Monday, November 27, 2017

ਜਜ਼ਬਾਤ !!



ਜਜ਼ਬਾਤ !!

ਤੜਪ ਜਜ਼ਬਾਤ ਪੁੱਛਦੇ ਨੇ ਕਿ ਇਹ ਕੀ ਕਰ ਰਿਹੈਂ ਸ਼ਾਇਰ ।

ਆਪਣੀ ਹੀ ਕਲਮ ਕੋਲੋਂ ਕਿਓਂ ਹੁਣ ਡਰ ਰਿਹੈਂ ਸ਼ਾਇਰ ।।


ਹੋਰਾਂ ਨੂੰ ਤੂੰ ਦਸਦਾਂ ਏਂ ਇਹ ਜੀਵਨ ਜੀਣ ਦੇ ਨੁਸਖੇ,

ਆਪਣੀ ਵਾਰ ਜੀਵਨ ਬਾਝ ਹੀ ਕਿਓਂ ਮਰ ਰਿਹੈਂ ਸ਼ਾਇਰ ।।


ਤੇਰੀ ਕਲਮ ਲਿਖਤੀ ਫਲਸਫੇ ਦੀ ਬਾਤ ਪਾਉਂਦੀ ਏ,

ਕਿਓਂ ਵਿਓਹਾਰ ਵਿੱਚੋਂ ਖੁਦੀ ਪਾਸੇ ਧਰ ਰਿਹੈਂ ਸ਼ਾਇਰ ।।


ਵਰਾਉਣਾ ਜੱਗ ਨੂੰ ਕੀ ਸੀ, ਤੂੰ ਤੇ ਰੋ ਰਿਹੈਂ ਖੁਦ ਹੀ,

ਤਵੱਕੋਂ ਚਿਣਗ ਦੀ ਕਾਹਦੀ, ਤੂੰ ਆਪੇ ਠਰ ਰਿਹੈਂ ਸ਼ਾਇਰ ।।


ਜਿਹੜੀ ਜਿੰਦਗੀ ਨੂੰ ਪਸ਼ੂ ਵੀ ਸਵੀਕਾਰ ਨਹੀਂ ਕਰਦੇ,

ਮਾਨਵ ਜੀ ਰਹੇ ਤੂੰ ਬੈਠਕੇ ਸਭ ਜਰ ਰਿਹੈਂ ਸ਼ਾਇਰ ।।


ਖੜਨਾ ਸੀ ਤੇਰੇ ਸ਼ਬਦਾਂ ਨੇ ਤਣਕੇ ਜਾਬਰਾਂ ਅੱਗੇ,

ਪਰ ਤੂੰ ਆਪ ਦਿਲ ਦੇ ਵਹਿਣ ਅੱਗੇ ਖਰ ਰਿਹੈਂ ਸ਼ਾਇਰ ।।


ਤੇਰੀ ਲਿਖਤ ਜੇਕਰ ਸਮੇ ਵਿੱਚ ਬਦਲਾਵ ਨਹੀਂ ਚਾਹੁੰਦੀ,

ਕਾਲੇ ਕਰ ਰਿਹੈਂ ਤੇ ਕਾਗਜਾਂ ਨੂੰ ਭਰ ਰਿਹੈਂ ਸ਼ਾਇਰ ।।


ਨਾ ਕੁਝ ਦੇਖਣਾ, ਸੁਨਣਾਂ ਤੇ ਨਾ ਹੀ ਹੱਕ ਲਈ ਕਹਿਣਾ

ਗਾਂਧੀ-ਬਾਦਰਾਂ ਵਾਂਗਰ ਬਹਾਨੇ ਘੜ ਰਿਹੈਂ ਸ਼ਾਇਰ ।।।।

ਗੁਰਮੀਤ ਸਿੰਘ ਬਰਸਾਲ ( ਯੂ ਐਸ ਏ )