Sunday, November 30, 2014

Tuesday, November 18, 2014

ਵਿਪਰੀ-ਚਾਲ !!


ਬਿਪਰ ਨਾਲ ਜਦ ਬਾਬੇ ਮੱਥਾ ਲਾਇਆ ਸੀ
ਓਦੋਂ ਦਾ ਹੀ ਫਿਰਦਾ ਉਹ ਘਬਰਾਇਆ ਸੀ ।।
ਝੂਠ ਓਸਦਾ ਬਾਬੇ  ਜਾਹਰ ਕੀਤਾ ਸੀ,
ਤਾਹੀਓਂ ਸੱਚ ਦੇ ਖੂਨ ਦਾ ਉਹ ਤ੍ਰਿਹਾਇਆ ਸੀ ।।
ਕਰਮ-ਕਾਂਢ, ਵਹਿਮਾਂ ਤੇ ਅੰਧ-ਵਿਸ਼ਵਾਸਾਂ ਨੂੰ,
ਬਾਬੇ ਸੱਚ ਦੀ ਤੇਗ ਨਾਲ ਝਟਕਾਇਆ ਸੀ ।।
ਚਿੰਨਾਂ ਦੇ ਨਾਲ ਜਿਹੜੇ ਧਰਮ ਜਣਾਉਂਦੇ ਸੀ ,
ਸਾਰੇ ਜੱਗ ਦੇ ਸਾਹਵੇਂ ਉਹ ਝੁਠਲਾਇਆ ਸੀ ।।
ਕੁਦਰਤ ਦੇ ਨਿਯਮਾਂ ਨਾਲ ਜਿਹੜੇ ਖਹਿੰਦੇ ਨੇ,
ਹੁੰਦੇ ਝੂਠ ਮਕਾਰ ਬਾਬੇ ਫਰਮਾਇਆ ਸੀ ।।
ਸੱਚ ਦੇ ਸਾਹਵੇਂ ਬਿਪਰ ਕਦੇ ਟਿਕ ਸਕਿਆ ਨਾ,
ਗੈਰ ਕੁਦਰਤੀ ਕਰਿਸ਼ਮਿਆਂ ਦਾ ਭਰਮਾਇਆ ਸੀ ।।
ਨਾਨਕ-ਸੋਚ ਮੁਕਾਉਣ ਵਾਲੀਆਂ ਚਾਲਾਂ ਚੱਲ,
ਉਸਨੇ ਆਪਣਾ ਸਾਰਾ ਤਾਣ ਲਗਾਇਆ ਸੀ ।।
ਜਾਤ ਬੰਦੇ ਦੀ ਵੰਡਕੇ ਅੱਗੋਂ ਜਾਤਾ ਵਿੱਚ,
ਖੁਦ ਨੂੰ ਉੱਤਮ ਜਾਤ ਉਹਨੇ ਸਦਵਾਇਆ ਸੀ ।।
ਮੱਲੋ-ਮੱਲੀ ਰੱਬ ਦਾ ਖੈਰ-ਖੁਆਹ ਬਣਿਆ,
ਲੋਕਾਂ ਡਰਕੇ ਸਿਰਤੇ ਬਹੁਤ ਚੜ੍ਹਾਇਆ ਸੀ ।।
ਘੜ-ਘੜ ਕੇ ਮਿਥਿਹਾਸ ਆਪਣੀ ਹੋਂਦ ਲਈ,
ਲੁੱਟ-ਲੁੱਟ ਕਿਰਤੀ ਵਰਗ ਬੜਾ ਤੜਫਾਇਆ ਸੀ ।।
ਅਗਲੇ-ਪਿਛਲੇ ਜਨਮਾਂ ਵਾਲਾ ਡਰ ਦੇਕੇ,
"ਅੱਜ",ਓਸਨੇ ਕਿਰਤੀ ਦਾ ਹਥਿਆਇਆ ਸੀ ।।
ਲੱਖ ਕੋਸ਼ਿਸ਼ ਦੇ ਨਾਲ ਸਫਲ ਨਾ ਹੋਇਆ ਜਦ,
ਸਿੱਖ ਅੰਦਰ ਉਸ ਆਣ ਚਾਂਉਕੜਾ ਲਾਇਆ ਸੀ ।।
ਲੋਕੀਂ ਉਸਤੋਂ ਬਾਹਰੋਂ ਲੁਕਦੇ ਫਿਰਦੇ ਨੇ,
ਅੰਦਰ ਉਹ ਤਾਂ ਬਣ ਬੈਠਾ ਹਮ-ਸਾਇਆ ਸੀ ।।
ਜਦ ਜਦ ਸਿੱਖ ਨੇ ਬਾਹਰ ਨੂੰ ਮੂੰਹ ਕੀਤਾ ਸੀ,
ਅੰਦਰ ਬੈਠਾ ਬਿਪਰ ਸਦਾ ਮੁਸਕਾਇਆ ਸੀ ।।

ਡਾ ਗੁਰਮੀਤ ਸਿੰਘ ਬਰਸਾਲ (ਕੈਲੈਫੋਰਨੀਆਂ)

Monday, November 3, 2014