Friday, August 9, 2013

ਮਾਂ ਨੂੰ ਯਾਦ ਕਰਦਿਆਂ!

ਮਾਂ ਨੂੰ ਯਾਦ ਕਰਦਿਆਂ
ਸਾਰੇ ਜੱਗ ਤੋਂ ਪਿਆਰੀ, ਮੇਰੀ ਮਾਂ ਤੁਰ ਗਈ।
ਉਹਨੂੰ ਰੱਬ ਤੋਂ ਵਧਾਇਆ, ਖੌਰੇ ਤਾਂ ਤੁਰ ਗਈ।।
ਜਿਸ ਮਾਂ ਨੇ ਸੀ ਸਦਾ ਮੈਨੂੰ ਫੁਲਾਂ ਤੇ ਬਿਠਾਇਆ।
ਉਹਨੂੰ ਅੱਖੀਆਂ ਦੇ ਸਾਹਵੇਂ ਮੈਂ ਤਾਂ ਅੱਗ ਤੇ ਲਿਟਾਇਆ।
ਜੇਰਾ ਪੱਥਰ ਦਾ ਕੀਤਾ।
ਘੁੱਟ ਸਬਰ ਦਾ ਪੀਤਾ।
ਤਨੋਂ ਲੱਗਦਾ ਏ ਜਿੱਦਾਂ ਮੇਰੀ ਜਾਂ ਤੁਰ ਗਈ।
ਸਾਰੇ ਜੱਗ ਤੋਂ ਪਿਆਰੀ ਮੇਰੀ ਮਾਂ ਤੁਰ ਗਈ।।
ਜਿਹੜੇ ਲਾਡਾਂ ਨਾਲ ਉਹਨੇ ਮੈਨੂੰ ਜੱਗ ਸੀ ਦਿਖਾਇਆ।
ਮੂਲ ਇੱਕ ਪਾਸੇ ਮੈਥੋਂ ਗਿਆ ਸੂਦ ਨਾਂ ਚੁਕਾਇਆ।
ਬੰਦਾ ਚਾਹਵੇ ਕੁਝ ਹੋਰ।
ਅਤੇ ਪਾਵੇ ਕੁਝ ਹੋਰ।
ਰੱਬੀ ਰੀਤ ਨੂੰ ਨਿਭਾਕੇ ਉਹ ਅਗਾਂਹ ਤੁਰ ਗਈ।
ਸਾਰੇ ਜੱਗ ਤੋਂ ਪਿਆਰੀ ਮੇਰੀ ਮਾਂ ਤੁਰ ਗਈ।।
ਸੇਵਾ ਮਾਂ ਦੀ ਤਾਂ ਹੁੰਦੀ ਕਹਿੰਦੇ ਰੱਬ ਦੀ ਹੀ ਪੂਜਾ।
ਐਸੀ ਪੂਜਾ ਵਾਲਾ ਇੱਥੇ ਮੌਕਾ ਮਿਲਦਾ ਨਾਂ ਦੂਜਾ।
ਪੂਜਾ ਅਜੇ ਸੀ ਅਧੂਰੀ।
ਰੱਬ ਪਾ ਦਿੱਤੀ ਦੂਰੀ।
ਮੇਰੀ ਪੂਜਾ ਵਾਲੀ ਸੱਧਰ ਜਵਾਂ ਤੁਰ ਗਈ।
ਸਾਰੇ ਜੱਗ ਤੋਂ ਪਿਆਰੀ ਮੇਰੀ ਮਾਂ ਤੁਰ ਗਈ।।
ਭਾਵੇਂ ਹੱਥੀਂ ਹੀ ਕਿਓਟੇ ਵਿਸ਼ਵਾਸ ਨਹੀਓਂ ਆਂਦਾ।
ਬੰਦਾ ਮਾਂ ਦੀ ਆਵਾਜ਼ ਦਾ ਭੁਲੇਖਾ ਰਹਿੰਦਾ ਖਾਂਦਾ।
ਕੋਈ ਆਖੇ ਜਦੋਂ ਪੁੱਤ।
ਉਹ ਤਾਂ ਕੰਨ ਲੈਂਦਾ ਚੁੱਕ।
ਆਸੇ ਪਾਸੇ ਹੀ ਉਹ ਜਾਪੇ ਜਿਹੜੇ ਥਾਂ ਤੁਰ ਗਈ।
ਸਾਰੇ ਜੱਗ ਤੋਂ ਪਿਆਰੀ ਮੇਰੀ ਮਾਂ ਤੁਰ ਗਈ।।
ਜਦੋਂ ਮਾਂ ਦੀਆਂ ਯਾਦਾਂ ਨੂੰ ਮੈਂ ਅੱਖਾਂ ਚੋਂ ਘੁਮਾਵਾਂ।
ਹੜ੍ਹ ਜਜ਼ਬਾਤਾਂ ਵਾਲਾ ਫਿਰ ਰੋਕ ਨਾਂ ਮੈਂ ਪਾਵਾਂ।
ਜਦੋਂ ਪਾਣੀ ਛੱਲਾਂ ਮਾਰੇ।
ਸਾਰੇ ਟੁੱਟਦੇ ਕਿਨਾਰੇ।
ਆਪ ਧੁੱਪ ਸਹਿੰਦੀ ਸਾਨੂੰ ਦੇਂਦੀ ਛਾਂ ਤੁਰ ਗਈ।
ਸਾਰੇ ਜੱਗ ਤੋਂ ਪਿਆਰੀ ਮੇਰੀ ਮਾਂ ਤੁਰ ਗਈ।।
ਕੋਈ ਮਾਂ ਦੇ ਪਿਆਰ ਵਾਲੀ ਗੱਲ ਜੇ ਸਣਾਉਂਦਾ।
ਲੱਖ ਕਾਬੂ ਪਾਕੇ ਰੱਖਾਂ ਤਾਂ ਭੀ ਚਿੱਤ ਭਰ ਆਉਂਦਾ।
ਮਾਂ ਪੁੱਤ ਦਾ ਪਿਆਰ।
ਕਿੰਝ ਦੇਵੇ ਉਹ ਵਿਸਾਰ।
ਜਿਹਦੀ ਹਾਂ 'ਚ ਮਿਲਾਣ ਵਾਲੀ ਹਾਂ ਤੁਰ ਗਈ।
ਸਾਰੇ ਜੱਗ ਤੋਂ ਪਿਆਰੀ ਮੇਰੀ ਮਾਂ ਤੁਰ ਗਈ ।।
ਉਹਨੂੰ ਰੱਬ ਤੋਂ ਵਧਾਇਆ ਖੌਰੇ ਤਾਂ ਤੁਰ ਗਈ।।
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)