Saturday, October 31, 2015

ਧਰਮ ਨੂੰ ਰਾਜਨੀਤੀ ਦੀ ਪਕੜ ਤੋਂ ਬਚਾਉਣਾ ਸਮੇ ਦੀ ਵੱਡੀ ਲੋੜ !!

ਧਰਮ ਨੂੰ ਰਾਜਨੀਤੀ ਦੀ ਪਕੜ ਤੋਂ ਬਚਾਉਣਾ ਸਮੇ ਦੀ ਵੱਡੀ ਲੋੜ !!
ਅਜੋਕੇ ਰਾਜਨੀਤਕ ਮਹੌਲ ਵਿੱਚ ਪਲਿਆ ਇਨਸਾਨ ਇਹ ਸਮਝਦਾ ਹੈ ਕਿ ਅੱਜ ਦੇ ਸਮੇ ਰਾਜਨੀਤਕ ਸ਼ਕਤੀ ਹਥਿਆਉਣਾ ਹੀ ਸਭ ਤੋਂ ਵੱਡੀ ਤਾਕਤ ਹਾਸਲ ਕਰਨਾ ਹੈ। ਰਾਜਨੀਤੀ ਹਥਿਆਉਂਦਾ ਉਹ ਇਹ ਜਾਣ ਜਾਂਦਾ ਹੈ ਕਿ ਸਿੱਧੇ-ਸਾਧੇ ਲੋਕ ਧਰਮ ਦਾ  ਸਤਿਕਾਰ ਕਰਦੇ ਹੋਏ ਧਰਮ ਤੋਂ ਸਭ ਕੁਝ ਵਾਰਨ ਲਈ ਤਿਆਰ ਹੋ ਜਾਦੇ ਹਨ, ਸੋ ਕਿਓਂ ਨਾ ਉਹਨਾਂ ਦੀ ਇਸ ਸ਼ਰਧਾਲੂ ਭਾਵਨਾ ਦਾ ਫਾਇਦਾ ਉਠਾਇਆ ਜਾਵੇ। ਮੀਰੀ-ਪੀਰੀ ਜਾਂ ਧਰਮ-ਰਾਜਨੀਤੀ ਦੇ ਸੁਮੇਲ ਦੇ ਕੇਵਲ ਆਪਦੇ ਸਵਾਰਥੀ ਹਿਤਾਂ ਲਈ ਅਰਥ ਕਰਦਿਆਂ ਰਾਜਨੀਤਕ ਲੋਕ ਇਹਨਾ ਸ਼ਬਦ-ਜੁੱਟਾਂ ਦੀ ਗਲਤ ਵਰਤੋਂ ਰਾਹੀਂ ਅਸਲ ਵਿੱਚ ਧਰਮ ਤੇ ਰਾਜਨੀਤੀ ਨੂੰ ਠੋਸਣ ਦਾ ਯਤਨ ਕਰ ਰਹੇ ਹੁੰਦੇ ਹਨ।

Friday, October 30, 2015

ਕੜੀ !!

ਕੜੀ !!
ਜਦੋਂ ਸੀ ਮਸੰਦ ਖੂਨ ਪਰਜਾ ਦਾ ਪੀਣ ਲੱਗੇ,
ਗੁਰੂ ਨੇ ਨਕਾਰੇ ਕਾਹਤੋਂ ? ਮਨਾਂ ਨੂੰ ਘਰੋੜੀਏ ।
ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਹੀ ਖਾਈ ਜਾਵੇ,
ਮਨਮਤ ਬਣੀਆਂ ਜੰਜੀਰਾਂ ਲਾਹ ਕੇ ਰੋੜ੍ਹੀਏ ।
ਧਰਮ ਦੀ ਆੜ ਜਦੋਂ ਕਿਰਤੀ ਦੀ ਲੁੱਟ ਕਰੇ,
ਘੱਟੋ-ਘੱਟ ਓਸ ਵੇਲੇ ਬਹਿਕੇ ਸਿਰ ਜੋੜੀਏ ।
ਸੱਚ ਤੇ ਧਰਮ ਵਾਲਾ ਲੈਣਾ ਪਵੇ ਫੈਸਲਾ ਜੇ,
ਰਾਜਨੀਤਕਾਂ ਨੂੰ ਕਦੇ ਵਿੱਚ ਨਾ ਘਸੋੜੀਏ ।
ਨੀਤੀ ਦੇ ਛਲਾਵੇ ਸਦਾ ਮੱਤ ਵਰਗਲਾਂਵਦੇ ਨੇ,
ਗੁਰੂ ਉਪਦੇਸ਼ਾਂ ਨਾਲ ਮਨ ਸਦਾ ਹੋੜੀਏ ।
ਗੁਰੂ ਜੀ ਮਸੰਦਾਂ ਦੀ ਪ੍ਰਥਾ ਜਿੱਦਾਂ ਬੰਦ ਕੀਤੀ,
ਸਭਾ ਰਾਜ-ਪੰਡਤਾਂ ਦੀ ਓਦਾਂ ਆਪਾਂ ਛੋੜੀਏ ।
ਰਾਜਨੀਤਕਾਂ ਦੀ ਘੜੀ ਕਠਪੁਤਲੀ ਹੀ ਰਹਿਣੀ,
ਪੰਥਕ ਰਵਾਇਤਾਂ ਕਹਿਕੇ ਕਿੰਨਾਂ ਵੀ ਮਰੋੜੀਏ ।
ਜਿਹੜੀ ਕੜੀ ਨਾਲ ਨੀਤੀ ਧਰਮ ਤੇ ਭਾਰੂ ਹੋਵੇ,
ਆਓ ਬੈਠ ਖਾਲਸਾ ਜੀ ਕੜੀ ਓਹੋ ਤੋੜੀਏ ।।

ਡਾ ਗੁਰਮੀਤ ਸਿੰਘ ਬਰਸਾਲਕੈਲੇਫੋਰਨੀਆਂ

Thursday, October 15, 2015

ਬੇ-ਅਦਬੀ ਦੀ ਪੀੜ !!

ਬੇ-ਅਦਬੀ ਦੀ ਪੀੜ !!
ਗੁਰੂ ਗ੍ਰੰਥ ਜੀ ਨੂੰ ਜਿਹੜਾ,
ਮੰਨੇ ਨਾ ਸਰਬ-ਉੱਚ ।
ਬਾਹਰੀ ਸਤਿਕਾਰ ਉਹਦਾ,
ਝੱਟ ਹੈ ਜਾਂ ਬਿੰਦ ਹੈ ।।
ਕੌਮੀ ਲੋੜ ਵੇਲੇ ਜਿਹੜਾ,
ਕੌਮ ਨਾਲ ਖੜਦਾ ਨਾ ।
ਬਾਹਰੋਂ ਜਿੰਦਾ ਦਿਖੇ ਪਰ,
ਬੰਦਾ ਨਿਰਜਿੰਦ ਹੈ ।।
ਹੱਕ-ਇਨਸਾਫ ਦੀ ਥਾਂ,
ਡਾਂਗ ਫੇਰ ਪਰਜਾ ਤੇ ।
ਕੁਰਸੀ ਟਿਕਾਵੇ ਜਿਹੜਾ,
ਕੱਲ-ਯੁੱਗੀ ਕਿੰਗ ਹੈ ।।
ਇਹੋ ਜਿਹੇ ਦੋਗਲੇ ਨੂੰ,
ਸਿੱਖ ਕਿੱਦਾਂ ਜਾਣੇ ਕੋਈ ।
ਮੂੰਹ ‘ਚ ‘ਆਕਾਲ’ ਜਿਹਦੇ,
ਢਿੱਡੋਂ ‘ਜੈ-ਹਿੰਦ’ ਹੈ ।।
ਪਿਤਾ ਵਾਲੇ ਕੇਸ ਪੁੱਟ,
ਰੂੜੀ ਤੇ ਖਿਲਾਰੇ ਕੋਈ ।
ਸੇਕ ਵੀ ਨਾ ਲੱਗੇ ਜਿਹਨੂੰ,
ਦੱਸੋ ਪੁੱਤ ਕਿੰਝ ਹੈ ।।
ਗੁਰੂ ਪਿਤਾ ਵਾਲੀ ਜੋ,
ਬੇ-ਅਦਬੀ ਨੇ ਪੀੜਿਆ ਨਾ ।
ਸਿੰਘਾਂ ਵਾਲਾ ਭੇਖ ਦੇਖ,
ਸਮਝੋ ਨਾ ਸਿੰਘ ਹੈ ।।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

Tuesday, October 13, 2015

ਹਾਕਮ ਨੂੰ !!

ਹਾਕਮ ਨੂੰ !!
ਜਦੋਂ ਮਦਹੋਸ਼ ਪਰਜਾ ਨੇ, ਕਦੇ ਕੋਈ ਅੱਖ ਖੋਲੀ ਹੈ ।
ਨਸ਼ੇ ਨੂੰ ਕਰ ਦਿਓ ਦੂਣਾ, ਤਦੇ ਸਰਕਾਰ ਬੋਲੀ ਹੈ ।।
ਮਸਲਾ ਧਰਮ ਦਾ ਹੋਵੇ, ਚਾਹੇ ਕੋਈ ਰਾਜਨੀਤੀ ਦਾ ।
ਸੰਘੀ ਘੁੱਟ ਕੇ ਆਖਣ, ਕਿ ਜੰਤਾ ਬਹੁਤ ਭੋਲੀ ਹੇ ।।
ਰਹਿਣੀ ਲੋੜ ਨਾ ਕੋਈ ਵੀ, ਧਰਮੀ ਰਾਜਨੀਤੀ ਦੀ ।
ਸਚਾਈ ਹੋ ਗਈ ਸਸਤੀ, ਸਮੇ ਨੇ ਗੱਲ ਤੋਲੀ ਹੈ ।।
ਕੁੱਟਣਾ, ਲੁੱਟਣਾ ਹੁੰਦਾ, ਸਦਾ ਹੀ ਹੱਕ ਹਾਕਮ ਦਾ ।
ਏਹੋ ਸਮਝ ਬੈਠੀ ਹੈ, ਰਿਆਇਆ ਬਹੁਤ ਲੋਲ੍ਹੀ ਹੈ ।।
ਜਿਸਨੇ ਮਾਲਕਾਂ ਦੇ ਕਹਿਣ ਤੇ, ਬਸ ਸਿਰ ਹਿਲਾਉਣਾ ਹੈ ।
ਇਹ ਦੁਨੀਆਂ ਮਾਲਕਾਂ ਦੀ ਬਣ ਗਈ, ਮਜਬੂਰ ਗੋਲੀ ਹੈ ।।
ਚੁਫੇਰੇ ਏਸਦੇ ਜਦ, ਕਿਰਤੀਆਂ ਦਾ ਖੂਨ ਡਿਗਦਾ ਏ ।
ਉਸਨੂੰ ਜਾਪਦਾ ਕੋਈ ਸੁਰਖ ਜਿਹੇ, ਰੰਗਾਂ ਦੀ ਹੋਲੀ ਹੈ ।।
ਨੀਤੀ ਜਾਣਦੀ ਹੈ ਧਰਮ ਨੂੰ, ਕਿੰਝ ਵਰਤਣਾ ਏਥੇ ।
ਸ਼ਾਸਕ ਦੇ ਰਹੇ ਫਤਵੇ, ਇੱਜਤ ਮਜ਼ਹਬਾਂ ਦੀ ਰੋਲੀ ਹੈ ।।
ਖੀਰਾਂ ਖਾਣ ਨੂੰ ਸਭ ਜਾਣਦੇ, ਕਿ ਬਾਂਦਰੀ ਹੁੰਦੀ ।
ਡੰਡੇ ਖਾਣ ਨੂੰ ਅੱਗੇ ਕਰੀ, ਰਿੱਛਾਂ ਦੀ ਟੋਲੀ ਹੈ ।।
ਖਤਰਾ ਦੇਸ਼ ਨੂੰ ਤੇ ਧਰਮ ਨੂੰ, ਕਿਉਂ ਜਾਪਦਾ ਉਸਨੂੰ ।
ਬਣਦੇ ਹੱਕ ਮੰਗਣ ਤੇ, ਜਿਸਦੀ ਸਰਕਾਰ ਡੋਲੀ ਹੈ ।।
ਹੁੰਦਾ ਅਣਖ ਦੇ ਬੀਜਾਂ ਨੇ, ਸਦਾ ਪੁੰਗਰਦੇ ਰਹਿਣਾ ।
ਭਾਵੇਂ ਨਿੱਤ ਮੁਹਿੰਮਾਂ ਨੇ, ਕਰੀ ਜਮੀਨ ਪੋਲੀ ਹੈ ।।
ਅੰਗਾਰੇ ਸੁਲਗਦੇ ਵੀ ਹੋਂਦ ਉਸਦੀ, ਲੂਹ ਸਕਦੇ ਨੇ,
ਖਬਰਦਾਰ ਜੇ ਪੰਜਾਬ ਦੀ, ਮਿੱਟੀ ਫਰੋਲੀ ਹੈ ।।
ਉਸਦੇ ਆਖਰੀ ਸਾਹ ਦੀ, ਹਵਾ ਨੇ ਦੱਸਣਾ ਉਸਨੂੰ ।
ਜਿਸਨੂੰ ਪੀ ਲਿਆ ਏ ਤੂੰ, ਤੇਰੀ ਹੀ ਜਹਿਰ ਘੋਲੀ ਹੈ ।।

ਡਾ ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

Saturday, October 3, 2015

ਆਜਾਦੀ !!

ਆਜਾਦੀ !!
ਆਜਾਦ ਫਿਜਾ ਲਈ ਤੜਪ ਰਿਹਾ ਮਨ,
ਓਥੇ ਝੁਕਦਾ ਹੈ ।
ਗੈਰਤ-ਮੰਦ ਜਦ ਬਾਗੀ ਹੋ ਕੋਈ,
ਝੰਡਾ ਚੁੱਕਦਾ ਹੈ ।।
ਲੱਖ ਸਮਝਾਵਣ ਲੋਕ ਕਿ ਆਖਿਰ,
ਵਿੱਚ ਸੜ ਜਾਵੇਂਗਾ ।
ਬਲਦੀ ਸ਼ਮਾ ਨੂੰ ਤੱਕਕੇ ਕਦ,
ਪਰਵਾਨਾ ਰੁਕਦਾ ਹੈ ।।
ਭੇਡਾਂ ਤਾਂ ਇੱਜੜ ਵਿੱਚ ਮੈਂ ਤੋਂ,
ਉੱਪਰ ਉੱਠਣ ਨਾ ।
ਆਜਾਦੀ ਨਾਲ ਸ਼ੇਰ ਇਕੱਲਾ,
ਰਹਿੰਦਾ ਬੁਕਦਾ ਹੈ ।।
ਜਿਸਦੀ ਸੋਚ ਗੁਲਾਮ ਓਸਨੂੰ,
ਲੋੜ ਨਹੀਂ ਕੜੀਆਂ ਦੀ ।
ਕੱਚੇ ਧਾਗੇ ਬੱਧਾ ਉਹ ਤਾਂ,
ਰਹਿੰਦਾ ਘੁੱਕਦਾ ਹੈ ।।
ਅਣਖ ਨਾਲ ਤੇ ਰੁੱਖੀ-ਸੁੱਕੀ,
ਜੀਵਨ ਬਣ ਜਾਂਦੀ ।
ਬੇ-ਇੱਜਤ ਦੀ ਚੂਰੀ ਦੇ ਨਾਲ,
ਅੰਦਰ ਸੁੱਕਦਾ ਹੈ ।।
ਆੜ ਏਕਤਾ ਵਾਲੀ ਦੇ ਨਾਲ,
ਬੰਦਾ ਛਲਿਆ ਜੋ ।
ਜਨਮ-ਜਨਮ ਦੇ ਘੜੇ ਕਰਮ ਦੇ,
ਥੱਲੇ ਛੁੱਪਦਾ ਹੈ ।।
ਰਾਜਨੀਤੀ ਤੇ ਮਜ਼ਹਬ ਜਦ ਵੀ,
ਜਹਿਰੀ ਹੋ ਜਾਂਦੇ ।
ਆਖਿਰ ਅੱਕਿਆ ਬੰਦਾ ,
ਮਾਰ ਖੰਘੂਰਾ ਥੁੱਕਦਾ ਹੈ ।।

ਡਾ ਗੁਰਮੀਤ ਸਿੰਘ ਬਰਸਾਲਕੈਲੇਫੋਰਨੀਆਂ