Wednesday, July 27, 2011

ਸੱਭਿਆਚਾਰ


ਸੱਭਿਆਚਾਰ

ਡਾ. ਗੁਰਮੀਤ ਸਿੰਘ ‘ਬਰਸਾਲ’(ਕੈਲੇਫੋਰਨੀਆਂ)

ਆਇਆ ਜਦ ਤੋਂ ਮਨੁੱਖ ਜਹਾਨ ਅੰਦਰ,

ਕੁੱਲੀ,ਗੁੱਲੀ ਤੇ ਜੁੱਲੀ ਏ ਲੋੜ ਇਸਦੀ ।

ਇਹਨਾਂ ਲੋੜਾਂ ਨੂੰ ਪੂਰਿਆਂ ਕਰਨ ਖਾਤਿਰ,

ਬਣੀ ਸਭਿਅਤਾ ਹੋਰ ਤੋਂ ਹੋਰ ਇਸਦੀ ।।

ਲੋੜਾਂ ਤਨ ਦੀਆਂ ਪੂਰੀਆਂ ਕਰਨ ਪਿੱਛੋਂ,

ਖੁਸ਼ੀ ਗਮੀਂ ਦਾ ਇਹਨੂੰ ਅਹਿਸਾਸ ਹੋਇਆ ।

ਕਦੇ ਹੱਸਿਆ ਮਾਰ ਕਿਲਕਾਰੀਆਂ ਇਹ,

ਬਿਨਾ ਬੋਲਿਓਂ ਕਿਤੇ ਉਦਾਸ ਹੋਇਆ ।।

ਬਸ ਏਹੋ ਅਹਿਸਾਸਾਂ ਨੇ ਸੱਭਿਅਤਾ ਵਿੱਚ,

ਬੋਲੀ,ਗੀਤਾਂ ਤੇ ਸਾਜਾਂ ਨੂੰ ਥਾਂ ਦਿੱਤਾ ।

ਵਧੀ ਸੱਭਿਅਤਾ ਦੇ ਸੋਹਣੇ ਖੇਤਰਾਂ ਨੂੰ,

ਸੱਭਿਆਚਾਰ ਦਾ ਲੋਕਾਂ ਨੇ ਨਾਂ ਦਿੱਤਾ ।।

ਸੱਭਿਆਚਾਰ ਦੇ ਸ਼ਬਦ ਨੂੰ ਖੋਲੀਏ ਜੇ,

ਇੱਕ ‘ਸੱਭਿਅਕ’ ਤੇ ਦੂਜਾ ‘ਆਚਾਰ’ ਹੁੰਦੇ ।

ਲੋੜਾਂ ਤਨ ਤੇ ਮਨ ਦੀਆਂ ਪੂਰਨੇ ਲਈ,

ਕੀਤੇ ਲੋਕਾਂ ਦੇ ਚੰਗੇ ਵਿਹਾਰ ਹੁੰਦੇ ।।

ਸੱਭਿਆਚਾਰ ਦੀ ਕਿਸੇ ਵੀ ਗੱਲ ਅੰਦਰ,

ਧਰਮ-ਕਰਮ ਤੇ ਰੀਤੀ-ਰਿਵਾਜ ਆਉਂਦੇ ।

ਖਾਣ-ਪੀਣ, ਪਹਿਰਾਵਾ ਤੇ ਕਲਾ-ਕਿਰਤਾਂ,

ਭਾਈਚਾਰਾ, ਸੰਗੀਤ ਤੇ ਸਾਜ ਆਉਂਦੇ ।।

ਸੱਭਿਆਚਾਰ ਤੇ ਵਿਰਸੇ ਦੀ ਗੱਲ ਕਰਨੀ,

ਕਲਾਕਾਰਾਂ ਦਾ ਕੋਈ ਤਮਾਸ਼ਾ ਤੇ ਨਹੀਂ ।

ਗਾਉਣਾ-ਨੱਚਣਾ ਹੁੰਦਾ ਹੈ ਇੱਕ ਹਿੱਸਾ,

ਸੱਭਿਆਚਾਰ ਦੀ ਪੂਰੀ ਪਰਿਭਾਸ਼ਾ ਤੇ ਨਹੀਂ ।।

ਸੱਭਿਆਚਾਰ ਦੀ ਰਾਖੀ ਲਈ ਕਈ ਦਰਦੀ,

ਕਲਾਕਾਰਾਂ ਦੇ ਮੇਲੇ ਕਰਵਾਉਣ ਲੱਗ ਪਏ ।

ਗੰਦੇ ਗੀਤਾਂ ਦਾ ਰਹਿੰਦਾ ਏ ਬੋਲਬਾਲਾ,

ਚੰਗੇ ਗੀਤਾਂ ਨੂੰ ਪਿੱਛੇ ਹਟਾਉਣ ਲੱਗ ਪਏ ।।

ਜੇਕਰ ਪੁਛੀਏ ਸਟੇਜ ਪਰਬੰਧਕਾਂ ਨੂੰ,

ਕਲਾਕਾਰਾਂ ਨੂੰ ਝੱਟ ਆਰੋਪ ਦਿੰਦੇ ।

ਕਲਾਕਾਰ ਨਾ ਕਦੇ ਕਸੂਰ ਮੰਨਦੇ,

ਅੱਗੋਂ ਦਰਸ਼ਕਾਂ ਦੇ ਸਿਰ ਤੇ ਥੋਪ ਦਿੰਦੇ ।।

ਲਿਖਣ ਵਾਲਾ ਉਸਾਰੂ ਜੇ ਗੀਤ ਲਿਖਦਾ,

ਗਾਉਣ ਵਾਲਾ ਵੀ ਫਰਜ ਪਹਿਚਾਣ ਲੈਂਦਾ ।

ਸੁਣਨ ਵਾਲੇ ਵੀ ਉਹੀ ਫਰਮਾਇਸ਼ ਕਰਦੇ,

ਕਲਾਕਾਰ ਇਹ ਸਭ ਕੁਝ ਠਾਣ ਲੈਂਦਾ ।।

ਚੰਗੇ ਵਿਰਸੇ ਦੀ ਭੁੱਲ ਪਛਾਣ ਲੋਕੀਂ,

ਪੱਛਮ ਵੱਲ ਨੂੰ ਨਜਰਾਂ ਘੁਮਾਉਣ ਲੱਗ ਪਏ ।

ਗੁਰੂਆਂ,ਭਗਤਾਂ,ਸ਼ਹੀਦਾਂ ਨੂੰ ਭੁੱਲ ਕੇ ਤੇ,

ਗੀਤਕਾਰਾਂ ਦੀ ਬਰਸੀ ਮਨਾਉਣ ਲਗ ਪਏ ।।

ਗੀਤਕਾਰਾਂ ਤੇ ਕਵੀਆਂ ਦੀ ਗੱਲ ਛੱਡੋ,

ਬੂਹੇ ਸ਼ਰਮ ਤੇ ਹਿਆ ਦੇ ਭੇੜ ਦਿੱਤੇ ।

ਮਾਂ-ਭੈਣ ਨੂੰ ਰੱਖ ਕੇ ਇੱਕ ਪਾਸੇ,

ਰਿਸ਼ਤੇ ਬਾਕੀ ਦੇ ਸੱਭੇ ਲਬੇੜ ਦਿੱਤੇ ।।

ਹਾਸੇ-ਠੱਠੇ ਤੇ ਪਿਆਰ ਨੂੰ ਦੂਰ ਕਰਕੇ,

ਲੱਚਰ ਗੀਤਾਂ ਦੀ ਇਹਨਾਂ ਦੁਕਾਨ ਕੀਤੀ ।

ਭਾਬੀ,ਸਾਲੀ ਤੇ ਸਾਲੇਹਾਰ ਦੇ ਨਾਲ,

ਨਨਾਣ ਭੈਣ ਦੀ ਬਹੁਤ ਬਦਨਾਮ ਕੀਤੀ ।।

ਗਿੱਧੇ ਬੋਲੀਆਂ ਵਿੱਚ ਵੀ ਜ਼ਹਿਰ ਘੋਲੀ,

ਨੂੰਹ-ਸਹੁਰੇ ‘ਚ ਨਫਰਤ ਵਧਾ ਦਿੱਤੀ ।

ਇਹਨਾਂ ਜੇਠ ਨੂੰ ਲੱਸੀ ਸੀ ਕੀ ਦੇਣੀ,

ਸੰਦੂਕਾਂ ਉਹਲੇ ਹੀ ਸਸ ਕੁਟਵਾ ਦਿੱਤੀ ।।

ਹੀਰ ਰਾਂਝੇ ਤਾਂ ਦੇਣ ਨੇ ਪਿਕਚਰਾਂ ਦੀ,

ਮੱਤ ਗਾਹਾਂ ਦੀ ਟੀ ਵੀ ਸਖਾਈ ਜਾਂਦਾ ।

ਮਾੜੇ ਕੰਮਾਂ ਦੇ ਕਾਰਣ ਜੋ ਉਪਜਦੇ ਨੇ,

ਰੋਗੋਂ ਬਚਣ ਦੇ ਢੰਗ ਸੁਣਾਈ ਜਾਂਦਾ ।।

ਟੀ ਵੀ ਟੱਬਰ ਨਹੀਂ ਬੈਠਕੇ ਦੇਖ ਸਕਦਾ,

ਸਾਡੀ ਸੱਭਿਅਤਾ ਕਿੱਧਰ ਨੂੰ ਜਾ ਰਹੀ ਏ ।

ਸ਼ਰਮ ਆਂਵਦੀ ਪੁੱਛਦੇ ਜਦੋਂ ਬੱਚੇ,

ਇਹ ਮਸ਼ਹੂਰੀ ਜਿਹੀ ਕਾਸਦੀ ਆ ਰਹੀ ਏ ।।

ਨਵੀਂ ਸੱਭਿਅਤਾ ਨੇ ਸਕੂਲਾਂ ਕਲਜਾਂ ਵਿੱਚ,

ਆਪ ਹੁਦਰੇ ਵਿਆਹਾਂ ਦੀ ਰਸਮ ਤੋਰੀ ।

ਲਵ-ਮੈਰਜਾਂ ਆਖ ਵਡਿਆਉਣ ਇਸਨੂੰ,

ਖਿੱਚ ਮੁੱਕੀ ਤੋਂ ਟੁੱਟਦੇ ਪੋਰੋ-ਪੋਰੀ ।।

ਮਾਪੇ ਆਖਦੇ ਬੱਚੇ ਨੇ ਪੜ੍ਹਨ ਭੇਜੇ,

ਫਿਰਦੇ ਅੱਜ ਬਣਾਈ ਓਹ ਜੋੜੀਆਂ ਨੇ ।

ਪੱਗਾਂ,ਚੁੰਨੀਆਂ ਉੱਡ ਗੀਆਂ ਸਿਰਾਂ ਉਤੋਂ,

ਸ਼ਰਮਾਂ ਰਹਿੰਦੀਆਂ ਉੱਡਣੋਂ ਥੋੜੀਆਂ ਨੇ ।।

ਅਜੋਕੇ ਮਨੁੱਖ ਤੋਂ ਚੰਗੇ ਸੀ ਆਦਿ ਵਾਸੀ,

ਪੱਤਿਆਂ ਨਾਲ ਸੀ ਅੰਗਾਂ ਨੂੰ ਢਕੀ ਜਾਂਦੇ ।

ਕਹਿੰਦੇ ਸੱਭਿਅਤਾ ਵਿੱਚ ਨਿਖਾਰ ਆਇਆ,

ਕੱਪੜੇ ਪੱਤਿਆਂ ਨਾਲੋਂ ਵੀ ਘਟੀ ਜਾਂਦੇ ।।

ਆਚਰਣ-ਹੀਣਤਾ ਤੋਂ ਉਪਜੇ ਰੋਗ ਜਿਹੜੇ,

ਯੌਰਪ,ਪੱਛਮ ਤੋਂ ਕਾਬੂ ਨਹੀਂ ਆਉਣ ਲੱਗੇ ।

ਹਾਰ ਹੰਭ ਵੱਡੇ ਸਾਇਂਸ ਦਾਨ ਸਾਰੇ,

ਸਾਡੇ ਵਿਰਸੇ ਨੂੰ ਸੀਸ ਝਕਾਉਣ ਲੱਗੇ ।।

ਕਾਮ,ਕ੍ਰੋਧ ਤੇ ਲੋਭ,ਮੋਹ ਵਸ ਕਰਨੇ

ਸਿਰਫ ਸਾਡਾ ਹੀ ਸੱਭਿਆਚਾਰ ਕਹਿੰਦਾ ।

ਸ਼ਾਇਦ ਏਸੇ ਲਈ ਸਾਰੇ ਸੰਸਾਰ ਵਿੱਚੋਂ,

ਸਾਡੇ ਵਿਰਸੇ ਦਾ ਕੇਵਲ ਸਤਿਕਾਰ ਰਹਿੰਦਾ ।।

ਦਲ-ਦਲ ਨੂੰ ਜਿਹੜੇ ਪਸੰਦ ਕਰਦੇ,

ਉਹਨਾਂ ਗਰਕ ਵੀ ਉਸੇ ਵਿੱਚ ਹੋ ਜਾਣਾ ।

ਰਹਿਣੀ ਸਾਡੀ ਹੀ ਸੱਭਿਅਤਾ ਜੱਗ ਉੱਤੇ,

ਭਈਚਾਰੇ ਨੂੰ ਜਿਹਨੇ ਪਰੋਅ ਜਾਣਾ ।।

ਸਾਡਾ ਵਿਰਸਾ ਅਮੀਰ ਹੈ ਜੱਗ ਕੋਲੋਂ,

ਭਾਵੇਂ ਅੱਜ ਵੇਖੋ ਭਾਵੇਂ ਕੱਲ ਵੇਖੋ ।

ਸਭਿਆਚਾਰ ਸਾਡਾ ਹਾਕਾਂ ਮਾਰਦਾ ਹੈ ,

ਇੱਕ ਵਾਰ ਤਾਂ ਏਸਦੇ ਵੱਲ ਵੇਖੋ ।।










Monday, July 18, 2011

ਧਰਮ-ਰਾਜਨੀਤੀ ਬਨਾਮ ਮਜ਼ਹਬ-ਰਾਜਨੀਤੀ

ਧਰਮ-ਰਾਜਨੀਤੀ ਬਨਾਮ ਮਜ਼ਹਬ-ਰਾਜਨੀਤੀ

ਡਾ .ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

ਧਰਮ ਜਾਂ ਮਜ਼ਹਬ ਦੇ ਅਰਥ ਕਰਨ ਲੱਗਿਆਂ ਅਸੀਂ ਅਕਸਰ ਹੀ ਮੋਟੇ ਤੌਰ ਤੇ ਸਿੱਧੇ ਜਿਹੇ ਢੰਗ ਨਾਲ ਇੰਝ ਸੋਚਦੇ ਹਾਂ ਕਿ ਧਰਮ ਸ਼ਬਦ ਸ਼ਾਇਦ ਸਿੱਖ ਜਾਂ ਹਿੰਦੂ ਵਰਤਦੇ ਹਨ , ਮਜ਼ਹਬ ਸ਼ਬਦ ਮੁਸਲਮਾਨ ਵਰਤਦੇ ਹਨ , ਰਿਲਿਜ਼ਨ ਸ਼ਬਦ ਇਸਾਈ ਅਤੇ ਯਹੂਦੀ ਵਰਤਦੇ ਹਨ ਪਰ ਅਰਥ ਸਭ ਦਾ ਇੱਕ ਹੀ ਹੈ । ਅਸਲ ਵਿੱਚ ਅਜਿਹਾ ਨਹੀਂ ਹੈ । ਸ਼ਬਦਾਂ ਦੇ ਅਰਥ ਕਰਨ ਲੱਗਿਆਂ ਉਹਨਾਂ ਸ਼ਬਦਾਂ ਦੇ ਹੋਂਦ ਵਿੱਚ ਆਉਣ ਦਾ ਸਮਾਂ , ਪ੍ਰਸਥਿਤੀਆਂ , ਸ਼ਬਦ ਪਿੱਛੇ ਲੁਕੇ ਸੰਕਲਪ ਅਤੇ ਪ੍ਰਗਟ ਹੋ ਰਹੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਣ ਦੀ ਜਰੂਰਤ ਹੁੰਦੀ ਹੈ । ਕਈ ਵਾਰ ਵੱਖ ਵੱਖ ਬੋਲੀਆਂ ਵਿੱਚ ਵਰਤੇ ਜਾ ਰਹੇ ਅਤੇ ਇੱਕੋ ਤਰਾਂ ਲੱਗਣ ਵਾਲੇ ਸ਼ਬਦਾ ਦੇ ਅਰਥਾਂ ਪਿਛਲੇ ਭਾਵ ਵੀ ਇੱਕ ਨਹੀਂ ਹੁੰਦੇ ।