Saturday, August 24, 2013

ਕਲਮ ਨੂੰ ਕੈਦ

ਕਲਮ ਨੂੰ ਕੈਦ!!
ਕਲਮ ਦਾ ਇਸ਼ਕ ਐਸਾ ਹੈ, ਨਾਂ ਛੱਡ ਹੁੰਦੀ ਨਾਂ ਛੁੱਟਦੀ ਏ।
ਕਲਮ ਜੇ ਕੈਦ ਹੋ ਜਾਵੇ, ਨਾਂ ਉਪਜੀ ਸੋਚ ਟੁੱਟਦੀ ਏ।।
ਪੱਲੇ ਸੱਚ ਹੈ ਜੇਕਰ, ਤਾਂ ਮੌਤੋਂ ਕਲਮ ਨਹੀਂ ਡਰਦੀ,
ਗੱਫੇ ਸੱਚ ਦੇ ਵੰਡਦੀ ਕਦੇ ਮੂਠੀ ਨਾਂ ਘੁੱਟਦੀ ਏ।।
ਜਦ ਜਦ ਵੀ ਦੁਨੀਆਂ ਤੇ, ਹੈ ਲੱਗੀ ਕਲਮ ਤੇ ਬੰਦਿਸ਼,
ਲੋਕਾਂ ਆਖਿਆ ਇੱਕ ਸੁਰ, ਕਿ ਨੀਤੀ ਇਹ ਤਾਂ ਲੁੱਟ ਦੀ ਏ।।
ਕਲਮ ਜਦ ਅਣਖ ਨਾਲ ਤੁਰਦੀ, ਤੇ ਫਿਰ ਬਦਲਾਵ ਆਉਂਦੇ ਨੇ,
ਇਹ ਸਮਾਜ ਗੰਧਲਾ ਕਰ ਰਹੀਆਂ ਰਸਮਾਂ ਨੂੰ ਪੁੱਟਦੀ ਏ।।
ਕਲਮ ਦੀ ਮਾਰ ਐਸੀ ਏ, ਕਿ ਤੋਪਾਂ ਫੇਲ ਹੋ ਜਾਵਣ,
ਮੁੱਕੀ ਜੰਗ ਵੀ ਨਿਰਣਾ, ਆਖਿਰ ਕਲਮਾਂ ਤੇ ਸੁੱਟਦੀ ਏ।।
ਕਲਮ ਤਾਂ ਕੈਦ ਵਿੱਚ ਉਲਟਾ, ਰੂਹ ਹੈ ਫੁਕਦੀ ਐਸੀ,
ਇਹ ਕਰਕੇ ਕਾਫਲਾ ਵੱਡਾ, ਸਗੋਂ ਮੰਜਿਲ ਲਈ ਜੁੱਟਦੀ ਏ।।
ਜਦੋਂ ਕੋਈ ਕਲਮ ਮਉਲੇ ਤਾਂ, ਉਹ ਵੱਡਾ ਰੁੱਖ ਬਣਦੀ ਏ,
ਹਜਾਰਾਂ ਟਹਿਣੀਆਂ ਤੇ ਹਰ ਨਵੀਂ ਇਕ ਕਲਮ ਫੁੱਟਦੀ ਏ।।
 ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ) gsbarsal@gmail.com