Thursday, June 24, 2010

ਰਸ-ਸੁਇਨਾ

ਰਸ-ਸੁਇਨਾ
ਧਰਮ ਸਥਾਨਾ ਉੱਤੇ ਲੱਗਿਆ ਜੋ ਸੋਨਾ ਹੁੰਦਾ,
ਦੇਸੀ ਤੇ ਵਿਦੇਸੀ ਉਹ ਲੁਟੇਰਿਆਂ ਨੂੰ ਭਾਵੇ ਜੀ।
ਮੰਦਰਾਂ `ਚ ਰੱਖ-ਰੱਖ ਹਿੰਦੀਆਂ ਨੇ ਦੇਖ ਲਿਆ,
ਧਾੜਵੀ ਲੁਟੇਰਿਆਂ ਨੂੰ ਸੱਦਾ ਇਹ ਪੁਚਾਵੇ ਜੀ।
ਗੁਰੂਆਂ ਨੇ ਸਾਨੂੰ ਜਿੱਥੋਂ ‘ਰਸ’ ਕਹਿ ਕੇ ਹੋੜਿਆ,
ਕਾਹਤੋਂ ਸਿੱਖ ਅੱਜ ਉਸੇ ‘ਰਸ’ ਪਿੱਛੇ ਜਾਵੇ ਜੀ।
ਸੋਨਾ ਜੇ ਲਗਾਉਣਾ ਲਾਓ ਦਿਲਾਂ ਤੇ ਦਿਮਾਗਾਂ ਉੱਤੇ,
ਤਾਂ ਕਿ ਇਹ ਮਨੁੱਖਤਾ ਹੀ ਸੋਨਾ ਬਣ ਜਾਵੇ ਜੀ।।

Sunday, June 20, 2010

ਬੱਬੂ ਮਾਨ

ਬੱਬੂ ਮਾਨ
ਭਾਰੂ ਸਤਾ ਤੇ ਹੋ ਬਹੁ ਗਿਣਤੀਆਂ ਨੇ,
ਘੱਟ ਗਿਣਤੀਆਂ ਨੂੰ ਤਾਂ ਦਬਾਇਆ ਹੀ ਏ।
ਆਪਣੀ ਪਕੜ ਸਦੀਵੀ ਬਣਾਉਣ ਖਾਤਿਰ,
ਮਨ ਘੜਤ ਇਤਿਹਾਸ ਬਣਾਇਆ ਹੀ ਏ।
ਜਦੋਂ ਚੇਤਨਾ ਜਾਗਣੀ ਸ਼ੁਰੂ ਹੋ ਜਾਏ,
ਗੱਲ ਲੋਕਾਂ ਦੇ ਦਿਲਾਂ ਤੱਕ ਪੁੱਜ ਜਾਂਦੀ;
ਕਪੂਰ ਸਿੰਘ ਨੇ ਲਿਖੀ ਜੋ ਹੱਡ ਬੀਤੀ,
ਬੱਬੂ ਮਾਨ ਤਾਂ ਕੇਵਲ ਸੁਣਾਇਆ ਹੀ ਏ।।

Friday, June 11, 2010

ਸੇਲ ਸੇਲ ਸੇਲ

ਸੇਲ ਸੇਲ ਸੇਲ
ਕੰਮਾਂ ਧੰਦਿਆਂ ਵਿੱਚ ਠੇਕੇਦਾਰ ਹੰਦੇ,
ਐਪਰ ਧਰਮ ਦੇ ਅਜਕਲ ਅਖਵਾਂਵਦੇ ਨੇ।
ਖਤਰਾ ਘਾਟੇ ਦਾ ਸਦਾ ਲਈ ਮੁੱਕ ਜਾਂਦਾ,
ਜਦੋਂ ਪੂਜਾ ਨੂੰ ਕਿਰਤ ਬਣਾਂਵਦੇ ਨੇ।
ਭਾਵੇਂ ਜੱਗ ਤੇ ਮੰਦੀ ਦਾ ਦੌਰ ਚੱਲੇ,
ਪੰਜੇ ਇਹਨਾ ਦੀਆਂ ਘਿਓ ਵਿੱਚ ਰੰਹਿਦੀਆਂ ਨੇ;
ਕਦੇ ਛੇਕਣ ਲਈ ਸੇਲ ਤੇ ਕੰਮ ਕਰਦੇ,
ਕਦੇ ਮਾਫੀ ਦੀ ਸੇਲ ਲਗਾਂਵਦੇ ਨੇ।

Sunday, June 6, 2010

ਤੇ ਆਖਿਰ ਬੰਦਾ ਸਿੰਘ ਬਹਾਦਰ ਫੜਿਆ ਹੀ ਕਿਓਂ ਗਿਆ ?


ਤੇ ਆਖਿਰ ਬੰਦਾ ਸਿੰਘ ਬਹਾਦਰ ਫੜਿਆ ਹੀ ਕਿਓਂ ਗਿਆ ?


                                 ਬੰਦਾ ਸਿੰਘ ਬਹਾਦਰ ਦੀ ਸ਼ਤਾਬਦੀ ਕਾਰਣ ਬਹੁਤ ਸਾਰੇ ਲੇਖਕਾਂ ਅਤੇ ਵਿਦਵਾਨਾ ਨੇ ਇਤਿਹਾਸ ਦੀਆਂ ਅਨੇਕਾਂ ਪਰਤਾਂ ਨੂੰ ਮੁੜ ਤੋਂ ਫਰੋਲਦਿਆਂ, ਵਿਚਾਰ ਚਰਚਾ ਕਰਦਿਆਂ ਬਹੁਤ ਨਵੀਆਂ ਗੱਲਾਂ ਸੁਆਲੀਆ ਰੂਪ ਵਿੱਚ ਸਾਹਮਣੇ ਰੱਖੀਆਂ ਹਨ । ਲਿਖੇ ਹੋਏ ਅਤੇ ਲਿਖਾਏ ਹੋਏ ਇਤਿਹਾਸ ਦਾ ਅੰਤਰ ਮਹਿਸੂਸਦਿਆਂ ਜਿਆਦਾ ਲਿਖਾਰੀਆਂ ਇਤਿਹਾਸਿਕ ਹਵਾਲਿਆਂ ਨਾਲੋਂ ਗੁਰਮਤਿ ਸਿਧਾਂਤ ਅਤੇ ਗੁਰਮਤਿ ਫਿਲਾਸਫੀ ਦੇ ਦ੍ਰਿਸ਼ਟੀਕੋਣ ਨੂੰ ਉੱਪਰ ਰੱਖਿਆ ਹੈ ਜਿਸ ਨਾਲ ਭਵਿੱਖ ਵਿੱਚ ਇਤਿਹਾਸ ਦਾ ਮਿਥਿਹਾਸ ਬਣਨ ਤੋਂ ਠੱਲ ਪੈਣ ਦੇ ਆਸਾਰ ਨਜਰ ਆਉਣ ਲੱਗੇ ਹਨ । ਇਹ ਇੱਕ ਸਿਹਤਮੰਦ ਅਤੇ ਜਾਗਰੁਕਤਾ ਭਰਿਆ ਰੁਝਾਨ ਹੈ । ਗੁਰਮਤਿ ਦੀ ਕਸਵੱਟੀ ਤੇ ਪਰਖਦਿਆਂ ਗੁਰੂੁ ਕਾਲ ਨਾਲ ਸਬੰਧਤ ਲਿਖਿਆ ਗਿਆ ਇਤਿਹਾਸ ਵੀ ਜਿਆਦਾਤਰ ਦੂਜੇ ਮਜਹਬਾਂ ਦੀ ਰੀਸੇ ਕਰਿਸ਼ਮੇ ਭਰਪੂਰ ਆਕਰਸ਼ਣ ਵਾਲਾ ਮਿਥਿਹਾਸ ਹੀ ਜਾਪਣ ਲਗਦਾ ਹੈ, ਤਾਂ ਬਾਅਦ ਵਾਲੇ ਇਤਿਹਾਸ ਦਾ ਠੀਕ ਹੋਣਾ ਕਿੰਝ ਵਿਚਾਰਿਆ ਜਾ ਸਕਦਾ ਹੈ । ਗੁਰਮਤਿ ਸਿਧਾਂਤ ਤੋਂ ਸਖਣੇ,ਕੇਵਲ ਇਤਿਹਾਸਕ ਹਵਾਲਿਆਂ ਦੀ ਮਦਦ ਅਤੇ ਹਕੂਮਤਾਂ ਦੇ ਥਾਪੜੇ ਨਾਲ ਲਿਖੇ ਗਏ ਸਿੱਖ ਇਤਿਹਾਸ ਦਾ ਮੰਤਵ ਹੁਣ ਗੁੱਝਾ ਨਹੀਂ ਰਿਹਾ ।