Thursday, September 26, 2013












ਲਾ-ਬੂਫਦੌਰਾ ਦੀ ਕਰੂਜ/ਸਮੁੰਦਰੀ ਯਾਤਰਾ

"ਲਾ-ਬੂਫਦੌਰਾ"ਦੀ ਸਮੁੰਦਰੀ ਯਾਤਰਾ !!







ਨਵੀਆਂ ਥਾਵਾਂ ਤੇ ਘੁੰਮਣਾ-ਘੁਮਾਣਾ ਸਭ ਨੂੰ ਚੰਗਾ ਲਗਦਾ ਹੈ। ਜਦੋਂ ਕਦੇ ਨਵੇਂ ਢੰਗ ਤਰੀਕੇ ਨਾਲ ਨਵੇਂ ਦੇਸ਼ ਜਾਂ ਨਵੇਂ ਇਲਾਕੇ ਨੂੰ ਜਾਣਾ ਹੋਵੇ ਤਾਂ ਗੱਲ ਕੁਝ ਹੋਰ ਹੀ ਹੁੰਦੀ ਹੈ। ਅਸੀਂ ਵੀ ਬੱਚਿਆਂ ਦੇ ਆਖੇ ਕਰੂਜ਼-ਸ਼ਿੱਪ ਰਾਹੀਂ ਸਫਰ ਕਰਨ ਦਾ ਮਨ ਬਣਾ ਹੀ ਲਿਆ। ਕੈਲੇਫੋਰਨੀਆਂ ਨਾਲ ਮੈਕਸੀਕੋ ਦਾ ਬਾਰਡਰ ਲਗਣ ਕਾਰਣ ਇਸ ਪਾਸੇ ਨੂੰ ਜਾਣਾ ਹੀ ਸਾਨੂੰ ਸੌਖਾ ਜਾਪਿਆ। ਅਸੀਂ ਸੁਣਿਆ ਸੀ ਕਿ ਕਈਆਂ ਨੂੰ ਲੰਬੇ ਸਮੁੰਦਰੀ ਸਫਰ ਦੌਰਾਨ ਸੀ-ਸਿੱਕਨੈੱਸ ਹੋ ਜਾਂਦੀ ਹੈ, ਸੋ ਅਸੀਂ ਯਾਤਰਾ ਨੂੰ ਛੋਟੀ ਕਰਨ ਦੇ ਖਿਆਲ ਨਾਲ ਮੈਕਸੀਕੋ ਦੇ ਬਾਹਾ ਇਲਾਕੇ ਦਾ "ਇਨਸਨਾਡਾ" ਸ਼ਹਿਰ ਚੁਣਿਆ ਜੋ ਕਿ ਅੱਜ ਕਲ ਬੜੀ ਹੀ ਤੇਜੀ ਨਾਲ ਤਰੱਕੀ ਕਰ ਰਿਹਾ ਦੱਸਿਆ ਜਾਂਦਾ ਹੈ। ਸਾਡੇ ਨਾਲ ਜਾਣ ਲਈ ਮੇਰੇ ਕਾਲੇਜ ਦੇ ਸਮੇਂ ਦੇ ਦੋਸਤ ਦਲਜੀਤ ਸਿੰਘ ਦਾ ਪਰਿਵਾਰ ਵੀ ਸ਼ਾਮਿਲ ਹੋ ਗਿਆ। ਇਸ ਤਰਾਂ ਦੋਹਾਂ ਪਰਿਵਾਰਾਂ ਦੇ ਦਸ ਮੈਂਬਰਾਂ ਦਾ ਸਾਡਾ ਇਕ ਯਾਤਰੂ ਗਰੁੱਪ ਬਣ ਗਿਆ।

Wednesday, September 11, 2013

ਚਾਨਣ ਦਾ ਆਗਾਜ਼

ਚਾਨਣ ਦਾ ਆਗ਼ਾਜ਼!!
ਜਦ ਵੀ ਉੱਗ ਰਹੇ ਚਾਨਣ ਦਾ ਕੋਈ ਅਹਿਸਾਸ ਹੋਇਆ ਹੈ ।
ਹਨੇਰੇ ਘੁੱਟੀਆਂ ਅੱਖਾਂ ,ਅਤੇ ਬੂਹਾ ਹੀ ਢੋਇਆ ਹੈ ।।
ਜੁਗਨੂੰ ਦੇਖਕੇ ਵੀ ਓਸਦੀ ਤ੍ਰਾਹ ਨਿਕਲ ਹੈ ਜਾਂਦੀ,
ਮੱਧਮ ਰੋਸ਼ਨੀ ਵੀ ਓਸਦਾ ਮੁੜ੍ਹਕਾ ਹੀ ਚੋਇਆ ਹੈ ।।
ਟਿਕੀ ਰਾਤ ਨੂੰ ਉਠੀਆਂ ਮਿਸ਼ਾਲਾਂ ਵਧਦੀਆਂ ਤੱਕਕੇ,
ਕੰਬੀ ਜਾ ਰਿਹੈ ,ਲਗਦਾ ਜਿਵੇਂ ਉਸ ਹੋਸ਼ ਖੋਇਆ ਹੈ ।।
ਜਦ ਜਦ ਵੀ ਦੀਵਿਆਂ ਨੇ ਭਾਂਬੜ ਬਨਣ ਦੀ ਸੋਚੀ,
ਕਾਲਖ ਦੀ ਨੀਤੀਆਂ ਨੇ, ਤਪਸ਼ ਨੂੰ ਲਕੋਇਆ ਹੈ ।।
ਹਨੇਰੇ ਨੂੰ ਹਨੇਰੇ ਦਾ ਜੋ ਹਰਦਮ ਸਬਕ ਦਿੰਦਾ ਸੀ,
ਡਰਦਾ ਚਾਨਣੋਂ , ਭੁੱਲਕੇ ਨਾ ਸਾਹਵੇਂ ਹੀ ਖਲੋਇਆ ਹੈ ।।
ਰੋਣਾ ਚੀਕਣਾ ਵੀ ਓਸ ਤੱਕ ਨਹੀਂ ਪਹੁੰਚ ਸੀ ਸਕਦਾ,
ਸੱਚ ਨੂੰ ਬੇਚਕੇ ਉਹ ਲਗਦਾ ਸੀ ਬੇਫਿਕਰ ਸੋਇਆ ਹੈ ।।
ਉਹ ਜਾਣੇ, ਖੰਡਰਾਂ ਪਿੱਛੇ ਜੁੱਗਾਂ ਦਾ ਵਸੇਬਾ ਵੀ,
ਬਾਰੀ ਖੁਲਦਿਆਂ ਪ੍ਰਕਾਸ਼ ਸਾਹਵੇਂ ਝੱਟ ਮੋਇਆ ਹੈ ।।
ਹਰ ਇੱਕ ਝੌਂਪੜੀ 'ਚ ਰੋਸ਼ਨੀ ਹੁਣ ਵਧਣ ਲੱਗੀ ਹੈ,
ਸੀਮਿਤ ਤੇਲ ਦਾ ਹੁਣ ਦੀਵਿਆਂ ਇਲਜਾਮ ਧੋਇਆ ਹੈ ।।
ਦੀਪਕ ਰਾਗ ਨੇ ਤਾਂ ਦੀਵਿਆਂ ਨੂੰ ਕੀ ਜਗਾਣਾ ਹੈ,
ਚਾਨਣ ਵਾਸਤੇ ਸੰਗੀਤ ਨੇ ਬਾਰੂਦ ਛੋਇਆ ਹੈ।।
ਹਰ ਇੱਕ ਚੀਜ ਅੰਦਰ ਚਮਕਦੀ ਜਿਹੀ ਚਿਣਗ ਦਿਖਦੀ ਏ,
ਲਗਦਾ ਚਾਨਣਾ ਉੱਗਿਆ ,ਜੋ ਸੂਰਜ ਕੱਲ ਬੋਇਆ ਹੈ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)