Thursday, September 25, 2014

ਗੁਰਬਾਣੀ-ਉਪਦੇਸ਼


ਗੁਰੂ-ਗ੍ਰੰਥ ਸਾਹਿਬ ਦੀ ਬਾਣੀ,
ਪੜ੍ਹ-ਸੁਣ ਰੋਜ ਵਿਚਾਰੋ ।
ਜੋ ਜੋ ਸਮਝ ‘ਚ ਆਉਂਦਾ ਜਾਵੇ,
ਜੀਵਨ ਦੇ ਵਿੱਚ ਧਾਰੋ ।।
ਦੋ ਗੱਲਾਂ ਵੀ ਧਾਰਨ ਦੇ ਨਾਲ,
ਜੀਵਨ ਬਦਲ ਹੈ ਜਾਂਦਾ ।
ਐਵੇਂ ਨਾ ਬਸ ਗੱਡੀਆਂ ਲੱਦਕੇ,
ਭਾਰ ਨਾਲ ਹੰਕਾਰੋ ।।
ਤੋਤਾ ਰਟਨਾਂ ਦੇ ਨਾਲ ਕੇਵਲ,
ਯਾਦ ਪਹਾੜੇ ਹੋਵਣ ।
ਜੀਵਨ ਰੂਪ ਸਵਾਲਾਂ ਖਾਤਿਰ,
ਬੁੱਧ ਵਿਵੇਕ ਚਿਤਾਰੋ ।।
ਰੱਟੇ ਲਾਵਣ ਨਾਲ ਤੇ ਬੰਦਾ,
ਮੰਤਰ ਹੀ ਮੰਨ ਬਹਿੰਦਾ ।
ਗੁਰਬਾਣੀ ਉਪਦੇਸ਼ਾਂ ਨੂੰ ਨਾ,
ਗਿਣ-ਮਿਣ ਕਦੇ ਉਚਾਰੋ ।।
ਗੁਰ ਬਾਬੇ ਦੇ ਪਾਠ ਸਦਾ ਹੀ,
ਸਮਝ ਸਮਝ ਕੇ ਪੜ੍ਹੀਏ ।
ਹਾਸਲ ਹੋਈ ਸਿੱਖਿਆ ਨਾ,
ਮੁੜ ਮਨ ਤੋਂ ਕਦੇ ਉਤਾਰੋ ।।
ਗੁਰਬਾਣੀ ਨੂੰ ਜੀਵਨ ਦੇ ਵਿੱਚ,
ਸਦਾ ਹੀ ਚੱਲਦੀ ਰੱਖਿਓ ।
ਐਵੇਂ ਨਾ ਬਸ ਕਰਮ-ਕਾਂਢ ਕਰ ,
ਪਾਕੇ ਭੋਗ ਵਿਸਾਰੋ ।।
ਗੁਰਬਾਣੀ ਤਾਂ ਹਰ ਬੰਦੇ ਦੇ,
ਜੀਵਨ ਨੂੰ ਰੁਸ਼ਨਾਉਂਦੀ ।
ਪੜ੍ਹ-ਸੁਣ,ਧਾਰਨ ਕਰ,ਬਣ ਬਾਣੀ,
ਬਾਣੀ ਹੀ ਪਰਚਾਰੋ ।।
 (ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ)