Monday, May 25, 2015

ਰੱਬ ਦੀ ਪ੍ਰਾਪਤੀ

ਰੱਬ ਦੀ ਪ੍ਰਾਪਤੀ !!
‘ਪੁਰਖ’ ‘ਅਜੂਨੀ’ ਗੁਰੂਆਂ ਜੋ ਸਮਝਾਇਆ ਹੈ ।
ਸਾਡੀ ਐਨਕ ਦੇ ਉਹ ਫਿੱਟ ਨਹੀਂ ਆਇਆ ਹੈ ।।
ਕਈ ਵਾਰੀ ਇਹ ਜਗਤ-ਪਸਾਰਾ ਪੱਸਰਿਆ,
ਕਈ ਵਾਰੀ ਉਸ ਆਪੇ ਖੁਦ ਨੂੰ ਢਾਇਆ ਹੈ ।।
ਆਪਣੇ ਆਪ ਨੂੰ ਆਪੇ ਹੀ ਜੋ ਸਾਜ ਰਿਹਾ,
ਬਾਬੇ ਉਸਨੂੰ ‘ਸੈਭੰ’ ਕਹਿ ਪ੍ਰਗਟਾਇਆ ਹੈ ।।
ਕਰਤੇ ਬਾਝ ਨਾ ਕਿਰਤ, ਕਿਰਤ ਬਿਨ ਕਰਤਾ ਨਾ,
ਗੁਰਬਾਣੀ ਨੇ ਏਹੀ ਰੂਪ ਸੁਝਾਇਆ ਹੈ ।।
ਜ਼ਰੇ ਜ਼ਰੇ ਵਿੱਚ ਓਸੇ ਦਾ ਹੀ ਜਲਵਾ ਹੈ,
ਜਿੱਧਰ ਦੇਖੋ ਓਸੇ ਦੀ ਹੀ ਛਾਇਆ ਹੈ ।।
ਗਿਆਨ ਓਸ ਦੀ ਥਾਹ ਤੋਂ ਪਿੱਛੇ ਰਹਿੰਦਾ ਹੈ,
‘ਨਾਨਕ’ ਜਿਸਨੂੰ ‘ਬੇਅੰਤ’  ਫੁਰਮਾਇਆ ਹੈ ।।
ਜਿਸਨੇ ਜੀਵਨ ਵਿੱਚ ਉਸਨੂੰ ਪਹਿਚਾਣ ਲਿਆ,
ਉਸਦੀ ਕਿਰਤ, ਸੁਕਿਰਤ ਦਾ ਰੂਪ ਵਟਾਇਆ ਹੈ ।।
ਉਸਦੇ ਜੱਗਤ ਦੀ ਸੇਵਾ ਉਸਦੀ ਪੂਜਾ ਹੈ,
ਖਲਕਤ ਦੇ ਖੁਸ਼ ਹੁੰਦਿਆਂ ਉਹ ਮੁਸਕਾਇਆ ਹੈ ।।
ਬੰਦਿਆਂ ਆਪਣੇ ਵਾਂਗੂ ਆਪਣੇ ਖਿਆਲਾਂ ਵਿੱਚ,
ਰੱਬ ਨੂੰ ਵੀ ਵਡਿਆਈ-ਖੋਰ ਜਤਾਇਆ ਹੈ ।।
ਆਪਣੇ ਹੀ ਗੁਣ ਸੁਣਕੇ ਉਹ ਖੁਸ਼ ਹੁੰਦਾ ਹੈ,
ਏਦਾਂ ਕਹਿਕੇ ਸਭ ਨੂੰ ਭੇਡ ਬਣਾਇਆ ਹੈ ।।
ਛੱਡ ਆਡੰਬਰੀ ਪੂਜਾ ਰਜਾ ‘ਚ ਰਹਿੰਦਾ ਜੋ,
ਓਸ ਪੁਜਾਰੀ ਤੋਂ ਨਾਸਤਕ ਅਖਵਾਇਆ ਹੈ ।।
ਗੈਰ-ਕੁਦਰਤੀ ਆਸਾਂ ਤੱਕਣ ਵਾਲੇ ਨੇ,
ਆਪਣੇ ਆਸਤਕ ਹੋਣ ਦਾ ਝੰਡਾ ਲਾਇਆ ਹੈ ।।
ਆਸਤਕ-ਨਾਸਤਕ ਸਭਨਾਂ ਵਿੱਚ ਉਹ ਰਮਿਆਂ ਹੈ,
ਉਸਦੇ ਲਈ ਨਾ ਜੱਗ ਤੇ ਕੋਈ ਪਰਾਇਆ ਹੈ ।।
ਰੱਬ ਅੱਖਾਂ ਨਾਲ ਦੇਖਣ ਦੀ ਕੋਈ ਚੀਜ ਨਹੀਂ,
ਜਿਸਨੇ ਵੀ ਮਹਿਸੂਸਿਆ ਸਮਝੋ ਪਾਇਆ ਹੈ ।।।।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

Friday, May 8, 2015

ਅਜੋਕਾ ਪੰਜਾਬ

ਸਵਾਰੀ ਆਪਣੀ ਇੱਜਤ ਦੀ ਆਪ ਜਿਮੇਵਾਰ ਏ !
“ਗੁਰੂਆਂ ਦੇ ਨਾਂ ਤੇ ਵਸਦਾ ਹੈ”,
ਕਵੀਆਂ ਦਾ ਇਹ ਵਿਚਾਰ ਏ ।
ਸੁਣਿਆ ਸੀ ਹਰ ਹਮਲਾਵਰ ਲਈ,
ਰਿਹਾ ਬਣਦਾ ਇਹ ਤਲਵਾਰ ਏ ।।
ਗੈਰਾਂ ਦੀ ਇੱਜਤ ਖਾਤਿਰ ਵੀ,
ਸੀ ਸੀਸ ਤਲੀ ਤੇ ਧਰ ਲੈਂਦਾ ।
ਅੱਜ ਘਰ ਦੀ ਇਜੱਤ ਰਾਖੀ ਲਈ,
ਇਹ ਹੋਇਆ ਪਿਆ ਲਾਚਾਰ ਏ ।।
ਕਦੇ ਉੱਚ ਕਿਰਦਾਰ ਦੀ ਖਾਤਿਰ ਇਹ,
ਜੀਵਨ ਦੀ ਬਾਜੀ ਲਾਉਂਦਾ ਸੀ,
ਅੱਜ ਜੀਵਨ ਦੇ ਆਦਰਸ਼ਾਂ ਨੂੰ
 ਨਸ਼ਿਆਂ ਤੋਂ ਦਿੱਤਾ ਵਾਰ ਏ ।।
ਹਵਸਾਂ ਦੀ ਲਤ ਨੂੰ ਪੂਰਨ ਲਈ,
ਚੋਰੀ ਤੇ ਸੀਨਾ-ਜੋਰੀ ਨੇ ।
ਕੋਈ ਬੰਦਾ ਵੀ ਮਹਿਫੂਜ ਨਹੀਂ,
ਅੱਜਕਲ ਇਹ ਬਹੁਤ ਬਿਮਾਰ ਏ ।।
ਅਬਦਾਲੀ ਤੋਂ ਛੁਡਵਾਉਂਦਾ ਸੀ ।
ਅੱਜ ਖੁਦ ਅਬਦਾਲੀ ਬਣਿਆਂ ਏ,
ਕਿੰਝ ਤੱਕੀਏ ਮੱਸੇ ਰੰਘੜ ਲਈ,
ਕੋਈ ‘ਸੁੱਖਾ’ ਫੇਰ ਤਿਆਰ ਏ ।।
ਇਹਨੂੰ ਗੁਰੂਆਂ ਨੇ ਉਪਦੇਸ਼ ਦਿੱਤੇ,
ਜੀਵਨ ਨੂੰ ਸਵਰਗ ਬਨਾਵਣ ਦੇ ।
ਇਸ ਗਿਆਨ ਸੇਲ ਤੇ ਲਾ ਦਿੱਤਾ,
ਖੁਦ ਮੰਨਣ ਤੋਂ ਇਨਕਾਰ ਏ ।।
ਭਾਵੇਂ ਬੱਸਾਂ ਅੰਦਰ ਲਿਖਿਆ ਨਹੀਂ,
ਪਰ ਤਾਂ ਵੀ ਇੰਝ ਹੀ ਲਗਦਾ ਹੈ ।
“ਹੁਣ ਸਵਾਰੀ ਆਪਣੀ ਇੱਜਤ ਦੀ,
ਖੁਦ ਆਪੇ ਜਿਮੇਵਾਰ ਏ” ।।।।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

Friday, May 1, 2015