Thursday, August 28, 2014

ਜਾਤੀ-ਸੂਚਕ !!

ਜਾਤੀ-ਸੂਚਕ !!
ਜਾਤੀ-ਸੂਚਕ ਗੋਤ ਨੂੰ ਜਦ ਵੀ ਨਾਂ ਦੇ ਨਾਲ ਲਗਾਈਏ ।
ਅਣਜਾਣੇ ਹੀ ਜਾਤ-ਪਾਤ ਨੂੰ ਅਸੀਂ ਸਾਂਭਦੇ ਜਾਈਏ ।।
ਵਰਣ-ਵੰਡ ਦੇ ਨਾਲ ਵਿਪਰ ਨੇ ਐਸੀ ਖੇਡ ਬਣਾਈ ,
ਸੱਭ ਤੋਂ ਉੱਪਰ ਆਪ ਤੇ ਬਾਕੀ ਨੀਚਮ-ਨੀਚ ਸਦਾਈਏ ।।
ਨੀਤੀ ਧਾਰ ਸਮਾਜ ਵੰਡਣ ਲਈ ਚੱਕਰਵਿਊ ਉਸ ਘੜਿਆ ,
ਜਾਤ-ਗਰਭੁ ਤੇ ਹੀਣ-ਭਾਵਨਾ ਸੁੱਤੇ-ਸਿਧ ਅਪਣਾਈਏ ।।
ਕੁੱਲ-ਜਾਤੀ ਦੇ ਕਾਰਣ ਜੱਗ ਤੇ ਕੋਈ ਨਾ ਬਣਦਾ ਵੱਡਾ ,
ਵੱਡੇ ਹੋਵਣ ਖਾਤਿਰ ਸੱਜਣੋਂ ਵੱਡੇ ਕਰਮ ਕਮਾਈਏ ।।
ਕਿਰਤ ਕਾਰਣ ਹੀ ਜੇਕਰ ਸਾਨੂੰ ਜਾਤਾਂ ਵਿੱਚ ਹੈ ਵੰਡਿਆ ,
ਫਿਰ ਕਾਹਤੋਂ ਨਾ ਕਿਰਤ ਬਦਲਕੇ ਬਦਲ ਜਾਤਾਂ ਨੂੰ ਪਾਈਏ ।।
ਭਾਈਚਾਰਾ ਤੋੜਨ ਲਈ ਜਿਸ ਵਰਗ-ਵਿਤਕਰਾ ਘੜਿਆ ,
ਕਿਓਂ ਗੁਰ-ਨਾਨਕ ਛੱਡ ਚੇਲੇ ਉਸ ਮੰਨੂ ਦੇ ਅਖਵਾਈਏ ।।
ਜੇਕਰ ਕਿਤੇ ਪਛਾਣ ਦੀ ਖਾਤਿਰ ਬਣਦੀ ਹੈ ਮਜਬੂਰੀ ,
ਕਾਹਤੋਂ ਨਾ ਫਿਰ ਗੋਤ ਨੂੰ ਛੱਡਕੇ ਪਿੰਡ ਤਖੱਲਸ ਲਾਈਏ ,
ਕਿਓਂ ਨਾ ਸਾਰੇ ਪਿੰਡ ਨਿਵਾਸੀ ਸਾਂਝਾ ਨਾਂ ਅਪਣਾਕੇ ,
ਗੋਤਾਂ-ਜਾਤਾਂ ਦੇ ਨਾਲ ਤੁਰਦੀ ਊਚ-ਨੀਚ ਦਫਨਾਈਏ ।।
ਇੱਕ ਜੋਤ ਤੋਂ ਉਪਜੇ ਸਾਰੇ ਵੱਡਾ-ਛੋਟਾ ਨਾ ਕੋਈ ,
ਮਾਣਸ ਦੀ ਤਾਂ ਜਾਤ ਹੈ ਇੱਕੋ ਸਭਨਾਂ ਨੂੰ ਸਮਝਾਈਏ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
gsbarsal@gmail.com