ਵਿਕਾਸ-ਹਨੇਰੀ !!
ਜਦ ਤੋਂ ਓਥੇ ਪਰਵਾਸੀ ਅਖਵਾਇਆ ਹੈ ।
ਸੌਖਾ ਕੰਮ ਵੀ ਔਖਾ ਬਣਕੇ ਆਇਆ ਹੈ ।।
ਜਿਸ ਵੀ ਦਫਤਰ ਜਿਸ ਵੀ ਕੰਮ ਲਈ ਜਾਂਦਾ ਸੀ।
ਕਰਮਚਾਰੀਆਂ ਬਿਨ ਦੇਖੇ ਟਰਕਾਇਆ ਹੈ ।।
ਦੂਜੇ ਦਾ ਹੱਕ ਖਾਣਾ ਕਿੰਝ ਹਰਾਮ ਕਹੂ,
ਜਿਸਨੇ ਛੱਡ ਕਤਾਰ ਜੁਗਾੜ ਲਗਾਇਆ ਹੈ ।।
ਆਪਣੀ ਵਾਰੀ ਕਾਹਤੋਂ ਕੋਈ ਉਡੀਕੇਗਾ,
‘ਧੁਸ-ਦੇਣਾ’ ਹੀ ਜੇਕਰ ਗਿਆ ਸਿਖਾਇਆ ਹੈ ।।
ਇਮਾਨਦਾਰੀ ਦੇ ਪੜ੍ਹੇ ਪਾਠ ਸਭ ਰੁਲ਼ ਜਾਂਦੇ,
ਹੇਰ-ਫੇਰ ਹੀ ਜਾਵੇ ਜਦ ਵਡਿਆਇਆ ਹੈ ।।
ਜੋ-ਜੋ ਕੰਮ ਲਈ ਛੁੱਟੀਆਂ ਲੈਕੇ ਪੁੱਜਾ ਸੀ,
ਅਗਲਿਆਂ ਮਿਥਕੇ ਛੁੱਟੀਓਂ ਕੰਮ ਵਧਾਇਆ ਹੈ ।।
‘ਮਾਫ ਕਰੀਂ’ ਜਾਂ ‘ਧੰਨਵਾਦ’ ਜੇ ਕਹਿ ਬੈਠਾ,
ਅਗਲੇ ਸਮਝਣ ਮੂਰਖ ਦਾ ਹਮਸਾਇਆ ਹੈ ।।
ਹਰ ਕੋਈ ਸੋਚੇ ਪੱਕਾ ਮੱਥਾ ਟੇਕ ਦਿਆਂ,
ਜਦ ਵੀ ਮੱਥਾ ਬੇ-ਮੱਥਿਆਂ ਸੰਗ ਲਾਇਆ ਹੈ ।।
ਬਾਝ ਰਸਾਇਣੋਂ ਅੰਨ ਵੀ ਉੱਗਣਾਂ ਛੱਡ ਦਿੱਤਾ,
ਪੌਣ-ਪਾਣੀ ਵੀ ਫਿਰਦਾ ਅੱਜ ਕੁਮਲਾਇਆ ਹੈ ।।
ਜਹਿਰੀ ਵਾਤਾਵਰਣ ਨੇ ਸਭ ਹੜੱਪ ਜਾਣਾ,
ਚਿੜੀਆਂ ਮੁੱਕਣ ਲੱਗੀਆਂ ਬਿਗਲ ਬਜਾਇਆ ਹੈ ।।
ਸਾਰੀਆਂ ਛੁੱਟੀਆਂ ਦੋ-ਤਿੰਨ ਕੰਮਾਂ ਵਿੱਚ ਗੁਆ,
ਥੱਕ-ਟੁੱਟ ਕੇ ਜਦ ਘਰ ਆ ਟੀ ਵੀ ਲਾਇਆ ਹੈ ।।
ਵਿਕਾਸ ਹਨੇਰੀ ਦਾ ਕੋਈ ਏਥੇ ਸਾਨੀ ਨਹੀਂ,
ਨੇਤਾ ਜੀ ਨੇ ਖਬਰਾਂ ਵਿੱਚ ਫੁਰਮਾਇਆ ਹੈ ।।
ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ),