Thursday, August 29, 2013

ਜਦੋਂ ਅਸੀਂ ਉੱਡਦੇ ਜਹਾਜ ਤੋਂ ਛਾਲ ਮਾਰੀ

ਜਦੋਂ ਅਸੀਂ ਉਡਦੇ ਜਹਾਜ ਤੋਂ ਛਾਲ ਮਾਰੀ!!

ਪਿਛਲੇ ਦਿਨੀ ਨਾਂ ਚਾਹੁੰਦੇ ਹੋਏ ਵੀ ਇਕ ਨਵਾਂ ਤਜਰਬਾ ਹੋਇਆ ਜਦੋਂ ਮੈਨੂੰ ਬਚਿਆਂ ਨਾਲ ਦੋ ਮੀਲ ਉੱਚੇ ਯਾਨੀ (10,000) ਫੁੱਟ ਉੱਚੇ ਉਡਦੇ ਜਹਾਜ ਵਿੱਚੋਂ ਛਾਲ ਮਾਰਨੀ ਪਈ । ਹੋਇਆ ਇੰਝ ਕਿ ਛੁੱਟੀਆਂ ਕਾਰਣ ਮੇਰੇ ਕੁਝ ਦੂਰੋਂ ਆਏ ਰਿਸ਼ਤੇਦਾਰ ਬੱਚਿਆਂ ਨੇ ਮੇਰੇ ਬੱਚਿਆਂ ਨਾਲ ਰਲਕੇ ਸਕਾਈ ਡਾਈਵਿੰਗ ਦੀਆਂ ਟਿਕਟਾਂ ਖਰੀਦ ਲਈਆਂ । ਮੈਨੂੰ ਸਕਾਈ ਡਾਈਵਿੰਗ ਦਾ ਕੋਈ ਤਜ਼ਰਬਾ ਜਾਂ ਸ਼ੌਕ ਤੇ ਨਹੀਂ ਸੀ ਪਰ ਬਚਿਆਂ ਦੇ ਕਹਿਣ ਤੇ ਉਹਨਾਂ ਨਾਲ ਇਸ ਜੋਖਮ ਭਰੀ ਖੇਡ ਵਿੱਚ ਇਹ ਸੋਚਕੇ ਸ਼ਾਮਿਲ ਹੋ ਗਿਆ ਕਿ ਬੱਚੇ ਸੋਚਣਗੇ ਕਿ ਡੈਡੀ ਸਿਰਫ ਕਲਮਾਂ ਦੀਆਂ ਛਾਲਾਂ ਹੀ ਮਰਵਾ ਸਕਦਾ ਖੁਦ ਛਾਲ ਮਾਰਨ ਤੋਂ ਡਰਦਾ । ਹੋ ਸਕਦਾ ਕਿ ਮੇਰੇ ਮਨਾਂ ਕਰਨ ਤੇ ਬੱਚੇ ਮੈਨੂੰ ਡਰਪੋਕ ਸਮਝਣਗੇ ਅਤੇ ਬਾਕੀ ਜਿੰਦਗੀ ਮਖੋਲ ਕਰਦੇ ਰਹਿਣਗੇ।

Saturday, August 24, 2013

ਕਲਮ ਨੂੰ ਕੈਦ

ਕਲਮ ਨੂੰ ਕੈਦ!!
ਕਲਮ ਦਾ ਇਸ਼ਕ ਐਸਾ ਹੈ, ਨਾਂ ਛੱਡ ਹੁੰਦੀ ਨਾਂ ਛੁੱਟਦੀ ਏ।
ਕਲਮ ਜੇ ਕੈਦ ਹੋ ਜਾਵੇ, ਨਾਂ ਉਪਜੀ ਸੋਚ ਟੁੱਟਦੀ ਏ।।
ਪੱਲੇ ਸੱਚ ਹੈ ਜੇਕਰ, ਤਾਂ ਮੌਤੋਂ ਕਲਮ ਨਹੀਂ ਡਰਦੀ,
ਗੱਫੇ ਸੱਚ ਦੇ ਵੰਡਦੀ ਕਦੇ ਮੂਠੀ ਨਾਂ ਘੁੱਟਦੀ ਏ।।
ਜਦ ਜਦ ਵੀ ਦੁਨੀਆਂ ਤੇ, ਹੈ ਲੱਗੀ ਕਲਮ ਤੇ ਬੰਦਿਸ਼,
ਲੋਕਾਂ ਆਖਿਆ ਇੱਕ ਸੁਰ, ਕਿ ਨੀਤੀ ਇਹ ਤਾਂ ਲੁੱਟ ਦੀ ਏ।।
ਕਲਮ ਜਦ ਅਣਖ ਨਾਲ ਤੁਰਦੀ, ਤੇ ਫਿਰ ਬਦਲਾਵ ਆਉਂਦੇ ਨੇ,
ਇਹ ਸਮਾਜ ਗੰਧਲਾ ਕਰ ਰਹੀਆਂ ਰਸਮਾਂ ਨੂੰ ਪੁੱਟਦੀ ਏ।।
ਕਲਮ ਦੀ ਮਾਰ ਐਸੀ ਏ, ਕਿ ਤੋਪਾਂ ਫੇਲ ਹੋ ਜਾਵਣ,
ਮੁੱਕੀ ਜੰਗ ਵੀ ਨਿਰਣਾ, ਆਖਿਰ ਕਲਮਾਂ ਤੇ ਸੁੱਟਦੀ ਏ।।
ਕਲਮ ਤਾਂ ਕੈਦ ਵਿੱਚ ਉਲਟਾ, ਰੂਹ ਹੈ ਫੁਕਦੀ ਐਸੀ,
ਇਹ ਕਰਕੇ ਕਾਫਲਾ ਵੱਡਾ, ਸਗੋਂ ਮੰਜਿਲ ਲਈ ਜੁੱਟਦੀ ਏ।।
ਜਦੋਂ ਕੋਈ ਕਲਮ ਮਉਲੇ ਤਾਂ, ਉਹ ਵੱਡਾ ਰੁੱਖ ਬਣਦੀ ਏ,
ਹਜਾਰਾਂ ਟਹਿਣੀਆਂ ਤੇ ਹਰ ਨਵੀਂ ਇਕ ਕਲਮ ਫੁੱਟਦੀ ਏ।।
 ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ) gsbarsal@gmail.com

Thursday, August 22, 2013

ਗੁਰੂ ਨਾਨਕ ਜੋਤੀ-ਜੋਤਿ ਨਹੀਂ ਸਮਾਏ

ਗੁਰੂ ਨਾਨਕ ਜੋਤੀ ਜੋਤਿ ਨਹੀਂ ਸਮਾਏ
ਸੱਚ ਗਿਆਨ ਦੀ ਜੋਤਿ ਰੂਪ ਵਿੱਚ,
ਚਾਨਣ ਧਰਤੀ ਆਇਆ।
ਦਸ ਦੀਪਾਂ ਦੇ ਵਿੱਚੋਂ ਲੰਘਕੇ,
ਗ੍ਰੰਥ ਮੁਕਾਮ ਬਣਾਇਆ।
ਨਨਕਾਣੇ ਜੋ ਜੋਤਿ ਜਗੀ ਸੀ,
ਜੁੱਗਾਂ ਜੁੱਗਾਂ ਤੱਕ ਜਗਣੀ।
ਕਿੱਦਾਂ ਕਹੀਏ ਗੁਰੂ ਨਾਨਕ ਨੂੰ,
ਜੋਤੀ ਜੋਤਿ ਸਮਾਇਆ।।
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)
gsbarsal@gmail.com

Sunday, August 18, 2013

Saturday, August 17, 2013

Thursday, August 15, 2013

Saturday, August 10, 2013

ਧਰਮ!!

ਧਰਮ!!
ਧਰਮ ਨੂੰ ਧਾਰਨੇ ਖਾਤਿਰ, ਧਰਮ ਵਿਚਾਰਨਾ ਪੈਂਦਾ।
ਖਾਲਿਕ ਦਾ ਵਸੇਬਾ ਖਲਕਤੀਂ ਨਿਹਾਰਨਾ ਪੈਂਦਾ।
ਬਾਹਰੀ ਭੇਖ ਧਾਰਨ ਨਾਲ ਕੋਈ ਧਰਮੀ ਨਹੀਂ ਬਣਦਾ,
ਧਰਮੀ ਹੋਣ ਦੀ ਖਾਤਿਰ ਅੰਦਰ ਸਵਾਰਨਾ ਪੈਂਦਾ।
ਫੱਟਾ ਲਾਉਣ ਤੇ ਉਲਟਾ ਕਦੇ ਦੁਕਾਨ ਨਹੀਂ ਚਲਦੀ,
ਜੋ ਸਮਾਨ ਅੰਦਰ ਹੈ ਉਹੀ ਪਰਚਾਰਨਾ ਪੈਂਦਾ।
ਸਦਾ ਸੁਕਿਰਤ ਕਰਨੀ ਹੈ ਤੇ ਨਿਰਮਲ ਕਰਮ ਕਰਨੇ ਨੇ,
ਖੁਦਾ ਨੂੰ ਭਾਂਪ ਸਭ ਪਾਸੇ ਖੁਦੀ ਨੂੰ ਮਾਰਨਾਂ ਪੈਂਦਾ।
ਖੁਦਾ ਕੋਈ ਚੀਜ ਐਸੀ ਨਹੀਂ ਅੱਖਾਂ ਨਾਲ ਦੇਖਣੇ ਵਾਲੀ,
ਖੁਦਾ ਮਹਿਸੂਸ ਕਰਨੇ ਲਈ  ਜੁਗਤ ਨੂੰ ਹਾਰਨਾ ਪੈਂਦਾ।
ਅੱਖਾਂ ਤੇ ਜੁਬਾਂ ਭਾਵੇਂ,  ਸਾਡਾ ਸਾਥ ਛੱਡ ਜਾਵੇ,
ਉਹਦੀ ਨੇੜਤਾ ਖਾਤਿਰ ਦਿਲੋਂ ਪੁਕਾਰਨਾ ਪੈਂਦਾ।
ਜਿਹਨੂੰ ਲੱਭਣੇ ਲਈ ਘਰ ਨੂੰ ਛੱਡ ਦੂਰ ਫਿਰਦੇ ਹਾਂ,
ਭਟਕਣ ਛੱਡ ਕੇ ਟਿਕਣਾ ਤੇ ਘਰ ਸਤਿਕਾਰਨਾਂ ਪੈਂਦਾ।
ਐਂਵੇਂ ਸੋਚ ਨਾ ਬੈਠੀਂ ਕਿ ਅੱਖਾਂ ਦੋ ਹੀ ਕਾਫੀ ਨੇ,
ਹਰ ਇੱਕ ਰੋਮ ਨੂੰ ਅੱਖਾਂ ਦਾ ਰੂਪ ਧਾਰਨਾ ਪੈਂਦਾ।।
ਡਾ ਗੁਰਮੀਤ ਸਿੰਘ ਬਰਸਾਲ gsbarsal@gmail.com

Friday, August 9, 2013

ਮਾਂ ਨੂੰ ਯਾਦ ਕਰਦਿਆਂ!

ਮਾਂ ਨੂੰ ਯਾਦ ਕਰਦਿਆਂ
ਸਾਰੇ ਜੱਗ ਤੋਂ ਪਿਆਰੀ, ਮੇਰੀ ਮਾਂ ਤੁਰ ਗਈ।
ਉਹਨੂੰ ਰੱਬ ਤੋਂ ਵਧਾਇਆ, ਖੌਰੇ ਤਾਂ ਤੁਰ ਗਈ।।
ਜਿਸ ਮਾਂ ਨੇ ਸੀ ਸਦਾ ਮੈਨੂੰ ਫੁਲਾਂ ਤੇ ਬਿਠਾਇਆ।
ਉਹਨੂੰ ਅੱਖੀਆਂ ਦੇ ਸਾਹਵੇਂ ਮੈਂ ਤਾਂ ਅੱਗ ਤੇ ਲਿਟਾਇਆ।
ਜੇਰਾ ਪੱਥਰ ਦਾ ਕੀਤਾ।
ਘੁੱਟ ਸਬਰ ਦਾ ਪੀਤਾ।
ਤਨੋਂ ਲੱਗਦਾ ਏ ਜਿੱਦਾਂ ਮੇਰੀ ਜਾਂ ਤੁਰ ਗਈ।
ਸਾਰੇ ਜੱਗ ਤੋਂ ਪਿਆਰੀ ਮੇਰੀ ਮਾਂ ਤੁਰ ਗਈ।।
ਜਿਹੜੇ ਲਾਡਾਂ ਨਾਲ ਉਹਨੇ ਮੈਨੂੰ ਜੱਗ ਸੀ ਦਿਖਾਇਆ।
ਮੂਲ ਇੱਕ ਪਾਸੇ ਮੈਥੋਂ ਗਿਆ ਸੂਦ ਨਾਂ ਚੁਕਾਇਆ।
ਬੰਦਾ ਚਾਹਵੇ ਕੁਝ ਹੋਰ।
ਅਤੇ ਪਾਵੇ ਕੁਝ ਹੋਰ।
ਰੱਬੀ ਰੀਤ ਨੂੰ ਨਿਭਾਕੇ ਉਹ ਅਗਾਂਹ ਤੁਰ ਗਈ।
ਸਾਰੇ ਜੱਗ ਤੋਂ ਪਿਆਰੀ ਮੇਰੀ ਮਾਂ ਤੁਰ ਗਈ।।
ਸੇਵਾ ਮਾਂ ਦੀ ਤਾਂ ਹੁੰਦੀ ਕਹਿੰਦੇ ਰੱਬ ਦੀ ਹੀ ਪੂਜਾ।
ਐਸੀ ਪੂਜਾ ਵਾਲਾ ਇੱਥੇ ਮੌਕਾ ਮਿਲਦਾ ਨਾਂ ਦੂਜਾ।
ਪੂਜਾ ਅਜੇ ਸੀ ਅਧੂਰੀ।
ਰੱਬ ਪਾ ਦਿੱਤੀ ਦੂਰੀ।
ਮੇਰੀ ਪੂਜਾ ਵਾਲੀ ਸੱਧਰ ਜਵਾਂ ਤੁਰ ਗਈ।
ਸਾਰੇ ਜੱਗ ਤੋਂ ਪਿਆਰੀ ਮੇਰੀ ਮਾਂ ਤੁਰ ਗਈ।।
ਭਾਵੇਂ ਹੱਥੀਂ ਹੀ ਕਿਓਟੇ ਵਿਸ਼ਵਾਸ ਨਹੀਓਂ ਆਂਦਾ।
ਬੰਦਾ ਮਾਂ ਦੀ ਆਵਾਜ਼ ਦਾ ਭੁਲੇਖਾ ਰਹਿੰਦਾ ਖਾਂਦਾ।
ਕੋਈ ਆਖੇ ਜਦੋਂ ਪੁੱਤ।
ਉਹ ਤਾਂ ਕੰਨ ਲੈਂਦਾ ਚੁੱਕ।
ਆਸੇ ਪਾਸੇ ਹੀ ਉਹ ਜਾਪੇ ਜਿਹੜੇ ਥਾਂ ਤੁਰ ਗਈ।
ਸਾਰੇ ਜੱਗ ਤੋਂ ਪਿਆਰੀ ਮੇਰੀ ਮਾਂ ਤੁਰ ਗਈ।।
ਜਦੋਂ ਮਾਂ ਦੀਆਂ ਯਾਦਾਂ ਨੂੰ ਮੈਂ ਅੱਖਾਂ ਚੋਂ ਘੁਮਾਵਾਂ।
ਹੜ੍ਹ ਜਜ਼ਬਾਤਾਂ ਵਾਲਾ ਫਿਰ ਰੋਕ ਨਾਂ ਮੈਂ ਪਾਵਾਂ।
ਜਦੋਂ ਪਾਣੀ ਛੱਲਾਂ ਮਾਰੇ।
ਸਾਰੇ ਟੁੱਟਦੇ ਕਿਨਾਰੇ।
ਆਪ ਧੁੱਪ ਸਹਿੰਦੀ ਸਾਨੂੰ ਦੇਂਦੀ ਛਾਂ ਤੁਰ ਗਈ।
ਸਾਰੇ ਜੱਗ ਤੋਂ ਪਿਆਰੀ ਮੇਰੀ ਮਾਂ ਤੁਰ ਗਈ।।
ਕੋਈ ਮਾਂ ਦੇ ਪਿਆਰ ਵਾਲੀ ਗੱਲ ਜੇ ਸਣਾਉਂਦਾ।
ਲੱਖ ਕਾਬੂ ਪਾਕੇ ਰੱਖਾਂ ਤਾਂ ਭੀ ਚਿੱਤ ਭਰ ਆਉਂਦਾ।
ਮਾਂ ਪੁੱਤ ਦਾ ਪਿਆਰ।
ਕਿੰਝ ਦੇਵੇ ਉਹ ਵਿਸਾਰ।
ਜਿਹਦੀ ਹਾਂ 'ਚ ਮਿਲਾਣ ਵਾਲੀ ਹਾਂ ਤੁਰ ਗਈ।
ਸਾਰੇ ਜੱਗ ਤੋਂ ਪਿਆਰੀ ਮੇਰੀ ਮਾਂ ਤੁਰ ਗਈ ।।
ਉਹਨੂੰ ਰੱਬ ਤੋਂ ਵਧਾਇਆ ਖੌਰੇ ਤਾਂ ਤੁਰ ਗਈ।।
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)

Tuesday, August 6, 2013

Monday, August 5, 2013