Wednesday, February 25, 2015

ਇੱਕ ਬਾਤ ਪਾਉਣ ਨੂੰ ਦਿਲ ਕਰਦਾ !!

ਇੱਕ ਬਾਤ ਪਾਉਣ ਨੂੰ ਦਿਲ ਕਰਦਾ !!
ਇੱਕ ਬਾਤ ਪਾਉਣ ਨੂੰ ਦਿਲ ਕਰਦਾ,
ਬੁੱਝੋ ਉਹ ਖਿੱਤਾ ਕਿਹੜਾ ਏ ?
ਕਿਰਦਾਰੋਂ ਖਾਲੀ ਹੋਕੇ ਵੀ,
ਫੁਕਰੀ ਨਾਲ ਭਰਿਆ ਜਿਹੜਾ ਏ ।।
ਜਿੱਥੇ ਰਿਸ਼ਵਤ, ਝੂਠ ਤੇ ਠੱਗੀ ਵੀ,
ਇੱਕ ਮਾਣ ਹੀ ਸਮਝੇ ਜਾਂਦੇ ਨੇ ।
ਨਿਯਮਾਂ ਨੂੰ ਤੋੜਨ ਦੇ ਕਿੱਸੇ,
ਹੱਸ-ਹੱਸ ਕੇ ਲੋਕ ਸੁਣਾਂਦੇ ਨੇ ।।
ਜਿੱਥੇ ਲੋਕ-ਦਿਖਾਵੇ ਕਾਰਣ ਹੀ,
ਜਿੰਦਗੀ ਤੋਂ ਰੁੱਸਿਆ ਖੇੜਾ ਏ ।
ਇੱਕ ਬਾਤ,,,,,,,,,,,,,,,,,,,,,?
ਜਿੱਥੇ ਵਿਹਲੜ ਕਰਦੇ ਮੌਜਾਂ ਨੇ,
ਪਰ ਕਿਰਤੀ ਨੂੰ ਅਪਮਾਨ ਮਿਲੇ ।
ਜਿੱਥੇ ਸੱਚ ਨੂੰ ਲਗਦੀ ਫਾਂਸੀ ਹੈ,
ਪਰ ਝੂਠੇ ਨੂੰ ਸਨਮਾਨ ਮਿਲੇ ।।
ਜਿੱਥੇ ਹੱਕ ਮੰਗ ਰਹੀ ਪਰਜਾ ਦਾ,
ਡਾਂਗਾਂ ਨਾਲ ਕਰਨ ਨਿਬੇੜਾ ਏ ।
ਇੱਕ ਬਾਤ,,,,,,,,,,,,,,,,,,,,,,?
ਜਿੱਥੇ ਧਰਮ ਦੇ ਨਾਂ ਤੇ ਨੇਤਾ ਹੀ,
ਨਿੱਤ ਦੰਗੇ ਆਪ ਕਰਾਉਂਦੇ ਨੇ ।
ਲੜਨੇ ਲਈ ਨਫਰਤ ਦੇ ਮੁੱਦੇ,
ਲੋਕਾਂ ਤੱਕ ਖੁਦ ਪਹੁੰਚਾਉਂਦੇ ਨੇ ।।
ਜਿੱਥੇ ਜਾਤ-ਪਾਤ ਤੇ ਊਚ-ਨੀਚ,
ਪਿਆ ਵੰਡਿਆ ਚਾਰ ਚੁਫੇਰਾ ਏ ।
ਇੱਕ ਬਾਤ,,,,,,,,,,,,,,,,,,,,,,?
ਜਿੱਥੇ ਰਾਜ, ਮਜ਼ਹਬ ਦੇ ਆਗੂ ਨੇ,
ਐਸਾ ਗੱਠ-ਜੋੜ ਬਣਾਇਆ ਏ ।
ਰਲ਼ ਲੋਕੀਂ ਕਿੱਦਾਂ ਲੁੱਟਣੇ ਨੇ,
ਇੱਕ ਦੂਜੇ ਨੂੰ ਸਮਝਾਇਆ ਏ ।।
ਇੱਕ ਲਾਰੇ ਵੰਡਦਾ ਲੋਕਾਂ ਨੂੰ ,
ਇੱਕ ਵੰਡਦਾ ਝਗੜਾ-ਝੇੜਾ ਏ ।
ਇੱਕ ਬਾਤ,,,,,,,,,,,,,,,,,,,,,,,,?
ਜਿੱਥੇ ਸੱਚੇ ਅਤੇ ਇਮਾਨਦਾਰ,
ਹਰ ਵੇਲੇ ਘਾਟਾ ਖਾਂਦੇ ਨੇ ।
ਝੂਠੇ ਤੇ ਬੇਈਮਾਨ ਜਿੱਥੇ,
ਹਰ ਗੱਲ ਦਾ ਲਾਭ ਉਠਾਂਦੇ ਨੇ ।।
ਜਿੱਥੇ ਸਭ ਲਈ ਇੱਕ ਅਧਿਕਾਰ ਨਹੀਂ,
ਕਾਨੂੰਨ ‘ਚ ਬੜਾ ਬਖੇੜਾ ਏ ।
ਇੱਕ ਬਾਤ,,,,,,,,,,,,,,,,,,,,,,,,,,?
ਜਿੱਥੇ ਘੱਟ ਗਿਣਤੀ ਦੇ ਲੋਕ ਸਦਾ,
ਹਰ ਜੁਲਮ-ਸਿਤਮ ਨੂੰ ਸਹਿੰਦੇ ਨੇ ।
ਜਿੱਥੇ ਗਰਜਾਂ ਮਾਰੇ ਵੋਟਰ ਤਾਂ,
ਇੱਕ ਪਰਚੀ ਬਣਕੇ ਰਹਿੰਦੇ ਨੇ ।।
ਜਿੱਥੇ ਗੁੰਡਾ-ਗਰਦੀ ਦਾ ਘੜਿਆ,
ਹਾਕਮ ਹੀ ਆਪ ਲੁਟੇਰਾ ਏ ।
ਇੱਕ ਬਾਤ,,,,,,,,,,,,,,,,,,,,?
ਜਿੱਥੇ ਲੋਕੀਂ ਭੁੱਖੇ ਮਰ ਜਾਂਦੇ,
ਰੱਜਿਆਂ ਨੂੰ ਭੋਜ ਕਰਾਂਦੇ ਨੇ ।
ਬੰਦਿਆਂ ਨੂੰ ਜਿੰਦਾ ਸਾੜ ਦਿੰਦੇ,
ਪਰ ਪੱਥਰ ਪੂਜੇ ਜਾਂਦੇ ਨੇ ।।
ਜਿੱਥੇ ਲੋਕ-ਰਾਜ ਦੇ ਪੜਦੇ ਦੇ,
ਥੱਲੇ ਦੋ ਮੂਹਾਂ ਚਿਹਰਾ ਏ ।
ਇੱਕ ਬਾਤ,,,,,,,,,,,,,,,,,,?
ਜਿੱਥੇ ਲੋੜਬੰਧਾਂ ਨੂੰ ਮਿਲਦਾ ਨਹੀਂ,
ਪਰ ਜੋਤਾਂ ਵਿੱਚ ਘਿਓ ਪਾਉਂਦੇ ਨੇ
ਜਿੱਥੇ ਕਿਰਤ ਧਰਮ ਦੀ ਨਾਲੋਂ ਤਾਂ,
ਉੱਪਰ ਨੂੰ ਮੂੰਹ ਚਕਵਾਂਉਦੇ ਨੇ ।।
ਜਿੱਥੇ ਮਾਨਵਤਾ ਦੀ ਸੇਵਾ ਤੋਂ ,
ਪੂਜਾ ਦਾ ਢੌਂਗ ਉਚੇਰਾ ਏ ।
ਇੱਕ ਬਾਤ,,,,,,,,,,,,,,,,,,,?
ਜਿੱਥੇ ਧਰਮ-ਘਰਾਂ ਦੇ ਪੱਥਰ ਵੀ,
ਦੁੱਧਾਂ ਨਾਲ ਧੋਤੇ ਜਾਂਦੇ ਨੇ ।
ਭੁੱਖਿਆਂ ਵਿੱਚ ਵੰਡਣ ਨਾਲੋਂ ਤਾਂ ,
ਰਾਸ਼ਣ ਦਾ ਹਵਨ ਕਰਾਂਦੇ ਨੇ ।।
ਜਿੱਥੇ ਅਣਖ-ਹਿੰਮਤ ਦੇ ਨਾਲੋਂ ਵੱਧ,
ਨਿੰਬੂ ਮਿਰਚਾਂ ਦਾ ਪਹਿਰਾ ਏ ।
ਇੱਕ ਬਾਤ,,,,,,,,,,,,,,,,,,,,,,,?
ਜਿੱਥੇ ਨਦੀਆਂ, ਨਾਲੇ, ਦਰੱਖਤਾਂ ਤੇ,
ਪਸ਼ੂਆਂ ਨੂੰ ਮੱਥੇ ਟਿਕਦੇ ਨੇ ।
ਪਰ ਮੁਢਲੀਆਂ ਲੋੜਾਂ ਤੋਂ ਸੱਖਣੇ,
ਇਨਸਾਨ ਲਿਤਾੜੇ ਵਿਕਦੇ ਨੇ ।।
ਜਿੱਥੇ ਕਰਮ-ਕਾਂਢ ਜੇਹੀਆਂ ਰੀਤਾਂ ਨੇ,
ਪਾਇਆ ਸਭ ਪਾਸੇ ਘੇਰਾ ਏ ।
ਇੱਕ ਬਾਤ,,,,,,,,,,,,,,,,,,,,,,?
ਜਿੱਥੇ ਧਰਮ ਦੇ ਨਾਂ ਤੇ ਗੰਜੇ ਨੂੰ ,
ਵੀ ਕੰਘੇ ਵੇਚੇ ਜਾਂਦੇ ਨੇ ।
ਜਿੱਥੇ ਅੰਧ-ਵਿਸ਼ਵਾਸ ਦੇ ਵਾਧੇ ਲਈ,
ਹਰ ਫੰਦੇ ਵੇਚੇ ਜਾਂਦੇ ਨੇ ।।
ਜਿੱਥੇ ਲੋਕ ਲੁਟਾਈ ਖਾ ਕਹਿੰਦੇ,
ਸਭ ਕਿਸਮਤ ਵਾਲਾ ਗੇੜਾ ਏ ।
ਇੱਕ ਬਾਤ,,,,,,,,,,,,,,,,,,,,,,,?
ਕੁਝ ਲੋਕਾਂ ਨੇ ਇਸ ਖਿੱਤੇ ਦੇ,
ਗੁਣਗਾਨ ਵਥੇਰੇ ਗਾਏ ਨੇ ।
ਪਰ ਆਖਿਰ ਵੇਲੇ ਉਹ ਲੋਕੀਂ,
ਇਸ ਗਲਤੀ ਤੇ ਪਛਤਾਏ ਨੇ ।।
ਇਖਲਾਕ ਬਿਨਾਂ ਸਭ ਧੋਖਾ ਏ,
ਨਾ ਤੇਰਾ ਕੁਝ ਨਾ ਮੇਰਾ ਏ ।
ਇੱਕ ਬਾਤ ,,,,,,,,,,,,,,,,,,,?

ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ

Wednesday, February 11, 2015

ਕੈਲੰਡਰ ਵਿਵਾਦ !!ਇਸਦੀ ਵਿਰੋਧਤਾ ਦੇ ਕੁਝ ਕਾਰਣ!!

ਕੈਲੰਡਰ ਵਿਵਾਦ !!ਇਸਦੀ ਵਿਰੋਧਤਾ ਦੇ ਕੁਝ ਕਾਰਣ 
ਸਮੇ ਨੂੰ ਮਿਣਨ ਲਈ  ਸਮੇ ਸਮੇ ਕੈਲੰਡਰ ਬਣਦੇ ਆਏ ਹਨ ਅਤੇ ਸਮੇ ਅਨੁਸਾਰ ਇਹਨਾ ਵਿੱਚ ਸੋਧਾਂ ਵੀ ਹੁੰਦੀਆਂ ਰਹੀਆਂ ਹਨ। ਕਿਸੇ ਵੇਲੇ ਦੱਸ ਮਹੀਨਿਆਂ ਦੇ ਕੈਲੰਡਰ ਵੀ ਬਣੇ ਸਨ ਅਤੇ ਬਾਅਦ ਵਿੱਚ ਬਾਰਾਂ ਮਹੀਨਿਆਂ ਦੇ ਬਨਣ ਲੱਗੇ। ਕਿਸੇ ਵੇਲੇ ਚੰਦ ਦੀ ਗਤੀ ਅਨੁਸਾਰ ਕੈਲੰਡਰ ਬਣਦੇ ਸਨ ਪਰ ਚੰਦ ਦਾ ਧਰਤੀ ਦੁਆਲੇ ਗੇੜਾ ੩੫੪ ਦਿਨਾ ਵਿੱਚ ਪੂਰਾ ਹੋਣ ਕਾਰਣ  ਇਹ ਰੁੱਤੀ ਸਾਲ ਤੋਂ ਪਛੜ ਜਾਂਦਾ ਸੀ ।ਇਸ ਤਰਾਂ ਸਾਲ ੧੧ ਦਿਨ ਪਿੱਛੇ ਰਹਿ ਜਾਂਦਾ ਸੀ ।ਜਿਸ ਨੂੰ ਤਿੰਨ ਸਾਲਾਂ ਬਾਅਦ ਖਿੱਚਕੇ ਰੁਤੀ ਸਾਲ ਬਰਾਬਰ ਕੀਤਾ ਜਾਂਦਾ ਸੀ ,ਇਸ ਤਰਾਂ ਤਿੰਨਾਂ ਸਾਲਾਂ ਬਾਅਦ ਇਕ ਮਹੀਨਾ ਵਧ ਜਾਂਦਾ ਸੀ ਜਿਸਨੂੰ ਪੰਡਤਾਂ ਵੱਲੋਂ ਮਲ ਮਾਸ ਜਾਂ ਲੌਂਦ ਦਾ ਮਹੀਨਾ ਕਿਹਾ ਜਾਂਦਾ ਸੀ ਅਤੇ ਇਸ ਮਹੀਨੇ ਵਿੱਚ ਕੋਈ ਚੰਗਾਂ ਕੰਮ ਕਰਨਾ ਵਰਜਿਤ ਕੀਤਾ ਗਿਆ ਸੀ।