Tuesday, January 28, 2014

ਆਮ ਆਦਮੀ!!

ਆਮ ਆਦਮੀ!!
ਇੱਜਤ ਦੀ ਰੋਟੀ, ਕੱਪੜਾ ਤੇ ਛੱਤ ਮਿਲ ਜਾਵੇ,
ਇਸੇ ਸੋਚ, ਸੋਚਾਂ ਵਿੱਚ, ਪਾਇਆ ਆਮ ਆਦਮੀ।।
ਭਾਵੇਂ ਗੋਰੇ, ਭੂਰਿਆਂ ਜਾਂ ਕਾਲਿਆਂ ਦਾ ਰਾਜ ਹੋਵੇ,
ਸਦਾ ਦੁਖੀ ਕੀਤਾ ਤੇ, ਰੁਆਇਆ ਆਮ ਆਦਮੀ।।
ਦੇਸ਼ ਕੌਮ ਖਤਰੇ 'ਚ, ਕਹਿਣ ਵਾਲਾ ਹੋਰ ਹੁੰਦਾ,
ਦੰਗਿਆਂ ਦੇ ਵਿੱਚ, ਮਰਵਾਇਆ ਆਮ ਆਦਮੀ।।
ਮਜ਼ਹਬਾਂ ਤੇ ਜਾਤਾਂ ਵਾਲੇ, ਟੁਕੜੇ ਅਨੇਕ ਕਰ,
ਆਪੋ ਵਿੱਚ ਜਾਂਦਾ ਹੈ, ਲੜਾਇਆ ਆਮ ਆਦਮੀ।।
ਥੋੜੇ ਹੋਣ ਤੇ ਵੀ ਕਾਬੂ, ਬਾਹਲ਼ਿਆਂ ਨੂੰ ਰੱਖੀ ਜਾਂਦੇ,
ਨੀਤਕਾਂ ਨੇ ਭੇਡੂ ਹੈ, ਬਣਾਇਆ ਆਮ ਆਦਮੀ।।
ਹੱਕ, ਸੱਚ, ਇਨਸਾਫ਼, ਬਾਰੇ ਸੋਚ ਸਕਦਾ ਨਾ,
ਨਸ਼ਿਆਂ ਦੇ ਨਾਲ ਹੈ, ਸੁਲਾਇਆ ਆਮ ਆਦਮੀ।।
ਜਾਲ਼ ਲਾਕੇ ਪਾਏ ਦਾਣੇ, ਹਰ ਵਾਰ ਚੁਗੀ ਜਾਂਦਾ,
ਗਰਜਾਂ ਦਾ ਪਿਆ ਹੈ, ਸਤਾਇਆ ਆਮ ਆਦਮੀ।।
ਵੱਡੇ ਵੱਡੇ ਖੱਬੀ ਖਾਨ, ਪੈਰਾਂ ਵਿੱਚ ਰੁਲ਼ ਜਾਣੇ,
ਆਪਣੀ ਆਈ ਤੇ ਜਦੋਂ, ਆਇਆ ਆਮ ਆਦਮੀ।।

 ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

Wednesday, January 22, 2014

Monday, January 20, 2014

ਬੇਬੀ-ਡੇ


,,,,,,,,,,,
ਮੌਸਮ ਦੇ ਤਿਓਹਾਰਾਂ ਆੜੀਂ, 
ਮਜ਼ਹਬੀ ਨਾਂ ਬਣ ਜਾਈਏ।
ਵਿਪਰ ਦੀਆਂ ਚਾਲਾਂ ਤੋਂ ਬਚੀਏ,
ਨਾਲੇ ਜੱਗ ਬਚਾਈਏ।।
ਨਾ ਮੰਨੂ ਦੇ ਆਖੇ ਲਗਕੇ,
ਲੜਕੀ ਨੂੰ ਛੁਟਿਆਈਏ।
ਔਰਤ ਨੂੰ ਧਿਰਕਾਰਨ ਵਾਲਾ,
ਨਾ ਕੋਈ ਦਿਵਸ ਮਨਾਈਏ।।
ਨਾ ਲੋਹੜੀ, ਨਾ ਰੱਖੜੀ, ਨਾਹੀ,
ਕਰਵਾ ਚੌਥ ਰਖਾਈਏ।
ਨਾ ਹੀ ਜੱਗ ਦੀ ਜਨਣੀ ਕੋਲੋਂ,
ਮਰਦਾਂ ਨੂੰ ਵਡਿਆਈਏ।।
ਨਾ ਅਗਨੀ ਦੀ ਪੂਜਾ ਕਰੀਏ,
ਨਾ ਹੀ ਹਵਨ ਕਰਾਈਏ।
ਨਾ ਹੀ ਅੱਗ ਤੇ ਭੋਜਨ ਸੁੱਟਕੇ,
ਅਗਨੀ-ਦੇਵ ਰਿਝਾਈਏ।।
ਨਵਾਂ ਜੀਵ ਜਦ ਜੱਗ ਤੇ ਆਉਂਦਾ,
ਰਲ਼-ਮਿਲ਼ ਖੁਸ਼ੀ ਮਨਾਈਏ।
ਕੁੜੀ-ਮੁੰਡੇ ਵਿੱਚ ਭੇਦ ਮੁਕਾਕੇ,
ਬੇਬੀ-ਡੇ ਅਪਣਾਈਏ।।

ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)