Sunday, August 28, 2016

ਬੰਦਾ !!

ਬੰਦਾ !!
ਪੈਸਿਆਂ ਦੇ ਨਾਲ ਬੰਦਾ ਭਾਵੇਂ ਵੱਡਾ ਬਣੀ ਜਾਵੇ,
ਵੱਡਾ ਅਖਵਾਉਂਦਾ ਸਦਾ ਦਿਲ ਦਾ ਅਮੀਰ ਜੀ ।
ਚਮੜੀ ਤਾਂ ਕੋਈ ਭਲਾਂ ਕਿੰਨੀ ਲਿਸ਼ਕਾਈ ਫਿਰੇ,
ਲੋਕਾਂ ਨੂੰ ਤੇ ਭਾਉਂਦਾ ਮਨੋ ਸੋਹਣਾ ਹੀ ਸ਼ਰੀਰ ਜੀ ।
ਰੱਜਕੇ ਸੁਨੱਖਾ ਭਾਵੇਂ ਗੋਰਾ ਚਿੱਟਾ ਲੰਬਾ ਹੋਵੇ,
ਅਕਲਾਂ ਤੋਂ ਬਾਝੋਂ ਲੱਗੇ ਭੱਦਾ ਹੀ ਅਖੀਰ ਜੀ ।
ਵੱਡੜੀ ਉਮਰ ਨਾਲ ਮਿਲਦੀ ਬਜੁਰਗੀ ਨਾ,
ਸੂਝ ਮਾਰੇ ਸਦਾ ਵੱਡੇ ਹੋਣ ਦੀ ਲਕੀਰ ਜੀ ।
ਨਸ਼ਿਆਂ ਦਾ ਖਾਧਾ ਬੰਦਾ ਲੱਕੜ ਸਿਓਂਕੀ ਹੁੰਦਾ,
ਦੇਖਣੇ ਨੂੰ ਲੱਗੇ ਭਾਵੇਂ ਯੋਧਾ ਬਲਵੀਰ ਜੀ ।
ਬਾਹਰੀ ਰੂਪ ਵਾਲੀ ਭਾਵੇਂ ਕੋਈ ਨਾ ਪਸੰਦ ਕਰੇ,
ਗੁਣਾਂ ਵਾਲੀ ਚਾਹੀਦੀ ਪਸੰਦ ਤਸਵੀਰ ਜੀ ।
ਨਦੀਆਂ ਸਰੋਵਰਾਂ `ਚ ਭਾਵੇਂ ਕੋਈ ਨਹਾਵੇ ਕਿੰਨਾ,
ਮਨ ਵਾਲੀ ਮੈਲ਼ ਲਾਹੇ ਨਿਮਰਤਾ ਦਾ ਨੀਰ ਜੀ ।
ਓਹੀ ਬੰਦਾ ਜੱਗ ਉੱਤੇ ਬੰਦਾ ਅਖਵਾਉਣ ਯੋਗ,
ਜਿਹੜਾ ਉੱਚਾ ਰੱਖੇ ਕਿਰਦਾਰ ਤੇ ਜਮੀਰ ਜੀ ।।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

Saturday, August 20, 2016

ਨਮਸਤੰ !!

ਨਮਸਤੰ !!
ਜਦ ਵੀ ਨਤਮਸਤਕ ਜਾਂ ਹੁੰਦੀ ਮੱਥਾ ਟੇਕ-ਟਕਾਈ ।
ਆਪਣੀ ਛੱਡਕੇ ਮੱਤ ਹੈ ਜਾਂਦੀ ਦੂਜੇ ਦੀ ਅਪਣਾਈ ।
ਜਣੇ ਖਣੇ ਦੇ ਅੱਗੇ ਝੁਕ ਜੋ ਖੁਦ ਨੂੰ ਸਮਝਣ ਧਰਮੀ,
ਮੱਥਾ ਟੇਕਣ ਦੇ ਅਰਥਾਂ ਨੂੰ ਘੱਟੇ ਜਾਣ ਮਿਲਾਈ ।
ਲੋਕ ਦਿਖਾਵੇ ਖਾਤਿਰ ਜਿਹੜਾ ਮੁੜਮੁੜ ਕਰੇ ਨਮਸਤੰ,
ਕੂੜੀ ਪਾਲ਼ ਨਾ ਟੁੱਟਣੀ ਅੰਦਰੋਂ ਹਉਮੇ ਨਾਲ ਰਲਾਈ ।
ਦੁਨੀਆਂ ਦੀ ਹਰ ਸ਼ੈ ਦੇ ਸਾਹਵੇਂ ਨਤਮਸਤਕ ਨਾ ਹੋਈਏ,
ਜ਼ਰੇ-ਜ਼ਰੇ ਦੇ ਅੰਦਰ ਭਾਵੇਂ ਇੱਕੋ ਜੋਤ ਸਮਾਈ ।
ਨਾਨਕ ਜੋਤ ਨਮਸਤੰ ਦੱਸਿਆ ਕੇਵਲ ‘ਇੱਕ’ ਦੇ ਅੱਗੇ,
ਨਿਰਾਕਾਰ ਜੋ ਸ਼ਬਦ ਰੂਪ ਵਿੱਚ ਦਿਖਦਾ ਰੂਪ ਵਟਾਈ ।
ਇੱਕੋ ਸ਼ਕਤੀ ਸੈਭੰ ਹੋਕੇ ਨਿਯਮ ਰੂਪ ਵਿੱਚ ਵਿਚਰੇ,
ਉਸੇ ਦੇ ਨਿਯਮਾਂ ਵਿੱਚ ਰਹਿਣਾ ਧਰਮ ਧਾਰਨਾ ਭਾਈ ।
ਗੁਰੂ ਗਿਆਨ ਦੇ ਨਾਲ ਜੀਵਣਾ ਨਤਮਸਤਕ ਹੀ ਹੁੰਦਾ,
ਅਪਰਾਧੀ ਹੀ ਦੂਣਾ ਨਿੰਵਦਾ ਗੁਰੂਆਂ ਗੱਲ ਮੁਕਾਈ ।
ਅਕਾਲ ਪੁਰਖ ਦੇ ਲਈ ਨਮਸਤੰ ਉਸਦੀ ਹੁਕਮ ਤਾਮੀਲੀ,
ਪ੍ਰਕਿਰਤੀ ਦੇ ਨਿਯਮਾਂ ਦੇ ਸੰਗ ਨਿਯਮਤ ਰਹਿਤ ਸੁਝਾਈ ।
ਜਿਹੜਾ ਇੱਕ ਦੇ ਅੱਗੇ ਝੁਕਦਾ ਇੱਕ ਦੇ ਆਖੇ ਲਗਦਾ,
ਉਹੀਓ ਇੱਕ ਵਿੱਚ ਇੱਕ ਮਿਕ ਹੁੰਦਾ ਨਾਨਕ ਗੱਲ ਸਮਝਾਈ ।।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਅਂ)

Saturday, August 6, 2016

ਏਕਤਾ ਦਾ ਮੁੱਦਾ !

ਏਕਤਾ ਦਾ ਮੁੱਦਾ !!
ਲੜਨਾਂ-ਲੜਾਉਣਾਂ ਸਾਡਾ ਕੰਮ ਮਿੱਤਰੋ,
ਲੜਦੇ-ਲੜਾਉੰਦੇ ਪਰਵਾਨ ਚੜਾਂਗੇ ।
ਇੱਕੋ ਰਾਹੇ ਵਾਲੇ ਭਾਵੇਂ ਹੋਣ ਕਾਫਲੇ,
ਇੱਕ ਦੂਜੇ ਵੱਲ ਕਰ ਪਿੱਠ ਖੜਾਂਗੇ ।
ਜਿੱਥੋਂ ਤੱਕ ਸੀਮਾ ਸਾਡੇ ਹੀ ਗਿਆਨ ਦੀ,
ਗੁਰਮਤਿ ਓਹੀਓ, ਅਸੀਂ ਦੱਸਾਂ ਪੜਾਂਗੇ ।
ਜਿਹੜਾ ਸਾਡੀ ਸੋਚ ਨਾਲੋਂ ਅੱਗੇ ਜਾਵੇਗਾ,
ਕਾਮਰੇਡੀ ਵਾਲੀ ਓਹਤੇ ਚੇਪੀ ਜੜਾਂਗੇ ।
ਸਾਡੇ ਜੋ ਵਿਰੋਧੀ ਉਹ ਤਮਾਸ਼ਾ ਵੇਹਣਗੇ,
ਇੱਕ ਦੂਜੇ ਦੀਆਂ ਜਦੋਂ ਲੱਤਾਂ ਫੜਾਂਗੇ ।
ਮਿਲਕੇ ਚੱਲਣ ਦੀ ਜੋ ਗੱਲ ਕਰੇਗਾ,
ਬੇਈਮਾਨੀ ਵਾਲਾ ਇਲਜਾਮ ਮੜਾਂਗੇ ।
ਆਖ ਨਿਰਮਾਣਤਾ ਤੇ ਨਿਸ਼ਕਾਮਤਾ,
ਨਿੱਜ ਉੱਚਾ ਕਰਨੇ ਦੀ ਨੀਤੀ ਘੜਾਂਗੇ ।
ਜਾਗਰੂਕ-ਜਾਗਰੂਕ ਖੇਡ ਖੇਡਾਂਗੇ,
ਜਾਗਰੁਕਤਾ ਦੇ ਘਰੇ ਨਹੀਂਓਂ ਵੜਾਂਗੇ ।
ਫੇਸਬੁਕ ਬਣੂੰਗੀ ਮੈਦਾਨ ਜੰਗ ਦਾ,
ਬੇ-ਦਲੀਲੇ ਮਾਰਕੇ ਕੁਮੈਂਟ ਦੜਾਂਗੇ ।
ਸਾਰੇ ਮੁੱਦਿਆਂ ਤੇ ਏਕਤਾ ਜੇ ਹੋ ਗਈ,
ਤਾਂ ਵੀ ਏਕਤਾ ਦੇ ਮੁੱਦੇ ਉੱਤੇ ਲੜਾਂਗੇ ।।

ਗੁਰਮੀਤ ਸਿੰਘ 'ਬਰਸਾਲ (ਕੈਲੇਫੋਰਨੀਆਂ)