Wednesday, January 30, 2013

ਕੁੰਭ ਦਾ ਮੇਲਾ


ਕੁੰਭ ਦਾ ਮੇਲਾ
ਵਿਪਰਾਂ ਦੀ ਜਿਹੜੀ ਰੀਤੋਂ  ਗੁਰਾਂ ਸਾਨੂੰ ਹੋੜਿਆ ਸੀ,
ਹਰ ਉਸ ਰੀਤ ਨਾਲ ਯਾਰੀਆਂ ਨਿਭਾਵੇਂਗੇ
ਗੁਰੂ ਉਪਦੇਸ਼ਾਂ ਨਾਲ ਜਿੰਦਗੀ ਜਿਓਣ ਨਾਲੋਂ,
ਕਰਮ-ਕਾਂਢਾਂ ਦੇ ਨਾਲ ਜੀਵਨ ਬਿਤਾਵੇਂਗੇ
ਸ਼ਬਦ ਵਿਚਾਰ ਜਿਹੜਾ ਤੀਰਥ ਗੁਰਾਂ ਨੇ ਕਿਹਾ,
ਗਿਆਨ ਵਾਲੀ ਹਰ ਗੱਲ ਜੱਗ ਤੋਂ ਛੁਪਾਵੇਂਗੇ
ਗੁਰੂ ਕਹਿੰਦਾ ਸਾਧ ਬਿਨਾਂ ਨ੍ਹਾਤਿਆਂ ਹੀ ਸਾਧ ਹੁੰਦੇ,
ਚੋਰ ਮਲ਼-ਮਲ਼ ਨ੍ਹਾਕੇ ਚੋਰ ਹੀ ਸਦਾਵੇਂਗੇ
ਤੀਰਥਾਂ ਤੇ ਨ੍ਹਾ ਨ੍ਹਾ ਕੇ ਪਾਪ ਲਾਹੁਣ ਆਉਂਦੇ ਜਿਹੜੇ,
ਭਰਮਾਂ ਦੀ ਮੈਲ਼ ਸਗੋਂ ਹੋਰ ਉਹ ਚੜ੍ਹਾਵੇਂਗੇ
ਅੰਦਰੋਂ ਜੋ ਵਿਸ਼ਿਆਂ ਵਿਕਾਰਾਂ ਨਾਲ ਭਰੀ ਹੋਈ ਏ,
ਬਾਹਰੋਂ ਬਾਹਰੋਂ ਤੂੰਬੜੀ ਨੂੰ ਧੋ ਕੇ ਦਿਖਾਂਵੇਂਗੇ
ਬਾਣੀ ਦੇ ਸਰੋਵਰ 'ਚ ਚੁੱਭੀ ਜਿਹੜੇ ਲਾਂਵਦੇ ਨਾ,
ਕੁੰਭ ਵਾਲੇ ਮੇਲੇ ਆਜੋ ਮਲ਼-ਮਲ਼ ਨ੍ਹਾਵੇਂਗੇ।।
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)gsbarsal@gmail.com

Tuesday, January 29, 2013

Saturday, January 19, 2013

Wednesday, January 16, 2013

ਸਾਰੇ ਜਹਾਂ ਸੇ ਅੱਛਾ


ਸਾਰੇ ਜਹਾਂ ਸੇ ਅੱਛਾ,,,,,,,,,,?

ਹੁਣ ਤੇ ਲੋਕੀਂ ਜਾਣ ਰਹੇ ਨੇ

ਮੁਜਰਮ ਨੂੰ ਪਹਿਚਾਣ ਰਹੇ ਨੇ

ਗੁੰਡੀ ਰੰਨ ਪ੍ਰਧਾਨਾਂ ਵਾਲੇ,

ਲੋਕ-ਤੰਤਰ ਨੂੰ ਮਾਣ ਰਹੇ ਨੇ

ਪੱਥਰਾਂ ਦੇ ਪੱਥਰ ਦਿਲ ਕੋਲੇ,

ਕੇਹਾ ਰਹਿਮ ਵਿਚਾਰਾ

ਸਾਰੇ ਜਹਾਂ ਸੇ ਅੱਛਾ,ਹਿੰਦੋਸਤਾਨ ਹਮਾਰਾ।।

ਨਸ਼ਿਆਂ ਦੇ ਦਰਿਆ ਨੇ ਜਿੱਥੇ

ਲੱਚਰ ਗੀਤ ਦੁਆ ਨੇ ਜਿੱਥੇ

ਨੈਤਿਕਤਾ ਨੂੰ ਮਰਦੀ ਤੱਕਕੇ,

ਲੋਕੀਂ ਬੇ-ਪ੍ਰਵਾਹ ਨੇ ਜਿੱਥੇ

ਜਾਤਾਂ, ਮਜ਼ਹਬਾਂ, ਵਰਗਾਂ ਜਿੱਥੇ,

ਵੰਡ ਦਿੱਤਾ ਭਾਈਚਾਰਾ

ਸਾਰੇ ਜਹਾਂ ਸੇ ਅੱਛਾ, ਹਿੰਦੋਸਤਾਨ ਹਮਾਰਾ।।

ਰਿਸ਼ਵਤ ਖੋਰੀ ਭ੍ਰਿਸ਼ਟਾਚਾਰੀ

ਚੋਰੀ ਠੱਗੀ ਕੂੜ ਬਿਮਾਰੀ

ਦੁਨੀਆਂ ਦੇ ਹਰ ਜੁਰਮ ਨੂੰ ਜਿੱਥੇ,

ਮਿਲੀ ਮਾਨਤਾ ਹੈ ਸਰਕਾਰੀ

ਬੇ-ਗੁਨਾਹ ਤਾਂ ਸਜਾ ਭੋਗਦੇ,

ਬੇ-ਦੋਸ਼ਾ ਹਤਿਆਰਾ

ਸਾਰੇ ਜਹਾਂ ਸੇ ਅੱਛਾ, ਹਿੰਦੋਸਤਾਨ ਹਮਾਰਾ।।

ਲੀਡਰ ਲਾਰੇ ਗੱਪਾਂ ਛੱਡਣ

ਸੰਸਦ ਅੰਦਰ ਗਾਲਾਂ ਕੱਢਣ

ਲੋੜਬੰਦਾਂ ਤੇ ਮਜਲੂਮਾਂ ਦੀ

ਮੱਦਦ ਨਾਲੋਂ ਫਸਤੇ ਵੱਢਣ

ਜਿਸ ਹਲਕੇ ਤੋਂ ਜਿੱਤ ਕੇ ਜਾਦੇ,

ਮੁੜ ਨਾ ਆਉਣ ਦੁਬਾਰਾ

ਸਾਰੇ ਜਹਾਂ ਸੇ ਅੱਛਾ, ਹਿੰਦੋਸਤਾਨ ਹਮਾਰਾ।।

ਜਦ ਵੀ ਨੇਤਾ ਘੁੰਮਣ ਜਾਂਦੇ

ਸਰਕਾਰੀ ਕੋਈ ਪੱਜ ਬਣਾਂਦੇ

ਆਪਣੇ ਵਤਨੀ ਪੈਸਾ ਲਾਓ,

ਮਿਹਨਤ-ਕਸ਼ਾਂ ਨੂੰ ਫੁਰਮਾਂਦੇ

ਜਿਹੜਾ ਗੱਲਾਂ ਵਿੱਚ ਭਰਮਦਾ,

ਧੋਖਾ ਖਾਂਦਾ ਭਾਰਾ

ਸਾਰੇ ਜਹਾਂ ਸੇ ਅੱਛਾ, ਹਿੰਦੋਸਤਾਨ ਹਮਾਰਾ।।

ਘੱਟ ਗਿਣਤੀ ਮਹਿਫੂਜ਼ ਨਾਂ ਜਿੱਥੇ

ਚੰਗੀ ਕੋਈ ਨਿਊਜ਼ ਨਾਂ ਜਿੱਥੇ

ਜਿਊਂਦੇ ਦੀ ਕੋਈ ਕਦਰ ਨਾ ਕਰਦਾ,

 ਪੱਥਰ ਹੁੰਦੇ ਪੂਜ ਨੇ ਜਿੱਥੇ

ਔਰਤ ਦੀ ਦੁਰਦਸ਼ਾ ਸਦਾ ਤੋਂ,

ਭਰਦੀ ਜਿੱਥੇ ਹੁੰਗਾਰਾ

ਸਾਰੇ ਜਹਾਂ ਸੇ ਅੱਛਾ, ਹਿੰਦੋਸਤਾਨ ਹਮਾਰਾ।।

ਧੀਆਂ ਭੈਣਾਂ ਸੇਫ ਨਾਂ ਜਿੱਥੇ

ਬੱਸਾਂ ਅੰਦਰ ਰੇਪ ਨੇ ਜਿੱਥੇ

ਜੇ ਕੋਈ ਧੀ ਦਾ ਬਾਬਲ ਰੋਕੇ,

ਗੋਲੀਆਂ ਦੇਵਣ ਸੇਕ ਨੇ ਜਿੱਥੇ

ਕਿਸ ਮੂੰਹ ਨਾਲ ਉਥੋਂ ਦੇ ਲੀਡਰ,

ਲਾਉਂਦੇ ਮੁੜ ਮੁੜ ਨਾਅਰਾ

ਸਾਰੇ ਜਹਾਂ ਸੇ ਅੱਛਾ, ਹਿੰਦੋਸਤਾਨ ਹਮਾਰਾ।।

ਸਾਰੇ ਜਹਾਂ ਸੇ ਅੱਛਾ, ਹਿੰਦੋਸਤਾਨ ਹਮਾਰਾ।।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

gsbarsal@gmail.com

Tuesday, January 8, 2013

ਬਿਹਤਰ ਇਂਨਸਾਫ


ਬਿਹਤਰ ਇਨਸਾਫ?

ਮੇਰੇ ਦੇਸ਼ ਮਹਾਨ ਦੇ ਸ਼ਾਸਕਾਂ ਨੂੰ,

ਸਾਰਾ ਜੱਗ ਅੱਜ ਬੈਠਾ ਨਿਹਾਰਦਾ ਏ

ਲੋਕ ਰਾਜ ਦੀ ਆੜ ਦੇ ਹੇਠ ਕਿੱਦਾਂ,

ਗੁੰਡਾ ਰਾਜ  ਫੁੰਕਾਰੇ ਪਿਆ ਮਾਰਦਾ ਏ

ਹਰ ਚੋਰੀ ਚਕਾਰੀ ਤੇ ਲੁੱਟ ਅੰਦਰ,

ਹਿੱਸਾ ਹੋਂਵਦਾ ਕਾਹਤੋਂ ਸਰਕਾਰ ਦਾ ਏ

ਕਾਹਤੋਂ ਮਿਲਦੀ ਪਨਾਹ ਹੈ ਕਾਤਲਾਂ ਨੂੰ,

ਭਾਵੇਂ ਦੋਸ਼ੀ ਕੋਈ ਬਲਾਤਕਾਰ ਦਾ ਏ

ਵੱਧ ਗਿਣਤੀਆਂ ਵਾਲਾ ਇਨਸਾਫ ਜਿੱਥੇ,

ਘੱਟ ਗਿਣਤੀਆਂ ਸਦਾ ਵਿਸਾਰਦਾ ਏ

ਵੋਟਾਂ ਨੋਟਾਂ ਨੂੰ ਦੇਖ ਇਨਸਾਫ ਝੁਕਦਾ,

ਸੱਚ ਝੂਠ ਨੂੰ ਕੌਣ ਵਿਚਾਰਦਾ ਏ

ਜਿੱਥੇ ਬੇਹਤਰ ਇਲਾਜ ਲਈ 'ਦਾਮਨੀ' ਨੂੰ,

ਸਿੰਘਾਪੁਰ ਪੁਚਾਇਆ ਵੀ ਜਾ ਸਕਦਾ ।।

ਉੱਥੇ ਬਿਹਤਰ ਇਨਸਾਫ ਲਈ ਦੋਸ਼ੀਆਂ ਨੂੰ,

ਅਰਬ ਦੇਸ਼ ਭਿਜਵਾਇਆ ਨਹੀਂ ਜਾ ਸਕਦਾ?।।

ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)

gsbarsal@gmail.com

Friday, January 4, 2013

Tuesday, January 1, 2013

ਦਿੱਲੀ ਚ ਦਰਿੰਦੇ ਵਸਦੇ


ਦਿੱਲੀ 'ਚ ਦਰਿੰਦੇ ਵਸਦੇ,,,,,,

ਦਿੱਲੀ 'ਚ ਦਰਿੰਦੇ ਵਸਦੇ, ਤੈਨੂੰ ਨਜਰ ਨਾਂ ਆਉਣ ਸਰਕਾਰੇ

ਨੀ ਚਿੜੀਆਂ ਦੇ ਖੰਬ ਨੋਚਕੇ, ਗਲੀ ਗਲੀ 'ਚ ਫਿਰਨ ਹੰਕਾਰੇ।।

ਸੁਣਿਆਂ ਸੀ ਦਿੱਲੀ , ਦਿਲ ਵਾਲਿਆਂ ਦਾ ਸ਼ਹਿਰ ਹੈ

ਜਿਹਦੇ ਨਾਲ ਬੀਤੀ ਦੱਸੇ, ਗੁੰਡਿਆਂ ਦਾ ਕਹਿਰ ਹੈ

ਰਾਜਧਾਨੀ ਬਣੀ ਦੇਸ਼ ਦੀ , ਕਾਲਾ ਦਿਲ ਤੂੰ ਛੁਪਾਕੇ ਮੁਟਿਆਰੇ

ਦਿੱਲੀ ',,,,,,,,,,,,,,,,,,,,,,,,,,,,,,,,,,,,,,

ਆਖਣ ਨੂੰ ਲੋਕੀਂ ਭਾਵੇਂ, ਕਹਿੰਦੇ ਲੋਕ ਰਾਜ ਹੈ

ਬੋਟ ਪਾਉਣ ਵਾਲੀ ਤਾਂ, ਜਮੀਰ ਮੁਹਤਾਜ ਹੈ

ਗੁੰਡੇ ਜਿੱਥੇ ਬਣਨ ਮੰਤਰੀ, ਰਾਜ ਨੀਤੀ ਦੇ ਸਬਕ ਨੇ ਨਿਆਰੇ

ਦਿੱਲੀ ',,,,,,,,,,,,,,,,,,,,,,,,,,,,,,,,,,,,,,

ਨੇਤਾ ਕਹਿੰਦੇ ਸਾਡਾ, ਲੋਕ ਰਾਜ ਬੇ-ਮਿਸਾਲ ਹੈ

ਔਰਤਾਂ ਦਾ ਜੀਣਾ ਫਿਰ, ਹੋਇਆ ਕਿਓਂ ਮੁਹਾਲ ਹੈ

ਸਰੀਆਂ 'ਨਾਂ ਬਿੰਨ੍ਹ ਕੁੜੀਆਂ, ਪਤ ਲੁੱਟਕੇ ਸੁੱਟਣ ਹਤਿਆਰੇ

ਦਿੱਲੀ ',,,,,,,,,,,,,,,,,,,,,,,,,,,,,,,,,,,,,,,,,

ਦੋਸ਼ੀ ਜੇ ਚੁਰਾਸੀ ਦੇ, ਜਿਹਲਾਂ 'ਚ ਸਿੱਟੇ ਹੋਂਵਦੇ

ਗੁੰਡਿਆਂ ਦੀ ਜਾਨ ਨੂੰ ਨਾਂ, ਅੱਜ ਬੈਠੇ ਰੋਂਵਦੇ

ਗੁੰਡਿਆਂ ਦੀ ਚੜ੍ਹ ਮੱਚਦੀ, ਜਦੋਂ ਬਚ ਜਾਂਦੇ ਪਹੁੰਚ ਦੇ ਸਹਾਰੇ

ਦਿੱਲੀ ',,,,,,,,,,,,,,,,,,,,,,,,,,,,,,,,,,,,

ਜਿਸ ਰਾਜ ਵਿੱਚ ਅਜੇ, ਔਰਤ ਗੁਲਾਮ ਹੈ

ਬੰਦਿਆਂ ਦੀ ਸੋਚ ਉੱਥੇ, ਪਸ਼ੂਆਂ ਸਮਾਨ ਹੈ

ਹੱਥੀਂ ਪਾਲ ਗੁੰਡਿਆਂ ਨੂੰ, ਕਿਹਦੇ ਅੱਥਰੂ ਪੂੰਝੇਂਗੀ ਬਦਕਾਰੇ

ਦਿੱਲੀ ',,,,,,,,,,,,,,,,,,,,,,,,,,,,,,,,,,,,

ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)