Tuesday, September 29, 2020

ਓਹ ਤੇ ਤੂੰ !!

ਉਹ ਤੇ ਤੂੰ !

ਓਹ ਤੇ ਤੈਨੂੰ ਮਰਿਆ ਚਾਹੁੰਦਾ,
ਤੂੰ ਹੀ ਏਂ ਜੋ ਮਰਿਆ ਈ ਨਹੀਂ ।
ਉਹਦਾ ਸਰਦਾ ਤੇਰੇ ਬਾਝੋਂ,
ਤੇਰਾ ਕਾਹਤੋਂ ਸਰਿਆ ਈ ਨਹੀਂ ।।
ਤੇਰੇ ਜਨਮ ਤੋਂ ਤੇਰਾ ਦੁਸ਼ਮਣ,
ਭਾਵੇਂ ਚੁੱਕ ਇਤਿਹਾਸ ਦੇਖ ਲੈ,
ਬਾਬੇ ਨਾਨਕ ਤੋਂ ਅੱਜ ਤਾਈਂ,
ਉਸਦਾ ਅੰਦਰ ਠਰਿਆ ਈ ਨਹੀਂ ।।
ਕਰਮਕਾਂਢ ਜਿਹੀ ਪੂਜਾ ਛੱਡਕੇ,
ਬਾਬੇ ਸੱਚ ਦੇ ਲੜ ਲਾਇਆ ਸੀ ।
ਸੱਚ ਦੇ ਨਿਯਮੀਂ ਕਿਰਤ ਕਰਦਿਆਂ,
ਉਸਤੋਂ ਜਾਂਦਾ ਜਰਿਆ ਈ ਨਹੀਂ ।।
ਸੰਨ ਸੰਨਤਾਲੀ ਵੇਲੇ ਜਿਗਰੀ,
ਨਫਰਤ ਕੋਲੋਂ ਬੇਵਸ ਹੋਕੇ ।
ਤੇਰੀ ਮਾਂ ਦੇ ਦੋ ਟੁੱਕ ਕਰਕੇ,
ਸੱਚ ਕੋਲੋਂ ਓਹ ਡਰਿਆ ਈ ਨਹੀਂ ।
ਭੋਲ਼ਾ ਪੰਛੀ ਜਾਣ ਨਾ ਸਕਿਆ,
ਦੋਖੀ ਕਿੰਝ ਸ਼ਿਕਾਰ ਖੇਡਦਾ ।
ਸੰਨ ਚੋਰਾਸੀ ਵਾਲਾ ਸਾਕਾ,
ਤੇਰੇ ਖਾਨੇ ਬੜਿਆ ਈ ਨਹੀਂ ।।
ਤੈਨੂੰ ਹੀ ਦੋਸ਼ੀ ਠਹਿਰਾਕੇ,
ਤੈਨੂੰ ਹੀ ਹਥਿਆਰ ਬਣਾਵੇ ।
ਤੈਥੋਂ ਤੈਨੂੰ ਹੀ ਮਰਵਾਉਂਦਾ,
ਆਪੂ ਸਾਹਵੇਂ ਲੜਿਆ ਹੀ ਨਹੀਂ ।।
ਤੇਰੀ ਜਖ਼ਮੀ ਮਾਂ ਨੂੰ ਇਕ ਦਿਨ ,
ਤੈਥੋਂ ਹੀ ਬਿਕਵਾ ਕੇ ਛੱਡੂ।
ਜੱਗ ਜਾਣਦਾ ਬਿਪਰ ਚੱਟਿਆ,
ਮੁੜ ਕੇ ਹੋਇਆ ਹਰਿਆ ਈ ਨਹੀਂ ।।

ਡਾ ਗੁਰਮੀਤ ਸਿੰਘ ਬਰਸਾਲ (ਯੂ ਐਸ ਏ)