Monday, November 14, 2011

ਜਦੋਂ ਯੂਬਾ ਸਿਟੀ ਮੇਲੇ ਤੇ.................

ਜਦੋਂ ਯੂਬਾ ਸਿਟੀ ਮੇਲੇ (ਨਗਰ ਕੀਰਤਨ) ਤੇ ਇੰਟਰਨੈੱਟ ਗਰੁੱਪ ਜਮੀਨ ਤੇ ਉੱਤਰਿਆ!!...ਇੱਕ ਸਰਵੇਖਣ

(ਡਾ ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ)

ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਹਰ ਸਾਲ ਯੂਬਾ ਸਿਟੀ (ਕੈਲੇਫੋਰਨੀਆਂ) ਵਿੱਚ ਵਿਸ਼ਾਲ ਨਗਰ ਕੀਰਤਨ ਹੁੰਦਾ ਹੈ । ਇਹ ਨਗਰ ਕੀਰਤਨ ਅਮਰੀਕਾ ਦਾ ਸਭ ਤੋਂ ਵੱਡਾ ਨਗਰ ਕੀਰਤਨ ਹੈ । ਇਸ ਨਗਰ ਕੀਰਤਨ ਵਿੱਚ ਟਰੱਕਾਂ ਤੇ ਸਜਾਏ ਫਲੋਟਾਂ ਦੀ ਗਿਣਤੀ ਕਰਨੀ ਮੁਸ਼ਕਲ ਹੋ ਜਾਂਦੀ ਹੈ । ਯੂਬਾ ਸਿਟੀ ਇੱਕ ਪੇਂਡੂ ਇਲਾਕਾ ਹੋਣ ਕਾਰਨ ਟਰੈਫਕ ਦੀ ਜਿਆਦਾ ਸਮੱਸਿਆ ਨਾਂ ਹੋਣ ਕਾਰਣ ਪ੍ਰਸ਼ਾਸ਼ਨ ਨਗਰ ਕੀਰਤਨ ਦੀ ਇਜਾਜਤ ਸਹਿਜੇ ਹੀ ਦੇ ਦਿੰਦਾ ਹੈ। 4-5 ਘੰਟੇ ਲਗਾਤਾਰ ਸੜਕਾਂ ਤੇ ਚਲ ਰਹੇ ਇਸ ਨਗਰ ਕੀਰਤਨ ਦੋਰਾਨ ਸੜਕਾਂ ਦੇ ਦੋਵੇਂ ਪਾਸੇ ਦਾ ਨਜਾਰਾ ਵਿਲੱਖਣ ਹੀ ਹੁੰਦਾ ਹੈ । ਹਰ ਵਾਰ ਸ਼ਾਮਲ ਹੋਣ ਵਾਲਿਆਂ ਦੇ ਅੰਦਾਜੇ ਮੁਤਾਬਕ ਇਸ ਨਗਰ ਕੀਰਤਨ ਵਿੱਚ ਤਕਰੀਬਨ ਇੱਕ ਲ਼ੱਖ ਦੇ ਕਰੀਬ ਸੰਗਤਾਂ ਸ਼ਿਰਕਤ ਕਰਦੀਆਂ ਹਨ । ਨਗਰ ਕੀਰਤਨ ਤੋਂ ਪਹਿਲਾਂ ਕੀਰਤਨ ਦਰਬਾਰ, ਢਾਡੀ ਦਰਵਾਰ, ਕਵੀ ਦਰਬਾਰ ਆਦਿ ਦਾ ਪਰਬੰਧ ਕੀਤਾ ਜਾਂਦਾ ਹੈ । ਆਖਰੀ ਦਿਨ ਕਥਾ ਵਿਚਾਰ ਅਤੇ ਲੈਕਚਰ ਆਦਿ ਵੀ ਹੁੰਦੇ ਹਨ । ਜਿੱਥੇ ਇੱਕ ਪਾਸੇ ਖਾਣ ਪੀਣ ਦੇ ਅਣਗਿਣਤ ਤਰਾਂ ਦੇ ਭਾਂਤ ਸੁਭਾਂਤ ਦੇ ਸਮਾਨ ਦੇ ਫਰੀ ਸਟਾਲ ਹੁੰਦੇ ਹਨ ਉੱਥੇ ਆਮ ਮੇਲਿਆਂ ਵਾਂਗ ਘਰੇਲੂ ਸਮਾਨ ਦੀ ਖਰੀਦੋ ਖਰੋਫਤ ਵੀ ਕੀਤੀ ਜਾਂਦੀ ਹੈ ।ਯੂਬਾ ਸਿਟੀ ਇਲਾਕੇ ਦੇ ਗੋਰੇ ਨਾਗਰਿਕ ਵੀ ਦੂਰ ਦੁਰਾਡਿਓਂ ਇਸ ਮੇਲੇ ਨੂੰ ਦੇਖਣ ਪੁਜਦੇ ਹਨ । ਅੱਜ ਕੱਲ ਹੋਰ ਨਗਰ ਕੀਰਤਨਾਂ ਵਾਂਗ ਇਹ ਵੀ ਇੱਕ ਮੇਲਾ ਹੀ ਬਣਦਾ ਜਾ ਰਿਹਾ ਹੈ ਜਿੱਥੇ ਕਿ ਗੁਰਮਤਿ ਪ੍ਰਚਾਰ ਨਾਲੋਂ ਦਿਖਾਵੇ ਜਾਂ ਘੁਮਣ ਫਿਰਨ ਅਤੇ ਖਾਣ-ਖਲਾਣ ਦੀ ਸ਼ਰਧਾ ਭਾਵਨਾਂ ਜਿਆਦਾ ਹੁੰਦੀ ਹੈ । ਪਰ ਅਜਿਹੇ ਮੌਕਿਆਂ ਤੇ ਜਿੱਥੇ ਹਰ ਤਰਾਂ ਦੀ ਆਪੋ ਆਪਣੀ ਸ਼ਰਧਾ ਪਰਧਾਨ ਹੁੰਦੀ ਹੈ ਉੱਥੇ ਕੁਝ ਸੱਚ ਨੂੰ ਪ੍ਰਣਾਏ ਵੀਰ ਹਰ ਸੰਗਤ ਜੁੜਨ ਦੇ ਮੌਕੇ ਨੂੰ ਗੁਰੂ ਨਾਨਕ ਸਾਹਿਬ ਦੇ ਨਿਰਾਲੇ ਫਲਸਫੇ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕਰਦੇ ਨਜਰ ਆਉੰਦੇ ਰਹਿੰਦੇ ਹਨ। ਇਸੇ ਤਰਾਂ ਦੀਆਂ ਕੋਸ਼ਿਸ਼ਾਂ ਵਿੱਚ ਲੀਨ ਹੈ ਅਜੋਕਾ “ਅਖੌਤੀ ਸੰਤਾਂ ਦੇ ਕੌਤਕ” ਨਾਮ ਦਾ ਇੱਕ ਇੰਟਰਨੈੱਟ ਗਰੁੱਪ ਜੋ ਕਿ “ਇੱਕ ਗ੍ਰੰਥ ਤੇ ਇੱਕ ਪੰਥ” ਦੇ ਰਸਤੇ ਵਿੱਚ ਸਭ ਤੋਂ ਵੱਡੀ ਰੁਕਾਵਟ, ਹਰ ਤਰਾਂ ਦੇ ਡੇਰਾਵਾਦ ਨੂੰ ਮੰਨਦਾ ਹੋਇਆ ਕੇਵਲ ਇੱਕ ਨਾਲ ਇੱਕ ਹੋਣ ਲਈ ਸਮੁੱਚੀ ਲੁਕਾਈ ਨੂੰ , ਕੇਵਲ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਨਾਲ ਪ੍ਰਤੀਬੱਧ ਹੋਣ ਦਾ ਹੋਕਾ ਦੇ ਰਿਹਾ ਹੈ ।

Saturday, November 12, 2011

ਥੱਪੜ


ਥੱਪੜ

ਬੰਨ੍ਹੇ ਸ਼ੇਰ ਉੱਤੇ ਹਮਲਾ ਕਰਨ ਵਾਲੇ,

ਕਾਂ,ਕੁੱਤੇ ਨਾਂ ਕਦੇ ਦਲੇਰ ਹੁੰਦੇ ।

ਪੂਛਾਂ ਚੁੱਕ ਕੇ ਦੂਰ ਤੋਂ ਭੌਂਕਦੇ ਜੋ,

ਨੇੜੇ ਆਉਣ ਤੇ ਮਿੱਟੀ ਦਾ ਢੇਰ ਹੁੰਦੇ ।

ਦਿਲ ਗਿੱਦੜਾਂ ਦੇ ,ਚਾਲ ਲੂੰਬੜਾਂ ਦੀ,

ਵਿੱਚੋਂ ਝੂਠ ਮਕਾਰੀ ਨਾਲ ਭਰੇ ਨੇ ਇਹ ;

ਥੱਪੜ ਮਾਰ “ਹਵਾਰੇ” ਨੇ ਦੱਸ ਦਿੱਤਾ,

ਸ਼ੇਰ ਬੇੜੀਆਂ ਵਿੱਚ ਵੀ ਸ਼ੇਰ ਹੁੰਦੇ ।।

ਡਾ ਗੁਰਮੀਤ ਸਿੰਘ “ਬਰਸਾਲ” ਕੈਲੇਫੋਰਨੀਆਂ

Wednesday, November 2, 2011

ਵੈਦਿਕ-ਅਰਥਾਵਲੀ

ਵੈਦਿਕ-ਅਰਥਾਵਲੀ
ਵੈਦਿਕ ਕਾਲ ਦੇ ਸ਼ਬਦਾਂ ਦੇ ਅਰਥ ਅੱਜ-ਕਲ,
ਗੁਰੂ-ਗਿਆਨ ਤੇ ਹਮਲੇ ਕਰਵਾਈ ਜਾਂਦੇ ।
ਕਰਮ-ਫਿਲਾਸਫੀ ਗੁਰਮਤਿ ਅਨਕੂਲ ਦਸਕੇ,
ਆਵਾ-ਗਵਣ ਨੂੰ ਸੀਸ ਝੁਕਵਾਈ ਜਾਂਦੇ ।
ਜਿਸ ਰਸਤਿਓਂ ਹਮਲੇ ਦਾ ਡਰ ਹੁੰਦਾ,
ਸਿਆਣੇ ਆਖਦੇ ਕਿਲਾ ਉਸਾਰ ਰੱਖੋ ;
ਕਈ ਅਜੇ ਵੀ ਵਿਪਰੋਂ ਅਵੇਸਲੇ ਹੋ,
ਭਵਿੱਖਤ ਹਮਲੇ ਲਈ ਰਾਹ ਛਡਵਾਈ ਜਾਂਦੇ ।।


ਡਾ ਗੁਰਮੀਤ ਸਿੰਘ 'ਬਰਸਾਲ ' (ਕੈਲੇਫੋਰਨੀਆਂ)