Tuesday, June 19, 2012

ਕੁਦਰਤ, ਵਿਗਿਆਨ ਅਤੇ ਗੁਰਮਤਿ


ਕੁਦਰਤ, ਵਿਗਿਆਨ ਅਤੇ ਗੁਰਮਤਿ
ਗੁਰਬਾਣੀ ਦਾ ਕਥਨ ਹੈ, ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ (ਪੰਨਾ 695)
ਮਨੁੱਖ ਦਾ ਸ਼ਰੀਰ ਬ੍ਰਹਿਮੰਡ ਦਾ ਹੀ ਰੂਪ ਹੈ। ਜਿਸ ਤਰਾਂ ਸਮੁੰਦਰ ਦੇ ਪਾਣੀ ਦਾ ਸੁਭਾਅ ਉਸਦੇ ਇੱਕ ਤੁਪਕੇ ਵਰਗਾ ਹੀ ਹੁੰਦਾ ਹੈ ਇਸੇ ਤਰਾਂ ਪਦਾਰਥ ਦਾ ਸਭ ਤੋਂ ਛੋਟਾ ਕਣ ਜਿਸ ਨੂੰ ਅਸੀਂ ਅਣੂ ਆਖਦੇ ਹਾਂ, ਵਿੱਚ ਵੀ ਉਹੀ ਸ਼ਕਤੀ ਕੰਮ ਕਰ ਰਹੀ ਹੈ, ਜੋ ਸਮੁੱਚੇ ਬ੍ਰਹਿਮੰਡ ਨੂੰ ਇੱਕ ਖਾਸ ਸਿਸਟਮ ਵਿੱਚ ਬੰਨ੍ਹੀ ਫਿਰਦੀ ਹੈ। ਜਦੋਂ ਅਸੀਂ ਕਿਸੇ ਜੀਵ ਦੇ ਇਕ ਸੈੱਲ ਦਾ ਅਧਿਐਨ ਕਰਦੇ ਹਾਂ, ਤਾਂ ਦੇਖਦੇ ਹਾਂ ਕਿ ਕਿਵੇਂ ਇੱਕ ਅਣੂ ਦੇ ਵਿਚਕਾਰ ਪੌਜੇਟਿਵ ਚਾਰਜ ਵਾਲੇ ਪਰੋਟੌਨ ਅਤੇ ਚਾਰਜ ਰਹਿਤ ਨਿਊਟਰਾਨ ਗੁੰਦੇ ਹੁੰਦੇ ਹਨ , ਜਿਨਾਂ ਦੁਆਲੇ ਨੈਗੇਟਿਵ ਚਾਰਜ ਵਾਲੇ ਇਲੈਕਟਰੌਨ ਇਕ ਖਾਸ ਨਿਸ਼ਚਿਤ ਦਾਇਰੇ ਵਿੱਚ ਘੁੰਮਦੇ ਰਹਿੰਦੇ ਹਨ। ਇਹ ਘੁੰਮਣ ਵਾਲੇ ਇਲੈਕਟਰੌਨ ਨਾਂ ਅੰਦਰ ਜਾਂਦੇ ਹਨ ਨਾਂ ਬਾਹਰ ਜੋ ਕਿਸੇ ਤੱਤ ਦੀ ਬਣਤਰ ਦਾ ਆਧਾਰ ਬਣਦੇ ਹਨ। ਇਕ ਖਾਸ ਤਰਾਂ ਦੀ ਸ਼ਕਤੀ ਇਹਨਾਂ ਨੂੰ ਘੁੰਮਦੇ ਹੋਇਆਂ ਨੂੰ ਨਿਸ਼ਚਿਤ ਫ਼ਰਕ ਤੇ ਰੱਖਦੀ ਹੈ ਬਿਲਕੁਲ ਉਸੇ ਤਰਾਂ ਜਿਵੇਂ ਬ੍ਰਹਿਮੰਡ ਵਿੱਚ ਸੂਰਜ, ਧਰਤੀ, ਚੰਦ ਅਤੇ ਤਾਰੇ ਆਪਣੇ ਧੁਰੇ ਅਤੇ ਦੂਜਿਆਂ ਦੁਆਲੇ ਘੁੰਮਦੇ ਹੋਏ ਇਕ ਖਾਸ ਦੂਰੀ ਤੇ ਰਹਿਕੇ ਬ੍ਰਹਿਮੰਡ ਨੂੰ ਇਕ ਆਕਾਰ ਬਕਸ਼ਦੇ ਹਨ। ਸੋ ਬ੍ਰਹਿਮੰਡ ਵਿੱਚ ਵਿਚਰ ਰਹੀ ਸ਼ਕਤੀ ਅਤੇ ਇਕ ਸੂਖਮ ਜਿਹੇ ਅਣੂ ਵਿੱਚ ਵਿਚਰ ਰਹੀ ਸ਼ਕਤੀ ਦੇ ਗੁਣਾਂ ਦੀ ਸ਼ਾਂਝ ਹੋਣੀ ਬਾਬੇ ਨਾਨਕ ਦੇ ਕੁਦਰਤ ਨਾਲ ਇਕ ਮਿਕ ਹੋਕੇ ਕਹੇ ਅਨੁਭਵੀ ਸ਼ਬਦ ਦੀ ਇੰਨ ਬਿੰਨ ਪ੍ਰੋੜਤਾ ਕਰਦੀ ਹੈ। ਇਸ ਤਰਾਂ ਅਸੀਂ ਜਾਣ ਜਾਂਦੇ ਹਾਂ ਕਿ ਬਾਬੇ ਨਾਨਕ ਦਾ ਸੁਝਾਇਆ ਰੱਬ ਕੋਈ ਅਸਮਾਨ ਵਿੱਚ ਵੱਖਰਾ ਵਿਭਾਗ ਖੋਲ ਕੇ ਬੈਠਾ ਹੋਰ ਮੱਤਾਂ ਦੇ ਖਿਆਲੇ ਸਵਰਗ-ਨਰਕ ਦੇ ਵਿਭਾਗਾਂ ਵਾਲੇ ਰੱਬ ਵਰਗਾ ਰੱਬ ਨਹੀਂ ਹੈ ਸਗੋਂ ਇਸ ਸਮੁੱਚੇ ਬ੍ਰਹਿਮੰਡ ਵਿੱਚ ਅਦਿੱਖ ਸ਼ਕਤੀ ਦੇ ਰੂਪ ਵਿੱਚ ਹੀ ਹਰ ਜਗ੍ਹਾ ਇਕ ਸਾਰ ਵਿਚਰ ਰਿਹਾ ਸੈ-ਭੰਗ (ਸਵੈ ਭੰਗ) ਕਰਤਾ ਪੁਰਖ ਹੈ ਜੋ ਆਪਣੇ ਆਪ ਤੋਂ ਹੀ ਪਰਗਟ ਹੋ ਆਪਣੀ ਕਿਰਤ ਵਿੱਚ ਹੀ ਪੂਰਿਆ ਹੋਇਆ ਹੈ।