Thursday, August 28, 2014

ਜਾਤੀ-ਸੂਚਕ !!

ਜਾਤੀ-ਸੂਚਕ !!
ਜਾਤੀ-ਸੂਚਕ ਗੋਤ ਨੂੰ ਜਦ ਵੀ ਨਾਂ ਦੇ ਨਾਲ ਲਗਾਈਏ ।
ਅਣਜਾਣੇ ਹੀ ਜਾਤ-ਪਾਤ ਨੂੰ ਅਸੀਂ ਸਾਂਭਦੇ ਜਾਈਏ ।।
ਵਰਣ-ਵੰਡ ਦੇ ਨਾਲ ਵਿਪਰ ਨੇ ਐਸੀ ਖੇਡ ਬਣਾਈ ,
ਸੱਭ ਤੋਂ ਉੱਪਰ ਆਪ ਤੇ ਬਾਕੀ ਨੀਚਮ-ਨੀਚ ਸਦਾਈਏ ।।
ਨੀਤੀ ਧਾਰ ਸਮਾਜ ਵੰਡਣ ਲਈ ਚੱਕਰਵਿਊ ਉਸ ਘੜਿਆ ,
ਜਾਤ-ਗਰਭੁ ਤੇ ਹੀਣ-ਭਾਵਨਾ ਸੁੱਤੇ-ਸਿਧ ਅਪਣਾਈਏ ।।
ਕੁੱਲ-ਜਾਤੀ ਦੇ ਕਾਰਣ ਜੱਗ ਤੇ ਕੋਈ ਨਾ ਬਣਦਾ ਵੱਡਾ ,
ਵੱਡੇ ਹੋਵਣ ਖਾਤਿਰ ਸੱਜਣੋਂ ਵੱਡੇ ਕਰਮ ਕਮਾਈਏ ।।
ਕਿਰਤ ਕਾਰਣ ਹੀ ਜੇਕਰ ਸਾਨੂੰ ਜਾਤਾਂ ਵਿੱਚ ਹੈ ਵੰਡਿਆ ,
ਫਿਰ ਕਾਹਤੋਂ ਨਾ ਕਿਰਤ ਬਦਲਕੇ ਬਦਲ ਜਾਤਾਂ ਨੂੰ ਪਾਈਏ ।।
ਭਾਈਚਾਰਾ ਤੋੜਨ ਲਈ ਜਿਸ ਵਰਗ-ਵਿਤਕਰਾ ਘੜਿਆ ,
ਕਿਓਂ ਗੁਰ-ਨਾਨਕ ਛੱਡ ਚੇਲੇ ਉਸ ਮੰਨੂ ਦੇ ਅਖਵਾਈਏ ।।
ਜੇਕਰ ਕਿਤੇ ਪਛਾਣ ਦੀ ਖਾਤਿਰ ਬਣਦੀ ਹੈ ਮਜਬੂਰੀ ,
ਕਾਹਤੋਂ ਨਾ ਫਿਰ ਗੋਤ ਨੂੰ ਛੱਡਕੇ ਪਿੰਡ ਤਖੱਲਸ ਲਾਈਏ ,
ਕਿਓਂ ਨਾ ਸਾਰੇ ਪਿੰਡ ਨਿਵਾਸੀ ਸਾਂਝਾ ਨਾਂ ਅਪਣਾਕੇ ,
ਗੋਤਾਂ-ਜਾਤਾਂ ਦੇ ਨਾਲ ਤੁਰਦੀ ਊਚ-ਨੀਚ ਦਫਨਾਈਏ ।।
ਇੱਕ ਜੋਤ ਤੋਂ ਉਪਜੇ ਸਾਰੇ ਵੱਡਾ-ਛੋਟਾ ਨਾ ਕੋਈ ,
ਮਾਣਸ ਦੀ ਤਾਂ ਜਾਤ ਹੈ ਇੱਕੋ ਸਭਨਾਂ ਨੂੰ ਸਮਝਾਈਏ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
gsbarsal@gmail.com

Friday, August 22, 2014

"ਸਿੰਘ ਰੌਕਸ" ਜਿਹੇ ਵੀਰਾਂ ਦੇ ਨਾਲ ਖੜਨਾ ਪੈਣਾ ਏਂ !!


ਪੱਲਾ ਘੁੱਟਕੇ ਨੈਤਿਕਤਾ ਦਾ ਫੜਨਾ ਪੈਣਾ ਏਂ ।
ਸੱਚ ਦੇ ਅੱਗੇ ਆਖਿਰ ਸਭ ਨੂੰ ਝੜਨਾ ਪੈਣਾ ਏਂ ।।
ਹੱਕ,ਸੱਚ,ਇਨਸਾਫ,ਅਣਖ ਨਾਲ ਇਸ਼ਕ ਕਮਾਉਣਾ ਜੇ,
ਬਣ ਪਰਵਾਨੇ ਸ਼ਮਾਂ ਦੇ ਉੱਤੇ ਸੜਨਾ ਪੈਣਾ ਏਂ ।।
ਜੇਕਰ ਖੁਦ ਨੂੰ ਮੰਨਦੇ ਸਿੱਖੋ ਕੌਮ ਸ਼ਹੀਦਾਂ ਦੀ,
ਰੱਬੀ ਇਸ਼ਕ ਦੀ ਪੌੜੀ ਉੱਪਰ ਚੜ੍ਹਨਾ ਪੈਣਾ ਏਂ ।।
ਮਿੱਟੀ ਦੇ ਨਾਲ ਮਿੱਟੀ ਵਾਲੇ ਛੱਡ ਝਮੇਲੇ ਨੂੰ,
ਪ੍ਰੇਮ ਗਲੀ ਸਿਰ ਤਲੀ ਤੇ ਧਰਕੇ ਲੜਨਾ ਪੈਣਾ ਏਂ ।।
ਚਾਹੁੰਦੇ ਹੋ ਜੇ ਦੁਨੀਆਂ ਸਾਰੀ ਹੱਸਦੀ-ਵੱਸਦੀ ਰਹੇ ,
ਗੁਰ-ਬਾਬੇ ਦਾ ਸਬਕ ਬੈਠਕੇ ਪੜ੍ਹਨਾ ਪੈਣਾ ਏਂ ।।
ਜਿਸ ਖੇਤਰ ਵਿੱਚ ਕਰਨੀ ਸਾਫ-ਸਫਾਈ ਚਾਹੁੰਦੇ ਹੋ,
ਉਸ ਖੇਤਰ ਦੇ ਅੰਦਰ ਖੁਦ ਹੀ ਬੜਨਾਂ ਪੈਂਣਾ ਏ ।।
ਸੱਭਿਆਚਾਰ ਦੇ ਨਾਂ ਤੇ ਵਿਰਸਾ ਦੂਸ਼ਿਤ ਕਰਦੇ ਜੋ,
ਹਰ ਬੰਦੇ ਨੂੰ ਉਹਨਾ ਸਾਹਵੇਂ ਅੜਨਾ ਪੈਂਣਾ ਏਂ ।।
ਲੱਚਰ, ਫੁਕਰੇ ਗੀਤ ਜੋ ਲਿਖਣੋ ਗਾਉਣੋ ਰੁਕਦੇ ਨਾ,
ਉਹਨਾ ਖਾਤਿਰ ਡਾਂਗ 'ਚ ਕੋਕਾ ਜੜਨਾ ਪੈਣਾ ਏਂ ।।
ਗੁਰਮਤਿ ਦੇ ਉਪਦੇਸ਼ਾਂ ਵਰਗੇ ਸੋਹਣੇ ਗੀਤਾਂ ਲਈ,
"ਸਿੰਘ-ਰੌਕਸ" ਜਿਹੇ ਵੀਰਾਂ ਦੇ ਨਾਲ ਖੜਨਾ ਪੈਣਾ ਏ ।।।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

Monday, August 18, 2014

ਇਸ਼ਾਰੇ !!

ਇਸ਼ਾਰੇ !!
ਅੰਦਰ ਖੋਜੇਂ ,ਬਾਹਰ ਖੋਜੇਂ, ਖੋਜੇਂ ਧਰਤੀ ਸਾਰੀ ।
ਕੁਦਰਤ ਦਾ ਕੋਈ ਅੰਤ ਨਹੀਂ ਹੈ ,ਰੱਬੀ ਖੇਡ ਨਿਆਰੀ ।।
ਜੀਵ ਸੋਚਦਾ ਖੁਦ ਨੂੰ ਇੱਥੇ ,ਇੱਕੋ ਜਿੰਦ ਨਿਮਾਣੀ ।
ਪਰ ਨਾ ਸੋਚੇ ਦੇਹ ਵਿੱਚ ਲੱਖਾਂ ਜੀਵ ਨੇ ਬਹੁ-ਪਰਕਾਰੀ ।।
ਪਾਣੀ ਅੰਦਰ ਅੱਗ ਹੈ ਵਸਦੀ, ਅੱਗ ਅੰਦਰ ਹੈ ਪਾਣੀ ।
ਇੱਕ ਦੂਜੇ ਦੀ ਬਣੀ ਵਿਰੋਧੀ , ਸਾਂਝੇ ਤੱਤ ਦੀ ਯਾਰੀ ।।
ਨਰ ਤੇ ਮਾਦਾ ਭਾਵੇਂ ਵੱਖ ਵੱਖ ,ਮੂਲ ਜੀਵ ਤਾਂ ਇੱਕੋ ,
ਹਰ ਨਾਰੀ ਵਿੱਚ ਪੁਰਖ ਹੈ ਵਸਦਾ ,ਹਰ ਪੁਰਖ ਵਿੱਚ ਨਾਰੀ ।।
ਬੰਦੇ ਅੰਦਰ ਰਾਮ ਹੈ ਰਮਿਆਂ, ਧਰਮੀ ਲੋਕੀਂ ਕਹਿੰਦੇ ,
ਲੇਕਨ ਰਾਮ ਅੰਦਰ ਸਭ ਰਹਿੰਦੇ , ਇਹ ਨਾ ਕਦੇ ਵਿਚਾਰੀ ।।
ਹਰ ਬੰਦੇ ਦੇ ਅੰਦਰ ਕਹਿੰਦੇ , ਕੋਈ ਆਤਮਾ ਹੁੰਦੀ ।
ਬੰਦਾ ਵਸੇ ਆਤਮਾ ਅੰਦਰ , ਵਿਰਲੇ ਗੱਲ ਚਿਤਾਰੀ ।।
ਇੱਕੋਂ ਜਦੋਂ ਅਨੇਕ ਸੀ ਹੋਇਆ, ਨਿਰਗੁਣ ਰੂਪ ਨੂੰ ਛੱਡਕੇ ।
ਹਸਦੀ ਵਸਦੀ ਦੁਨੀਆਂ ਸਜ ਗਈ, ਨਿਰਾਕਾਰੋਂ ਆਕਾਰੀ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

Sunday, August 10, 2014

Saturday, August 9, 2014

Wednesday, August 6, 2014

ਰੱਖੜੀ!!

ਰੱਖੜੀ!!
ਮਿਲ-ਵਰਤਣ ਦੀ ਆੜ ਦੇ ਥੱਲੇ ਰਸਮੀਂ ਨਾ ਹੋ ਜਾਈਏ ।
ਵਿਤਕਰਿਆਂ ਦੀਆਂ ਰੀਤਾਂ ਉੱਪਰ ਮੋਹਰ ਕਦੇ ਨਾ ਲਾਈਏ ।।
ਇੱਕ ਦਿਨ ਖਾਤਿਰ ਧਾਗਾ ਬੰਨਕੇ ਕਿਹੜੀ ਰਾਖੀ ਹੁੰਦੀ ,
ਨਾਨਕ ਦੇ ਉਪਦੇਸਾਂ ਵਾਲੀ ਰੱਖੜੀ ਸਦਾ ਸਜਾਈਏ ।।
ਦੇਖ ਪਰਾਈਆਂ ਮਾਵਾਂ ਭੈਣਾ ਧੀਆਂ ਸਭ ਨੂੰ ਜਾਣੋ ,
ਆਪਣਿਆਂ ਨੂੰ ਬਚਨ ਦੇਣ ਦਾ ਸਵਾਰਥ ਕਿਓਂ ਅਪਣਾਈਏ ।।
ਕੇਵਲ ਭਾਈ ਸਦਾ ਭੈਣ ਦੀ ਰਾਖੀ ਨਹੀਂਓਂ ਕਰਦੇ ,
ਭੈਣਾਂ ਵੀ ਭਾਈਆਂ ਨੂੰ ਸਾਂਭਣ ਇਹ ਨਾ ਮਨੋ ਭੁਲਾਈਏ ।।
ਭੈਣ ਭਰਾ ਦਾ ਪਿਆਰ ਹੈ ਜੇਕਰ ਧਾਗਿਆਂ ਦਾ ਮੁਥਾਜੀ ,
ਜੀਵਨ ਦੇ ਬਾਕੀ ਰਿਸਤੇ ਕਿਓਂ ਧਾਗਿਆਂ ਬਿਨ ਅਪਣਾਈਏ ।।
ਰਾਣੀ ਜਿੰਦਾਂ, ਮਾਈ ਭਾਗੋ, ਸ਼ਰਨ ਕੌਰ ਦੀ ਵਾਰਿਸ ,
ਕਿਓਂ ਦਸਮੇਸ਼ ਦੀ ਪੁੱਤਰੀ ਨੂੰ ਕਮਜੋਰ ਅਸੀਂ ਜਿਤਲਾਈਏ ।।
ਔਰਤ ਵਿੱਚ ਕਮਜੋਰੀ ਵਾਲੀ ਹੀਣ ਭਾਵਨਾ ਭਰਦੀ ,
ਐਸੀ ਚੰਦਰੀ ਸੋਚ ਨੂੰ ਕਾਹਤੋਂ ਹਰ ਵਰ੍ਹੇ ਨਵਿਆਈਏ ।।
ਏਕ ਨੂਰ ਤੋਂ ਉਪਜੇ ਸਾਰੇ, ਇੱਕ ਹੀ ਟੱਬਰ ਸਾਡਾ ,
ਤੇਰੀ ਮੇਰੀ ਛੱਡਕੇ ਮਿੱਤਰੋ, ਸਭ ਦੇ ਦਰਦ ਵੰਡਾਈਏ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)