Monday, May 29, 2017

ਸਰਬੱਤ ਖਾਲਸਾ

ਸਰਬੱਤ ਖਾਲਸਾ-ਇਕ ਦ੍ਰਿਸ਼ਟੀ ਕੋਣ !

ਸਰਬੱਤ ਖਾਲਸਾ ਦਾ ਅਰਥ ਹੈ ਸਾਰੇ ਖਾਲਸਾ ਜੀ ਦਾ ਇੱਕ ਜਗਹ ਇਕੱਤਰ ਹੋਕੇ ਕੌਮੀ ਫੈਸਲੇ ਲੈਣਾ। ਸੋਚਿਆ ਜਾਵੇ ਅਜਿਹਾ ਮੁਸ਼ਕਲ ਹੈ, ਹਾਂ ਜਿਆਦਾ ਸੰਗਤ ਇਕੱਠੀ ਕਰ ਭੁਲੇਖਾ ਸਿਰਜਿਆ ਜਾ ਸਕਦਾ ਹੈ ਉਹ ਵੀ ਸਰਬੱਤ ਦੀ ਭਾਵਨਾ ਦਾ ਭੁਲੇਖਾ ਖੜਾ ਕਰ ,ਸੱਦਣ ਵਾਲਿਆਂ ਦੀ ਨਿੱਜੀ ਸੋਚ ਨੂੰ ਉਭਾਰਨ ਲਈ। ਕੇਵਲ ਭੀੜ ਇਕੱਠੀ ਕਰ ,ਸਰਬੱਤ ਖਾਲਸੇ ਦਾ ਭੁਲੇਖਾ ਸਿਰਜ ,ਕੁਝ ਭਾਸ਼ਣਾ ਨਾਲ ਪਹਿਲਾਂ ਤੋਂ ਹੀ ਮਿਥੇ ਅਤੇ ਲਿਖੇ ਮਤਿਆਂ ਨੂੰ ਜੈਕਾਰੇ ਲਵਾਕੇ ਆਪਣੀ ਬਣ ਚੁੱਕੀ ਨੀਤੀ ਅਨੁਸਾਰੀ ਸਹਿਮਤੀ ਲੈਣਾ ਕਦੇ ਵੀ ਸਰਬੱਤ ਖਾਲਸਾ ਨਹੀਂ ਕਿਹਾ ਜਾ ਸਕਦਾ ।

Sunday, May 28, 2017

Thursday, May 18, 2017

ਜੰਗ ਤੇ ਪਿਆਰ !

ਜੰਗ ਅਤੇ ਪਿਆਰ ।
ਸੱਚ ਦਾ ਗਿਆਨ ਜਦੋਂ ਮਨ ਪ੍ਰਕਾਸ਼ ਕਰੇ,
ਸਾਚਾ ਹੀ ਦਿਖਾਈ ਦੇਵੇ ਜਦੋਂ ਇਜ਼ਹਾਰ ਵਿੱਚ ।
ਆਪਣਾ ਬੇਗਾਨਾ ਸਭ ਉਸੇ ਦਾ ਹੀ ਰੂਪ ਲੱਗੇ,
ਫਰਕ ਨਾ ਜਾਪੇ ਆਕਾਰ ਨਿਰਾਕਾਰ ਵਿੱਚ ।

ਬੰਦਾ ਬੁਨਿਆਦੋਂ ਸਦਾ ਇੱਕੋ ਜਿਹਾ ਹੋਂਵਦਾ ਹੈ,
ਵਿਰਸਾ ਤੇ ਸੂਝ ਭਰੇ ਅੰਤਰ ਵਿਹਾਰ ਵਿੱਚ ।
ਬੰਦੇ ਨਾਲੋਂ ਜਿਹੜੀ ਬੁਰੀ ਭਾਵਨਾ ਨੂੰ ਮਾਰ ਘੱਤੇ,
ਐਸੀ ਯੁੱਧ ਨੀਤੀ ਸਦਾ ਰੱਖੀਏ ਵਿਚਾਰ ਵਿੱਚ ।

ਬੱਚੇ, ਬੁੱਢੇ, ਔਰਤਾਂ, ਨਿਤਾਣਿਆਂ ਦੀ ਗੱਲ ਦੂਰ,
ਹੁੰਦੇ ਨਾ ਡਿੱਗੇ ਜਾਂ ਭੱਜੇ ਵੈਰੀ ਦੀ ਕਤਾਰ ਵਿੱਚ ।
ਯੁੱਧ ਤੇ ਪਿਆਰ ਪੂਜਾ ਹੋਂਵਦਾ ਅਣਖ ਵਾਲੀ,
ਪਿੱਠ ਜੋ ਤਕਾਉਂਦੇ, ਆਉਂਦੇ ਗਿਰੇ ਕਿਰਦਾਰ ਵਿੱਚ ।

ਪਿਆਰ ਕੋਈ ਕਬਜਾ ਨਾ, ਸਗੋਂ ਪਹਿਚਾਣ ਹੁੰਦੀ,
ਖੁਸ਼ਹਾਲ ਜਿੰਦਗੀ ਦੀ ਸਾਡੇ ਸਭਿਆਚਾਰ ਵਿੱਚ ।
ਰੱਬ ਹੀ ਪਿਆਰ ਅਤੇ ਪਿਆਰ ਹੀ ਤਾਂ ਰੱਬ ਹੁੰਦਾ,
ਇੱਕ ਮਿੱਕ ਜਾਪਦੇ ਇਹ ਰਚੇ ਸੰਸਾਰ ਵਿੱਚ ।

ਬੇਈਮਾਨੀ ਨਾਲ ਕੀਤੀ ਜਿੱਤ ਸਗੋਂ ਹਾਰ ਹੁੰਦੀ,
ਹੱਕ ਸੱਚ ਵਾਲੇ ਛੇੜੇ ਯੁੱਧ ਦੇ ਮਿਆਰ ਵਿੱਚ ।
ਯੁੱਧ ਨਾਲੋਂ ਯੁੱਧ ਦੇ ਨਿਯਮ ਸਦਾ ਵੱਡੇ ਹੁੰਦੇ,
ਨੀਤੀ ਹੁੰਦੀ ਏਹੋ ਸਦਾ ਸੱਚ ਤੇ ਆਚਾਰ ਵਿੱਚ ।

ਅਣਖਾਂ ਜਮੀਰਾਂ ਦੇ ਲਈ ਸਦਾ ਹੀ ਸਕੂਨ ਹੁੰਦਾ,
ਬੇਅਸੂਲੀ ਜਿੱਤ ਤੋਂ ਅਸੂਲਾਂ ਵਾਲੀ ਹਾਰ ਵਿੱਚ ।
ਇਖਲਾਕੀ ਕੀਮਤਾਂ ਤੋਂ ਸਦਾ ਉਹ ਅਭਿੱਜ ਰਹਿੰਦੇ,
ਸਭ ਜਾਇਜ ਆਖਦੇ ਜੋ ਜੰਗ ਤੇ ਪਿਆਰ ਵਿੱਚ ।।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

Monday, May 15, 2017

Saturday, May 13, 2017

ਮਾਂ ਅਤੇ ਬੀਚ

ਮਾਂ ਅਤੇ ਬੀਚ(ਇਕ ਯਾਦ)

ਮਾਂ ਸੀ ਜਦ ਅਮਰੀਕਾ ਆਈ ।
ਡਾਢੀ ਦਿਲ ਨੇ ਖੁਸ਼ੀ ਮਨਾਈ ।
ਸੋਚਿਆ ਮਾਂ ਨੂੰ ਸੈਰ ਕਰਾਵਾਂ ।
ਸੈਂਟਾ ਕਰੂਜ਼ ਦੀ ਬੀਚ ਦਿਖਾਵਾਂ ।

ਕੰਮ ਕਾਰ ਤੋਂ ਵਿਹਲ ਬਣਾਕੇ ।
ਖੁਸ਼ ਸਾਂ ਮਾਂ ਨੂੰ ਨਾਲ ਲੈ ਜਾਕੇ ।
ਪੈਸੇਫਿਕ ਸਮੁੰਦਰ ਕੰਢੇ ।
ਬੁੱਲੇ ਆਉਣ ਹਵਾ ਦੇ ਠੰਢੇ ।

ਲੋਕੀਂ ਮੇਲੇ ਵਾਂਗੂੰ ਮ੍ਹੇਲ਼ਣ ।
ਬੱਚੇ ਆਰਕੇਡਾਂ ਵਿੱਚ ਖੇਲਣ ।
ਰਾਈਡਾਂ ਘੁੰਮ ਘੁਮਾਈ ਖਾਵਣ ।
ਅੰਬਰ ਛੂਹਕੇ ਝੱਟ ਮੁੜ ਆਵਣ ।

ਬੱਚੇ ਝੂਟੇ ਮਾਣ ਰਹੇ ਸੀ ।
ਜੰਕ ਫੂਡ ਵੀ ਖਾਣ ਡਹੇ ਸੀ ।
ਲੋਕਾਂ ਰੌਲੀ ਪਾਈ ਹੋਈ ਸੀ ।
ਚਕਾਚੌਂਧ ਜਿਹੀ ਛਾਈ ਹੋਈ ਸੀ ।

ਮੈਂ ਡਿੱਠਾ ਮਾਂ ਥੱਕੀ ਲੱਗੀ ।
ਭੀੜ ਸ਼ੋਰ ਤੋਂ ਅੱਕੀ ਲੱਗੀ ।
ਮੈਂ ਕਿਹਾ ਚੱਲ ਮਾਂ ਓਧਰ ਮੁੜੀਏ ।
ਨਰਮ ਨਰਮ ਰੇਤੇ ਤੇ ਤੁਰੀਏ ।

ਸਾਗਰ ਦੀਆਂ ਜਦ ਛੱਲਾਂ ਆਵਣ ।
ਪੈਰਾਂ ਨੂੰ ਉਹ ਛੂਹ ਕੇ ਜਾਵਣ ।
ਰੇਤੇ ਉੱਪਰ , ਛੱਲਾਂ ਕੋਲੇ ।
ਤੁਰਦੇ ਤੁਰਦੇ ਹੋ ਗਏ ਹੌਲੇ ।

ਸਾਹਵੇਂ 'ਬੀਚ-ਬਾਲ' ਦੇ ਪੰਗੇ ।
ਮੁੰਡੇ ਕੁੜੀਆਂ ਸੀ ਅਧਨੰਗੇ ।
ਪਾ ਉੱਚੀ ਉਹ ਖੱਪ ਰਹੇ ਸੀ ।
ਬੇ-ਫਿਕਰੀ ਵਿੱਚ ਟੱਪ ਰਹੇ ਸੀ ।

ਅੰਦਰ ਵਾਲੇ ਕੱਪੜੇ ਪਾਈਂ ।
ਖੇਡਣ ਸਾਰੇ ਚਾਈਂ ਚਾਈਂ ।
ਕੁਝ ਦੇਸੀ ਵੀ ਸਿਆਣ ਲਈਆਂ ਸੀ ।
ਨਕਸ਼ਾਂ ਤੋਂ ਪਹਿਚਾਣ ਲਈਆਂ ਸੀ ।

ਬੀਚ-ਬਾਲ ਉਹ ਖੇਡਣ `ਕੱਠੇ ।
ਪਰ ਮਾਂ ਮੈਨੂੰ ਘੂਰੀਆਂ ਵੱਟੇ ।
ਮੈਂ ਕਿਹਾ ਆਪਾਂ ਨੂੰ ਕੀ ਪਿਆ ਏ ।
ਆਪਾਂ ਕਿਹੜਾ ਠੇਕਾ ਲਿਆ ਏ ।

ਏਥੇ ਲੋਕੀਂ ਇੰਝ ਨਾ ਤੱਕਦੇ ।
ਆਪਣਾ ਹੀ ਬਸ ਮਤਲਬ ਰੱਖਦੇ ।
ਹਰ ਕੋਈ ਏਥੇ ਰੁੱਝਿਆ ਰਹਿੰਦਾ ।
ਅੱਖਾਂ ਪਾੜ ਨਾ ਕੋਈ ਵਿੰਹਦਾ ।

ਆਪਾਂ ਆਪਣੇ ਰਸਤੇ ਜਾਈਏ ।
ਕਿਓਂ ਕਿਸੇ ਨਾਲ ਅੱਖ ਮਿਲਾਈਏ ।
ਉਲਟਾ ਮਾਂ ਨੂੰ ਗੁੱਸਾ ਚੜਿਆ ।
ਕਹਿੰਦੀ ਕੀ ਇਸ ਬੀਚੋਂ ਥੁੜਿਆ ।

ਮਾਂ ਆਖੇ ਇਹ ਨੰਗ-ਧੜੰਗੇ ।
ਕਾਹਤੋਂ ਸਾਤੋਂ ਵੀ ਨਾਂ ਸੰਗੇ ।
ਲਗਦਾ ਏਥੇ ਸ਼ਰਮ ਦਾ ਘਾਟਾ ।
ਇਹ ਨਾ ਦੇਖਣ ਧੌਲਾ ਝਾਟਾ ।

ਆਹ ਮੈਨੂੰ ਦਿਖਾਵਣ ਲਿਆਇਆਂ ।
ਬੁੱਢੇ ਵਾਰ ਪੜ੍ਹਾਵਣ ਲਿਆਇਆਂ ।
ਚੱਲ ਏਥੋਂ ਹੀ ਮੁੜ ਪਓ ਘਰ ਨੂੰ ।
ਦਿਲ ਵਿੱਚ ਰੱਖੀਂ ਰੱਬ ਦੇ ਡਰ ਨੂੰ ।

ਸੁਣਕੇ ਮਾਂ ਦੀ ਮਿੱਠੀ ਘੂਰੀ ।
ਛੱਡਣੀ ਪੈ ਗਈ ਬੀਚ ਅਧੂਰੀ ।
ਮੈਂ ਕਿਹਾ ਸੱਤ ਬਚਨ ਮਾਂ ਮੇਰੀ ।
ਗਲਤੀ ਹੋ ਗਈ ਬੜੀ ਘਨੇਰੀ ।

ਗਲਤੀ ਹੋ ਗਈ ਦੱਸ ਰਿਹਾ ਸਾਂ ।
ਅੰਦਰ ਖਾਤੇ ਹੱਸ ਰਿਹਾ ਸਾਂ ।
ਮੈਂ ਕਿਹਾ ਮਾਂ ਜੀ ਅਗਲੇ ਹਫਤੇ ।
ਗੁਰਦੁਆਰੇ ਦੇ ਪਵਾਂਗੇ ਰਸਤੇ ।।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

Sunday, May 7, 2017