Sunday, March 23, 2014

ਭਗਤ ਸਿੰਘ ਦੀ ਮੰਜਿਲ ?

ਭਗਤ ਸਿੰਘ ਦੀ ਮੰਜ਼ਿਲ ?

ਭਗਤ ਸਿੰਘ ਦੀਆਂ ਜਦ ਵੀ ਗੱਲਾਂ ਕਰੀਆਂ ਨੇ ।
ਹਿੰਦੂ, ਸਿੱਖ ਜਾਂ ਨਾਸਤਿਕਤਾ ਤੇ ਮਰੀਆਂ ਨੇ ।।

ਹਰ ਕੋਈ ਆਪਣੀ ਐਨਕ ਥਾਈਂ ਵੇਂਹਦਾ ਏ,
ਦੂਜਾਂ ਵੀ ਇੰਝ ਵੇਖੇ ਰੀਝਾਂ ਖਰੀਆਂ ਨੇ ।।

ਸਾਂਝ ਗੁਣਾਂ ਦੀ ਵਿੱਚ ਕਿਤਾਬੀਂ ਰਹਿ ਗਈ ਏ,
ਜਾਤਾਂ ਮਜ਼ਹਬਾਂ ਦੇ ਨਾਲ ਨੀਹਾਂ ਭਰੀਆਂ ਨੇ ।।

ਰੰਗ ਨਸਲ ਤਾਂ ਬੜੇ ਦੂਰ ਦੀਆਂ ਬਾਤਾਂ ਨੇ,
ਵੰਡਣ ਲਈ ਸ਼ਹੀਦ ਜਰੀਬਾਂ ਧਰੀਆਂ ਨੇ ।।

ਮਾਨਵਤਾ ਹੈ ਦੂਰ ਤੇ ਫਿਰਕੇ ਨੇੜੇ ਨੇ,
ਤਵਾਰੀਖਾਂ ਵੀ ਸੱਚ ਕਹਿਣ ਤੋਂ ਡਰੀਆਂ ਨੇ ।।

ਇੱਕ ਗੁਲਾਮੀ ਛੁੱਟਦੀ ਦੂਜੀ ਆ ਜਾਦੀ,
ਆਜ਼ਾਦੀ ਦੇ ਨਾਂ ਤੇ ਇਹੋ ਜਰੀਆਂ ਨੇ ।।

ਇੰਕਲਾਬ ਦੀ ਸੋਚ ਨੂੰ ਬੁੱਤ ਬਣਾ ਦਿੱਤਾ,
ਭਗਤ ਸਿੰਘ ਦੀਆਂ 'ਜੀਣ ਉਮੀਦਾਂ' ਠਰੀਆਂ ਨੇ ।।

ਪਾਕੇ ਹਾਰ ਸ਼ਹੀਦਾਂ ਵਾਲੇ ਬੁੱਤਾਂ ਤੇ,
ਨੇਤਾਵਾਂ ਨੇ ਕੀਤੀਆਂ ਵੋਟਾਂ ਖਰੀਆਂ ਨੇ ।।

ਤਨ ਤੋਂ ਸੰਗਲ ਲਥ ਕੇ ਮਨ ਨੂੰ ਲਗ ਗਏ ਨੇ,
ਨਾਰ ਆਜਾਦੀ ਕੀਤੀਆਂ ਕੀ ਦਿਲਬਰੀਆਂ ਨੇ ।।

ਭਗਤ ਸਿੰਘ ਦਾ ਜੰਮਣਾ ਲੋਕ ਸਲਾਹੁੰਦੇ ਨੇ,
ਪਰ ਖੁਦ ਦੇ ਨਾਂ ਜੰਮੇ ਬਾਹਵਾਂ ਖੜੀਆਂ ਨੇ ।।

ਜਿਸ ਖਾਤਿਰ ਉਹ ਲੜਿਆ ਇਹ ਉਹ ਮੰਜਿਲ ਨਹੀਂ,
ਆਸਾਂ ਤਾਹੀਓਂ ਹਰ ਬੰਦੇ ਦੀਆਂ ਸੜੀਆਂ ਨੇ ।।

ਡਾ ਗੁਰਮੀਤ ਸਿੰਘ "ਬਰਸਾਲ" ਕੈਲੇਫੋਰਨੀਆਂ

Monday, March 17, 2014

ਸਿੱਖ ਅਤੇ ਹੋਲੀ

ਸਿੱਖ ਅਤੇ ਹੋਲੀ !!
,,,,,,,,,,,,,,,,,,,,,,,,,,,,,,,,,,,,,,,
ਸਿੱਖ ਜਦੋਂ ਵੀ ਹੋਲੀ ਖੇਡਣ ਲੰਘਦੇ ਨੇ ।।
ਗੁਰਮਤਿ ਭੁੱਲੇ ਲਗਦੇ ਬਿਪਰੀ ਰੰਗ ਦੇ ਨੇ ।।
ਰੰਗੇ-ਗਿੱਦੜ ਬਣਕੇ ਹੁੱਭੇ ਫਿਰਦੇ ਨੇ,
ਅਨਮਤੀਆਂ ਦੀ ਖੰਘ 'ਚ ਸਦ ਹੀ ਖੰਘਦੇ ਨੇ ।।
ਲੋਕਾਂ ਤੇ ਰੰਗ, ਪਾਣੀ, ਚਿੱਕੜ ਸੁੱਟਦੇ ਨੇ,
ਕਿੱਦਾਂ ਕਹੀਏ ਭਲਾ ਜਗਤ ਦਾ ਮੰਗਦੇ ਨੇ ।।
ਗੁਰਬਾਣੀ ਦੇ ਨਾਲ ਜੋ ਮਨ ਨੂੰ ਰੰਗਣਾ ਸੀ,
ਝੂਠੇ ਰੰਗਾਂ ਨਾਲ ਹੀ ਤਨ ਨੂੰ ਰੰਗਦੇ ਨੇ ।।
ਨਾਮ-ਰੰਗਤ ਦੀ ਅੱਜ-ਕਲ ਸੰਗਤ ਭੁੱਲ ਬੈਠੇ,
ਚਾੜ੍ਹ ਖੁਮਾਰੀ, ਬਣੇ ਪੁਜਾਰੀ ਭੰਗ ਦੇ ਨੇ ।।
ਗੁਰਮਤਿ ਸਾਨੂੰ 'ਸਹਿਜ' 'ਟਿਕਾਓ' ਦੱਸਦੀ ਏ,
ਬਾਣੀ ਦੀ ਹਰ ਸੇਧ ਨੂੰ ਸਿੱਖ ਉਲੰਘਦੇ ਨੇ ।।
ਮਿਥਿਹਾਸਾਂ ਨਾਲ ਜੁੜੀਆਂ ਬਾਤਾਂ ਮੰਨਦੇ ਨੇ,
ਇਤਿਹਾਸਾਂ ਨੂੰ ਸਦਾ ਹੀ ਛਿੱਕੇ ਟੰਗਦੇ ਨੇ ।।
ਜਿਹਨਾਂ ਦਾ ਤਿਓਹਾਰ ਮੁਬਾਰਕ ਉਹਨਾਂ ਨੂੰ,
ਸਿੱਖ ਹੀ ਅੱਜ-ਕੱਲ ਸੱਚ ਕਹਿਣ ਤੋਂ ਸੰਗਦੇ ਨੇ ।।

,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
ਡਾ ਗੁਰਮੀਤ ਸਿੰਘ "ਬਰਸਾਲ" ਕੈਲੇਫੋਰਨੀਆਂ

Saturday, March 15, 2014

Monday, March 10, 2014

Wednesday, March 5, 2014

ਬਦਲਾਵ

ਬਦਲਾਵ
ਜਦ ਵੀ ਜੱਗ ਤੇ ਬਦਲਾਵ ਦੇ ਆਸਾਰ ਆਉਂਦੇ ਨੇ।।
ਸਤੇ ਸਥਾਪਤੀ ਦੇ ਲੋਕ ਕਈ ਝੰਡੇ ਉਠਾਉਂਦੇ ਨੇ।।
ਜਿਹੜੇ ਜਾਣਦੇ ਪੁਚਕਾਰਨਾ ਕਿੰਝ ਲੋੜਵੰਧਾਂ ਨੂੰ,
ਭੁੱਖੇ ਢਿੱਡ ਨੂੰ ਰੋਟੀ ਦੇ ਕਈ ਸੁਫਨੇ ਦਿਖਾਉਂਦੇ ਨੇ।।
ਲਾਰੇ ਸੁਣਦਿਆਂ ਜੀਵਨ ਬੁਢਾਪਾ ਬਣ ਗਿਆ ਜੇਕਰ,
ਬੁਝੀ ਅੱਖ ਵਿੱਚ ਹਰਫਾਂ ਦਾ ਕੁੱਟ ਸੁਰਮਾ ਘਸਾਉਂਦੇ ਨੇ।।
ਬੇਈਮਾਨ ਨੀਤੀ ਨੂੰ ਜੋ ਹੋਣੀ ਮੰਨ ਬਹਿੰਦੇ ਨੇ,
ਕਿਸੇ ਬਦਲਾਵ ਦੀ ਨਾਂ ਮੁੜ ਕਦੇ ਉਹ ਬਾਤ ਪਾਉਂਦੇ ਨੇ।।
ਹਰ ਇਕ ਵਾਰ ਦੇ ਧੋਖੇ ਤੋਂ ਡਰਕੇ ਲੋਕ ਬਹਿ ਜਾਂਦੇ,
ਸੜੇ ਦੁੱਧ ਦੇ, ਬੁੱਲੀਂ, ਉਹ ਡਰ ਲੱਸੀ ਨਾਂ ਲਾਉਂਦੇ ਨੇ।।
ਜਦੋਂ ਦਹਾਕਿਆਂ ਪਿੱਛੋਂ ਕੋਈ ਝੰਡਾ ਚੁੱਕ ਲੈਂਦਾ ਏ ,
ਅੱਖਾਂ ਮੀਚਕੇ ਉਹਨੂੰ ਵੀ ਉਸੇ ਰਾਹ ਲੰਘਾਉਂਦੇ ਨੇ।।
ਲੋਕੀਂ ਲੀਡਰਾਂ ਨੂੰ ਬਦਲਨਾ ਬਦਲਾਵ ਮੰਨ ਬਹਿੰਦੇ,
ਉਸੇ ਨੂੰ ਆਜਾਦੀ ਜਾਣ ਉਹ ਤਾਂ ਗੀਤ ਗਾਉਂਦੇ ਨੇ।।
ਲੰਬੇ ਵਕਫਿਆਂ ਨਾਲ ਧਰਤ ਐਸੇ ਪੁੱਤ ਜਣਦੀ ਏ,
ਭ੍ਰਿਸ਼ਟ ਸਿਸਟਮਾਂ ਤੋਂ ਸਦਾ ਜੋ ਨਾਜ਼ਾਤ ਚਾਹੁੰਦੇ ਨੇ।।
ਨੈਤਿਕ ਕੀਮਤਾਂ ਦੇ ਨਾਲ ਜੋ ਇੰਕਲਾਬ ਤੁਰਦੇ ਨੇ,
ਹੱਕ ਸੱਚ ਤੇ ਇਨਸਾਫ ਦੀ ਆਸ਼ਾ ਜਗਾਉਂਦੇ ਨੇ।।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
gsbarsal@gmail.com