Monday, May 21, 2012

ਪੁਜਾਰੀ ਵਾਦ ਦਾ ਬਦਲ


ਪੁਜਾਰੀ ਵਾਦ ਦਾ ਬਦਲ
ਗੁਰੂ ਅਮਰਦਾਸ ਜੀ ਨੇ ਦੂਰ ਦੁਰਾਡਿਆਂ ਤੱਕ ਗੁਰਮਤਿ ਦੇ ਪ੍ਰਚਾਰ ਲਈ ਪ੍ਰਚਾਰਕ ਨਿਯੁਕਤ ਕੀਤੇ ਸਨ ਜਿਨਾਂ ਨੂੰ ਉਸ ਸਮੇ ਮਸਨਦ (ਮਸੰਦ) ਕਿਹਾ ਜਾਂਦਾ ਸੀ। ਮਸਨਦ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਗੱਦੀ। ਇਹਨਾਂ ਮਸੰਦਾਂ ਦਾ ਕੰਮ ਆਪਣੀ ਕਿਰਤ ਕਮਾਈ ਕਰਦਿਆਂ ਗੁਰਮਤਿ ਦਾ ਪ੍ਰਚਾਰ ਕਰਦੇ ਕਰਦੇ ਸੰਗਤਾਂ ਦੇ ਦਸਵੰਦ ਨੂੰ ਮੁੱਖ ਕੇਂਦਰ (ਗੁਰੂ ਕੋਲ) ਪਹੁੰਚਾਉਣਾ ਹੁੰਦਾ ਸੀ। ਕੁਝ ਸਮਾਂ ਤਾਂ ਪ੍ਰਚਾਰ ਦੇ ਇਹ ਕੇਂਦਰ ਬਹੁਤ ਵਧੀਆ ਚਲਦੇ ਰਹੇ ਪਰ ਸਮੇ ਦੇ ਬਦਲਾਵ ਨਾਲ ਉਹਨਾਂ ਮਸੰਦਾਂ ਦੀ ਨੀਅਤ ਵੀ ਬਦਲ ਗਈ। ਹੋ ਰਹੀ ਪੂਜਾ ਪ੍ਰਤਿਸ਼ਠਾ ਅਤੇ ਕਮਾਈ ਦੇ ਸੌਖਾ ਸਾਧਨ ਬਣ ਜਾਣ ਕਾਰਣ ਮਸੰਦਾਂ ਨੇ ਪ੍ਰਚਾਰ ਕੇਂਦਰਾਂ ਨੂੰ ਵਪਾਰ ਕੇਂਦਰਾਂ ਵਿੱਚ ਬਦਲ ਦਿੱਤਾ। ਗੁਰਮਤਿ ਦੇ ਪ੍ਰਚਾਰ ਦੀ ਜਗਹ ਪੈਸੇ ਦੇ ਚੜ੍ਹਾਵੇ ਨਾਲ ਪੂਜਾ ਹੋਣੀ ਸ਼ੁਰੂ ਹੋ ਗਈ। ਜਿਆਦਾ ਚੜ੍ਹ ਰਹੇ ਪੈਸੇ ਨੇ ਮਸੰਦਾ ਦੀ ਮੱਤ ਮਾਰ ਦਿੱਤੀ ਅਤੇ ਉਹ ਕੁਕਰਮਾਂ ਦੇ ਰਸਤੇ ਪੈ ਗਏ। ਇਹਨਾਂ ਮਸੰਦਾਂ ਦੀਆਂ ਗੱਦੀਆਂ ਲਈ ਝਗੜੇ ਸ਼ੁਰੂ ਹੋ ਗਏ। ਆਖਿਰ ਗੁਰੂ ਗੋਬਿੰਦ ਸਿੰਘ ਜੀ ਨੇ ਲੰਬਾ ਵਿਚਾਰ ਕੇ ਇਸ ਪ੍ਰਥਾ ਵਿੱਚ ਸੁਧਾਰ ਕਰਨ ਦੀ ਥਾਂ ਇਸ ਮਸੰਦ ਪ੍ਰਥਾ ਦਾ ਸਦਾ ਲਈ ਹੀ ਖਾਤਮਾ ਕਰ ਦਿੱਤਾ ਕਿਉਂਕਿ ਗੁਰੂ ਜੀ ਗੁਰਮਤਿ ਪ੍ਰਚਾਰ ਦੀ ਅਗਲੀ ਸਟੇਜ ਤੇ ਦੇਹ-ਗੁਰੂ ਪ੍ਰਥਾ ਨਾਲੋਂ ਸ਼ਬਦ-ਗੁਰੂ ਪ੍ਰਥਾ ਨਾਲ ਸੰਸਾਰ ਨੂੰ ਜੋੜਕੇ ਕਿਸੇ ਵੱਖਰੀ ਪੁਜਾਰੀ ਸ਼੍ਰੇਣੀ ਦੇ ਮੁਹਤਾਜ ਬਨਾਣ ਨਾਲੋਂ ਹਰ ਪ੍ਰਾਣੀ ਨੂੰ ਹੀ ਗੁਰਮਤਿ ਅਨੁਸਾਰੀ ਪੁਜਾਰੀ(ਸੁਕਿਰਤ ਕਰਦਿਆਂ ਰੱਬ ਨਾਲ ਜੁੜੇ ਰਹਿਣ ਵਾਲਾ) ਬਨਾਉਣਾ ਚਾਹੁੰਦੇ ਸਨ।