Thursday, May 18, 2017

ਜੰਗ ਤੇ ਪਿਆਰ !

ਜੰਗ ਅਤੇ ਪਿਆਰ ।
ਸੱਚ ਦਾ ਗਿਆਨ ਜਦੋਂ ਮਨ ਪ੍ਰਕਾਸ਼ ਕਰੇ,
ਸਾਚਾ ਹੀ ਦਿਖਾਈ ਦੇਵੇ ਜਦੋਂ ਇਜ਼ਹਾਰ ਵਿੱਚ ।
ਆਪਣਾ ਬੇਗਾਨਾ ਸਭ ਉਸੇ ਦਾ ਹੀ ਰੂਪ ਲੱਗੇ,
ਫਰਕ ਨਾ ਜਾਪੇ ਆਕਾਰ ਨਿਰਾਕਾਰ ਵਿੱਚ ।

ਬੰਦਾ ਬੁਨਿਆਦੋਂ ਸਦਾ ਇੱਕੋ ਜਿਹਾ ਹੋਂਵਦਾ ਹੈ,
ਵਿਰਸਾ ਤੇ ਸੂਝ ਭਰੇ ਅੰਤਰ ਵਿਹਾਰ ਵਿੱਚ ।
ਬੰਦੇ ਨਾਲੋਂ ਜਿਹੜੀ ਬੁਰੀ ਭਾਵਨਾ ਨੂੰ ਮਾਰ ਘੱਤੇ,
ਐਸੀ ਯੁੱਧ ਨੀਤੀ ਸਦਾ ਰੱਖੀਏ ਵਿਚਾਰ ਵਿੱਚ ।

ਬੱਚੇ, ਬੁੱਢੇ, ਔਰਤਾਂ, ਨਿਤਾਣਿਆਂ ਦੀ ਗੱਲ ਦੂਰ,
ਹੁੰਦੇ ਨਾ ਡਿੱਗੇ ਜਾਂ ਭੱਜੇ ਵੈਰੀ ਦੀ ਕਤਾਰ ਵਿੱਚ ।
ਯੁੱਧ ਤੇ ਪਿਆਰ ਪੂਜਾ ਹੋਂਵਦਾ ਅਣਖ ਵਾਲੀ,
ਪਿੱਠ ਜੋ ਤਕਾਉਂਦੇ, ਆਉਂਦੇ ਗਿਰੇ ਕਿਰਦਾਰ ਵਿੱਚ ।

ਪਿਆਰ ਕੋਈ ਕਬਜਾ ਨਾ, ਸਗੋਂ ਪਹਿਚਾਣ ਹੁੰਦੀ,
ਖੁਸ਼ਹਾਲ ਜਿੰਦਗੀ ਦੀ ਸਾਡੇ ਸਭਿਆਚਾਰ ਵਿੱਚ ।
ਰੱਬ ਹੀ ਪਿਆਰ ਅਤੇ ਪਿਆਰ ਹੀ ਤਾਂ ਰੱਬ ਹੁੰਦਾ,
ਇੱਕ ਮਿੱਕ ਜਾਪਦੇ ਇਹ ਰਚੇ ਸੰਸਾਰ ਵਿੱਚ ।

ਬੇਈਮਾਨੀ ਨਾਲ ਕੀਤੀ ਜਿੱਤ ਸਗੋਂ ਹਾਰ ਹੁੰਦੀ,
ਹੱਕ ਸੱਚ ਵਾਲੇ ਛੇੜੇ ਯੁੱਧ ਦੇ ਮਿਆਰ ਵਿੱਚ ।
ਯੁੱਧ ਨਾਲੋਂ ਯੁੱਧ ਦੇ ਨਿਯਮ ਸਦਾ ਵੱਡੇ ਹੁੰਦੇ,
ਨੀਤੀ ਹੁੰਦੀ ਏਹੋ ਸਦਾ ਸੱਚ ਤੇ ਆਚਾਰ ਵਿੱਚ ।

ਅਣਖਾਂ ਜਮੀਰਾਂ ਦੇ ਲਈ ਸਦਾ ਹੀ ਸਕੂਨ ਹੁੰਦਾ,
ਬੇਅਸੂਲੀ ਜਿੱਤ ਤੋਂ ਅਸੂਲਾਂ ਵਾਲੀ ਹਾਰ ਵਿੱਚ ।
ਇਖਲਾਕੀ ਕੀਮਤਾਂ ਤੋਂ ਸਦਾ ਉਹ ਅਭਿੱਜ ਰਹਿੰਦੇ,
ਸਭ ਜਾਇਜ ਆਖਦੇ ਜੋ ਜੰਗ ਤੇ ਪਿਆਰ ਵਿੱਚ ।।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)