Wednesday, September 10, 2014

ਬਹੁ-ਵਿਆਹ !!

ਬਹੁ-ਵਿਆਹ !!
ਕੁਲ ਦੁਨੀਆਂ ਨੇ ਕੀਤਾ ਸੀ ਜਦ ਔਰਤ ਦਾ ਤ੍ਰਿਸਕਾਰ ।
ਤਦ ਗੁਰ ਨਾਨਕ ਮਾਰਿਆ ਨਾਹਰਾ 'ਜਨਣੀ-ਜਗਤ' ਪੁਕਾਰ ।।
ਮੰਦਾ ਕਿੰਝ ਆਖੀਏ ਉਸਨੂੰ ਭੁੱਲੜ ਜੱਗ ਦੇ ਲੋਕੋ ,
ਜਿਸ ਔਰਤ ਜਾਤੀ ਨੇ ਜੰਮੇ ਰਾਜੇ ਤੇ ਸਰਦਾਰ ।।
ਗੁਰੂ ਨਾਨਕ ਤੋਂ ਪਹਿਲਾਂ ਲੋਕਾਂ ਧਰਮ ਗ੍ਰੰਥਾਂ ਅੰਦਰ ,
ਲਿਖਕੇ ਬਹੁ-ਚਲਿੱਤਰੀ ਔਰਤ ਕੀਤੀ ਰੱਜ ਖੁਆਰ ।।
ਕਦੇ ਔਰਤ ਨੂੰ ਜੁੱਤੀ ਆਖਿਆ ਕਦੇ ਕਿਹਾ ਬਘਿਆੜੀ ,
ਕਦੇ ਆਖਿਆ ਇਸਨੂੰ ਪਾਪਣ ਘੋਰ-ਨਰਕ ਦਾ ਦੁਆਰ ।।
ਕਦੇ ਆਖਿਆ ਔਰਤ ਸਭ ਨੂੰ ਮੰਜਿਲ ਤੋਂ ਭਟਕਾਉਂਦੀ ,
ਨੀਚ ਤੇ ਸ਼ੂਦਰ ਕਹਿ ਔਰਤ ਨੂੰ ਕਰਿਆ ਸੀ ਦੁਸ਼-ਕਾਰ ।।
ਧਨੀ-ਅਮੀਰਾਂ ਸਮਝ ਸੰਪਤੀ ਮਨ ਪ੍ਰਚਾਵੇ ਵਾਲੀ,
ਬਹੁ-ਵਿਆਹਾਂ ਦੀ ਰਸਮ ਚਲਾਈ ਸਮਝ ਕੋਈ ਅਧਿਕਾਰ ।।
ਗਾਵਾਂ-ਮੱਝਾਂ ਵਾਂਗੂ ਜਿਹੜਾ ਵੱਧ ਔਰਤਾਂ ਰੱਖੇ,
ਓਸੇ ਨੂੰ ਸੀ ਵੱਡਾ ਗਿਣਦਾ ਨਾ-ਸਮਝ ਸੰਸਾਰ ।।
ਕੁਝ ਲੋਕਾਂ ਨੇ ਗੁਰੂਆਂ ਨੂੰ ਇੰਝ ਵੱਡਿਆਂ ਦੱਸਣ ਖਾਤਿਰ ,
ਗੁਰੂਆਂ ਦੇ ਬਹੁ-ਮਹਿਲਾਂ ਵਾਲਾ ਕਰ ਦਿੱਤਾ ਪਰਚਾਰ ।।
ਗਿਆਨ ਵਿਹੂਣੇ ਸ਼ਰਧਾਵਾਨਾ ਬਿਨ ਗੁਰ-ਸ਼ਬਦ ਵਿਚਾਰੇ,
ਸੱਤ-ਬਚਨ ਕਹਿ ਸੀਸ ਨਿਵਾਕੇ ਕਰ ਲਿੱਤਾ ਸਵੀਕਾਰ ।।
"ਏਕ ਜੋਤ" ਤੇ "ਦੋਇ ਮੂਰਤੀ" ਦੇ ਸੰਕਲਪ ਦੇ ਅੰਦਰ ,
ਔਰਤ-ਮਰਦ ਬਰਾਬਰਤਾ ਦਾ ਹੁੰਦਾ ਦਰਸ਼-ਦਿਦਾਰ ।।
ਇੱਕ ਨਾਰੀ ਸੰਗ ਗ੍ਰਹਿਸਤ ਵਿੱਚ ਹੀ ਔਰਤ ਦਾ ਸਨਮਾਨ,
ਗੁਰਬਾਣੀ ਦੇ ਆਸ਼ੇ ਨੂੰ "ਗੁਰਦਾਸ" ਕਿਹਾ ਵਿਚਾਰ ।।
ਪਰ-ਨਾਰੀ ਦੇ ਅੰਦਰ ਜੇਕਰ ਧੀ-ਭੈਣ ਨਾਂ ਦਿਸਦੀ,
ਗੁਰ-ਬਾਬੇ ਦੀ ਸਿੱਖਿਆ ਵਾਲਾ ਕਿੰਝ ਬਣੂ ਕਿਰਦਾਰ ।। 
ਬਹੁ-ਵਿਆਹਾਂ ਦੇ ਨਾਲ ਤੇ ਔਰਤ ਇੱਕ ਵਸਤ ਹੀ ਜਾਪੇ ,
ਬੰਦਾ ਵੀ ਬਹੁ-ਪਤਨੀ ਵਾਲਾ ਲਗਦਾ ਏ ਬਦਕਾਰ ।।
ਇੱਕੋ ਵਿਆਹ ਦੇ ਨਾਲ ਹੀ ਜੱਗ ਤੇ ਜੀਵਨ ਸੋਹਣਾ ਚਲਦਾ ,
ਮਜਬੂਰੀ ਨੂੰ ਰੱਖਿਆ ਜਾਵੇ ਅਗਰ ਦਲੀਲੋਂ ਬਾਹਰ ।।
ਇੱਕ ਪਤਨੀ ਨਾਲ ਔਰਤ-ਮਰਦ ਬਰਾਬਰਤਾ ਰਹਿ ਸਕਦੀ,
ਔਰਤ ਮਰਦ ਬਰਾਬਰਤਾ ਵਿੱਚ ਹੀ ਹੁੰਦਾ ਸਤਿਕਾਰ ।।
ਗੁਰੂਆਂ ਨੇ ਖੁਦ ਮਾਡਲ ਬਣ ਜੋ ਜੀਵਨ ਜੁਕਤਿ ਬਣਾਈ,
ਉਸੇ ਨੂੰ ਅਪਣਾਉਣ ਲਈ ਸਭ ਨੂੰ ਆਖਿਆ ਬਾਰੋ-ਬਾਰ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)