Saturday, August 10, 2013

ਧਰਮ!!

ਧਰਮ!!
ਧਰਮ ਨੂੰ ਧਾਰਨੇ ਖਾਤਿਰ, ਧਰਮ ਵਿਚਾਰਨਾ ਪੈਂਦਾ।
ਖਾਲਿਕ ਦਾ ਵਸੇਬਾ ਖਲਕਤੀਂ ਨਿਹਾਰਨਾ ਪੈਂਦਾ।
ਬਾਹਰੀ ਭੇਖ ਧਾਰਨ ਨਾਲ ਕੋਈ ਧਰਮੀ ਨਹੀਂ ਬਣਦਾ,
ਧਰਮੀ ਹੋਣ ਦੀ ਖਾਤਿਰ ਅੰਦਰ ਸਵਾਰਨਾ ਪੈਂਦਾ।
ਫੱਟਾ ਲਾਉਣ ਤੇ ਉਲਟਾ ਕਦੇ ਦੁਕਾਨ ਨਹੀਂ ਚਲਦੀ,
ਜੋ ਸਮਾਨ ਅੰਦਰ ਹੈ ਉਹੀ ਪਰਚਾਰਨਾ ਪੈਂਦਾ।
ਸਦਾ ਸੁਕਿਰਤ ਕਰਨੀ ਹੈ ਤੇ ਨਿਰਮਲ ਕਰਮ ਕਰਨੇ ਨੇ,
ਖੁਦਾ ਨੂੰ ਭਾਂਪ ਸਭ ਪਾਸੇ ਖੁਦੀ ਨੂੰ ਮਾਰਨਾਂ ਪੈਂਦਾ।
ਖੁਦਾ ਕੋਈ ਚੀਜ ਐਸੀ ਨਹੀਂ ਅੱਖਾਂ ਨਾਲ ਦੇਖਣੇ ਵਾਲੀ,
ਖੁਦਾ ਮਹਿਸੂਸ ਕਰਨੇ ਲਈ  ਜੁਗਤ ਨੂੰ ਹਾਰਨਾ ਪੈਂਦਾ।
ਅੱਖਾਂ ਤੇ ਜੁਬਾਂ ਭਾਵੇਂ,  ਸਾਡਾ ਸਾਥ ਛੱਡ ਜਾਵੇ,
ਉਹਦੀ ਨੇੜਤਾ ਖਾਤਿਰ ਦਿਲੋਂ ਪੁਕਾਰਨਾ ਪੈਂਦਾ।
ਜਿਹਨੂੰ ਲੱਭਣੇ ਲਈ ਘਰ ਨੂੰ ਛੱਡ ਦੂਰ ਫਿਰਦੇ ਹਾਂ,
ਭਟਕਣ ਛੱਡ ਕੇ ਟਿਕਣਾ ਤੇ ਘਰ ਸਤਿਕਾਰਨਾਂ ਪੈਂਦਾ।
ਐਂਵੇਂ ਸੋਚ ਨਾ ਬੈਠੀਂ ਕਿ ਅੱਖਾਂ ਦੋ ਹੀ ਕਾਫੀ ਨੇ,
ਹਰ ਇੱਕ ਰੋਮ ਨੂੰ ਅੱਖਾਂ ਦਾ ਰੂਪ ਧਾਰਨਾ ਪੈਂਦਾ।।
ਡਾ ਗੁਰਮੀਤ ਸਿੰਘ ਬਰਸਾਲ gsbarsal@gmail.com