ਦੇਹ ਤੋਂ ਸ਼ਬਦ !
ਦੇਹ ਤੋਂ ਸ਼ਬਦਾਂ ਵੱਲ ਜਦੋਂ ਕੋਈ ਹਿਲਦਾ ਹੈ ।
ਜੜ ਤੋਂ ਚੇਤਨ ਵੱਲ ਦਾ ਰਸਤਾ ਮਿਲਦਾ ਹੈ ।।
ਨਾ ਹੀ ਦੇਹ ਕੋਈ ਗੁਰੂ ਜਾਂ ਚੇਲਾ ਬਣਦੀ ਏ,
ਗਿਆਨ ਗੁਰੂ ਹੀ ਸੁਰਤ ਨੂੰ ਲੈ ਕੇ ਠ੍ਹਿਲਦਾ ਹੈ ।।
ਮਨ ਤਾਂ ਅਕਸਰ ਬਦਲ ਪੁਸ਼ਾਕਾਂ ਪਾਉਂਦਾ ਹੈ,
ਰੂਹ ਵਰਗਾ ਨਾ ਲੀੜਾ ਇਸਤੋਂ ਸਿਲਦਾ ਹੈ ।।
ਜਦ ਵੀ ਕੋਈ ਦੇਹ ਤੋਂ ਅੱਗੇ ਲੰਘਦਾ ਏ,
ਕਹੇ ਪੁਜਾਰੀ ਪੰਗਾ ਵਕਤੀ ਢਿੱਲ ਦਾ ਹੈ ।।
ਸੱਚ ਸੁਣਾਉਣੋਂ ਪਹਿਲਾਂ ਖੁਦ ਅਪਣਾਏ ਜੋ,
ਲੋਕੀਂ ਕਹਿਣ ਬੇਚਾਰਾ ਰੋਗੀ ਦਿਲ ਦਾ ਹੈ ।।
ਆੜ ਸ਼ਬਦ ਦੀ ਓਹਲੇ ਦੇਹ ਹੀ ਭੁਗਤੀ ਹੈ,
ਸੱਚ ਤਰਕ ਤਵੱਕਿਆਂ ਅੰਦਰ ਛਿਲਦਾ ਹੈ ।।
ਧਰਮ ਦੀ ਆੜੇ ਪੰਥ-ਮਜ਼ਹਬ ਦੀ ਗੱਲ ਹੁੰਦੀ,
ਕੋਟਨ ਮੇ ਹੀ ਕੋਊ ਨਾਨਕ ਖਿਲਦਾ ਹੈ ।।