Saturday, August 26, 2017

ਦੇਹ ਤੋਂ ਸ਼ਬਦ

ਦੇਹ ਤੋਂ ਸ਼ਬਦ
ਦੇਹ ਤੋਂ ਸ਼ਬਦਾਂ ਵੱਲ ਜਦੋਂ ਕੋਈ ਹਿਲਦਾ ਹੈ ।
ਜੜ ਤੋਂ ਚੇਤਨ ਵੱਲ ਦਾ ਰਸਤਾ ਮਿਲਦਾ ਹੈ ।।

ਨਾ ਹੀ ਦੇਹ ਕੋਈ ਗੁਰੂ ਜਾਂ ਚੇਲਾ ਬਣਦੀ ਏ,
ਗਿਆਨ ਗੁਰੂ ਹੀ ਸੁਰਤ ਨੂੰ ਲੈ ਕੇ ਠ੍ਹਿਲਦਾ ਹੈ ।।

ਮਨ ਤਾਂ ਅਕਸਰ ਬਦਲ ਪੁਸ਼ਾਂਕਾਂ ਪਾਉਂਦਾ ਹੈ,
ਰੂਹ ਵਰਗਾ ਨਾ ਲੀੜਾ ਇਸਤੋਂ ਸਿਲਦਾ ਹੈ ।।

ਜਦ ਵੀ ਕੋਈ ਦੇਹ ਤੋਂ ਅੱਗੇ ਲੰਘਦਾ ਏ,
ਕਹੇ ਪੁਜਾਰੀ ਪੰਗਾ ਵਕਤੀ ਢਿੱਲ ਦਾ ਹੈ ।।

ਸੱਚ ਸੁਣਾਉਣੋਂ ਪਹਿਲਾਂ ਖੁਦ ਅਪਣਾਏ ਜੋ,
ਲੋਕੀਂ ਕਹਿਣ ਬੇਚਾਰਾ ਰੋਗੀ ਦਿਲ ਦਾ ਹੈ ।।

ਆੜ ਸ਼ਬਦ ਦੀ ਓਹਲੇ ਦੇਹ ਹੀ ਭੁਗਤੀ ਹੈ,
ਸੱਚ ਤਰਕ ਤਵੱਕਿਆਂ ਅੰਦਰ ਛਿਲਦਾ ਹੈ ।।

ਧਰਮ ਦੀ ਆੜੇ ਪੰਥ-ਮਜ਼ਹਬ ਦੀ ਗੱਲ ਹੁੰਦੀ,
ਕੋਟਨ ਮੇ ਹੀ ਕੋਊ ਨਾਨਕ ਖਿਲਦਾ ਹੈ ।।

ਗੁਰਮੀਤ ਸਿੰਘ ‘ਬਰਸਾਲ’(ਕੈਲੇਫੋਰਨੀਆਂ)

Tuesday, August 15, 2017



ਵਿਕਾਸ-ਹਨੇਰੀ !

ਵਿਕਾਸ-ਹਨੇਰੀ !!
ਜਦ ਤੋਂ ਓਥੇ ਪਰਵਾਸੀ ਅਖਵਾਇਆ ਹੈ ।
ਸੌਖਾ ਕੰਮ ਵੀ ਔਖਾ ਬਣਕੇ ਆਇਆ ਹੈ ।।
ਜਿਸ ਵੀ ਦਫਤਰ ਜਿਸ ਵੀ ਕੰਮ ਲਈ ਜਾਂਦਾ ਸੀ।
ਕਰਮਚਾਰੀਆਂ ਬਿਨ ਦੇਖੇ ਟਰਕਾਇਆ ਹੈ ।।
ਦੂਜੇ ਦਾ ਹੱਕ ਖਾਣਾ ਕਿੰਝ ਹਰਾਮ ਕਹੂ,
ਜਿਸਨੇ ਛੱਡ ਕਤਾਰ ਜੁਗਾੜ ਲਗਾਇਆ ਹੈ ।।
ਆਪਣੀ ਵਾਰੀ ਕਾਹਤੋਂ ਕੋਈ ਉਡੀਕੇਗਾ,
‘ਧੁਸ-ਦੇਣਾ’ ਹੀ ਜੇਕਰ ਗਿਆ ਸਿਖਾਇਆ ਹੈ ।।
ਇਮਾਨਦਾਰੀ ਦੇ ਪੜ੍ਹੇ ਪਾਠ ਸਭ ਰੁਲ਼ ਜਾਂਦੇ,
ਹੇਰ-ਫੇਰ ਹੀ ਜਾਵੇ ਜਦ ਵਡਿਆਇਆ ਹੈ ।।
ਜੋ-ਜੋ ਕੰਮ ਲਈ ਛੁੱਟੀਆਂ ਲੈਕੇ ਪੁੱਜਾ ਸੀ,
ਅਗਲਿਆਂ ਮਿਥਕੇ ਛੁੱਟੀਓਂ ਕੰਮ ਵਧਾਇਆ ਹੈ ।।
‘ਮਾਫ ਕਰੀਂ’ ਜਾਂ ‘ਧੰਨਵਾਦ’ ਜੇ ਕਹਿ ਬੈਠਾ,
ਅਗਲੇ ਸਮਝਣ ਮੂਰਖ ਦਾ ਹਮਸਾਇਆ ਹੈ ।।
ਹਰ ਕੋਈ ਸੋਚੇ ਪੱਕਾ ਮੱਥਾ ਟੇਕ ਦਿਆਂ,
ਜਦ ਵੀ ਮੱਥਾ ਬੇ-ਮੱਥਿਆਂ ਸੰਗ ਲਾਇਆ ਹੈ ।।
ਬਾਝ ਰਸਾਇਣੋਂ ਅੰਨ ਵੀ ਉੱਗਣਾਂ ਛੱਡ ਦਿੱਤਾ,
ਪੌਣ-ਪਾਣੀ ਵੀ ਫਿਰਦਾ ਅੱਜ ਕੁਮਲਾਇਆ ਹੈ ।।
ਜਹਿਰੀ ਵਾਤਾਵਰਣ ਨੇ ਸਭ ਹੜੱਪ ਜਾਣਾ,
ਚਿੜੀਆਂ ਮੁੱਕਣ ਲੱਗੀਆਂ ਬਿਗਲ ਬਜਾਇਆ ਹੈ ।।
ਸਾਰੀਆਂ ਛੁੱਟੀਆਂ ਦੋ-ਤਿੰਨ ਕੰਮਾਂ ਵਿੱਚ ਗੁਆ,
ਥੱਕ-ਟੁੱਟ ਕੇ ਜਦ ਘਰ ਆ ਟੀ ਵੀ ਲਾਇਆ ਹੈ ।।
ਵਿਕਾਸ ਹਨੇਰੀ ਦਾ ਕੋਈ ਏਥੇ ਸਾਨੀ ਨਹੀਂ,
ਨੇਤਾ ਜੀ ਨੇ ਖਬਰਾਂ ਵਿੱਚ ਫੁਰਮਾਇਆ ਹੈ ।।

ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ),