹੀ ਬੰਦੇ,
ਭੇਤ ਪਾਇਆ ਹੈ ।।
ਦਿਖਾਕੇ ਉਲਟ ਕੁਦਰਤ ਦੀ,
ਰਚੀ ਨਿਯਮਾਵਲੀ ਕੋਲੋਂ
ਰਿਹਾ ਇਹ ਕਰਿਸ਼ਮਿਆਂ ਤੇ ਕਰਾਮਾਤਾਂ,
ਵਰਗਲਾਇਆ ਹੈ ।।
ਆਈ ਸੂਝ ਦੇ ਸੰਚਾਰ ਸਦਕਾ,
ਇਸਨੇ ਜਾਣਿਆਂ ।
ਮਜ਼ਹਬਾਂ ਸੋਚ ਖੂੰਡੀ ਕਰਨ ਦਾ,
ਜੁਗਾੜ ਲਾਇਆ ਹੈ ।।
ਗਿਆਨੋਂ ਸੱਖਣਾ ਹਨੇਰਿਆਂ ਤੋਂ,
ਡਰ ਰਿਹਾ ਸੀ ਜੋ ।
ਛਾਲ ਮਾਰਕੇ ਉੱਠਿਆ,
ਜਦੋਂ ਪ੍ਰਕਾਸ਼ ਆਇਆ ਹੈ ।।
ਜਿਸਨੂੰ ਸਮਝਕੇ ਉਹ ਨਾਗ,
ਡਰ-ਡਰ ਲੁੱਟ ਹੁੰਦਾ ਰਿਹਾ ।
ਗਲ਼ ਤੋਂ ਲਾਹ ਕੇ ਆਖਿਰ,
ਪਰੇ ਰੱਸਾ ਵਗਾਹਿਆ ਹੈ ।।
ਉਸਦੇ ਸੈਲਫ-ਹਿਪਨੋਟਾਈਜ ਲਈ,
ਮੰਤਰ ਜੋ ਦੱਸੇ ਸੀ ।
ਉਸਨੇ ਮੰਤਰਾਂ ਚੋਂ ਗਿਆਨ ਲੱਭ,
ਜੀਵਨ ਬਣਾਇਆ ਹੈ ।।
ਜਦ ਤੋਂ ਲੌਜਿਕਾਂ ਦੀ ਜੱਗ ਅੰਦਰ,
ਗੱਲ ਚੱਲੀ ਹੈ ।
ਲਗਭੱਗ ਮੈਜਿਕਾਂ ਦੀ ਬਾਤ ਦਾ,
ਹੋਇਆ ਸਫਾਇਆ ਹੈ ।।
ਗੁਰਮੀਤ ਸਿੰਘ ‘ਬਰਸਾਲ’ (ਕੈਲਿਫੋਰਨੀਆਂ)

Tuesday, October 3, 2017

ਰੱਬ ਦੇ ਦਾਸ



ਰੱਬ ਦੇ ਦਾਸ !

ਹੁਕਮ-ਨਿਯਮ ਦੀ ਸਿੱਖਿਆ ਪੜ੍ਹਕੇ,
ਬਦਲਨ ਦੀ ਕਰਦੇ ਅਰਦਾਸ ।
ਫਿਰ ਅਖਵਾਉਂਦੇ ਰੱਬ ਦੇ ਦਾਸ ।।

'ਇਕਾ ਬਾਣੀ ਇਕੁ ਗੁਰੁ' ਕਹਿਕੇ,
ਸੋਚ ਨਾ ਛੱਡਣ ਬਿਪਰੀ ।
ਬਚਿੱਤਰੀ ਬੜੇ ਚਲਿੱਤਰੀ ।।

ਗੁਰ ਸਿੱਖਿਆ ਨੂੰ ਵੇਚਣ ਖਾਤਿਰ,
ਧਰਮ ਬਣਾਇਆ ਧੰਦਾ ।
ਪੁਜਾਰੀ ਸਦਾ ਹੀ ਗੰਦਾ ।।

ਸਿੱਖ ਇਤਿਹਾਸਿਕ ਯਾਦਾਂ ਢਾਹਕੇ,
ਉੱਪਰ ਲਾਤਾ ਸੰਗਮਰਮਰ ।
ਦੁਸ਼ਮਣ ਦਾ ਹੁਣ ਕੀ ਏ ਡਰ ।।

ਗੁਰਮਤਿ ਦੇ ਸਕੂਲ ਬਣਾਤੇ,
ਬਿਪਰੀ ਪੂਜਾ-ਘਰ ।
ਕਿੰਝ ਆਖੀਏ ਗੁਰੂ ਦੇ ਦਰ ।।

ਹਨੂਮਾਨ ਦੇ ਆਖ ਕਛਹਿਰੇ,
ਵਾਂਗ ਜਨੇਊਆਂ ਪਾਏ ।
ਗੁਰ ਸਿੱਖਿਆ ਨੂੰ ਬਾਏ-ਬਾਏ ।।

ਬਿਪਰ ਨੂੰ ਇਹ ਸਿੱਖ ਨੇ ਕਹਿੰਦੇ,
ਸਿੱਖ ਨੂੰ ਕਾਮਰੇਡ ।
ਬਿੱਜੂ-ਬੂਝੜ-ਧੂਤੇ-ਭੇਡ ।।
ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ )