Wednesday, March 28, 2012

ਇੰਤਹਾ-ਏ-ਇਸ਼ਕ


ਇੰਤਹਾ-ਏ-ਇਸ਼ਕ
ਇਸ਼ਕ ਇਸ਼ਕ ਤੇ ਹਰ ਕੋਈ ਆਖ ਲੈਂਦਾ ,
ਐਪਰ ਇਸ਼ਕ ਨਿਭਾਂਵਦਾ ਕੋਈ ਕੋਈ ।
ਅਜਬ ਪ੍ਰੇਮ ਵਾਲੇ ਗਜ਼ਬ ਚਾਓ ਅੰਦਰ ,
ਜਾਨ ਤਲੀ ਟਿਕਾਂਵਦਾ ਕੋਈ ਕੋਈ ।
ਜੱਗ ਇੱਕ ਪਾਸੇ ਸਿਦਕ ਇੱਕ ਪਾਸੇ ,
ਐਸਾ ਯਾਰ ਮਨਾਂਵਦਾ ਕੋਈ ਕੋਈ ।
ਵਾਅਦੇ ਕੀਤੇ “ਦਿਲਾਵਰ” ਜਿਹੇ ਦਿਲਵਰਾਂ ਨਾਲ ,
ਖਿੜੇ ਮੱਥੇ ਪੁਗਾਂਵਦਾ ਕੋਈ ਕੋਈ ।
ਇਹ ਹਨੇਰਿਆਂ ਨੂੰ ਕਿੱਦਾਂ ਚੀਰਨਾ ਏਂ ,
ਬਣਕੇ ਚਾਨਣ ਸਮਝਾਂਵਦਾ ਕੋਈ ਕੋਈ ।
ਲੋਕੀਂ ਤਾਰੇ ਬਣ ਜਾਣ ਦੀ ਗੱਲ ਕਰਦੇ ,
ਮਘਦਾ ਸੂਰਜ ਬਣ ਜਾਂਵਦਾ ਕੋਈ ਕੋਈ ।
ਸਿੰਘ ਅਤੇ ਸ਼ਹਾਦਤ ਦੀ ਜਿਵੇਂ ਬਣਦੀ ,
ਐਸੀ ਜੋੜੀ ਬਣਾਂਵਦਾ ਕੋਈ ਕੋਈ ।
ਮਿੱਟੀ, ਮਿੱਟੀ ਲਈ, ਮਿੱਟੀ ਬਣ ਮਿਟੀ ਜਾਵੇ ,
ਐਪਰ ਮਿੱਟੀ ਜੀਵਾਂਵਦਾ ਕੋਈ ਕੋਈ ।।
 ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)

Tuesday, March 20, 2012

ਸ੍ਰ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ


ਅੰਗ-ਦਾਨ ਦੀ ਵਸੀਅਤ !
ਹੁਕਮ ਸ਼ੇਰ ਨੂੰ ਫਾਂਸੀ ਦਾ ਜਦੋਂ ਸੁਣਿਆਂ,
ਸਿੱਖ ਜਗਤ ਅੰਦਰ ਹਾਹਾਕਾਰ ਹੋ ਗਈ ।
ਜਿਹੜੇ ਦੇਸ਼ ਲਈ ਫਾਂਸੀਆਂ ਰਹੇ ਚੜਦੇ,
ਦੇਖੋ ਉਹਨਾਂ ਦੀ ਦੁਸ਼ਮਣ ਸਰਕਾਰ ਹੋ ਗਈ ।
ਹੱਕ ਸੱਚ ਨੂੰ ਫਾਂਸੀ ਤੇ ਚਾੜਨੇ ਲਈ,
ਬਹੁ ਗਿਣਤੀ ਕਿਓਂ ਅੱਜ ਤਿਆਰ ਹੋ ਗਈ ।
ਸਿੱਖਾਂ ਵਾਸਤੇ ਸਾਂਝੇ ਕਾਨੂੰਨ ਹੀ ਨਹੀਂ,
ਰਾਜਨੀਤੀ ਹੀ ਅੱਜ ਬਦਕਾਰ ਹੋ ਗਈ ।

ਕੋਈ ਆਖਕੇ ਓਸਨੂੰ ਦੇਸ਼ ਧ੍ਰੋਹੀ,
ਉਹਨੂੰ ਫਾਂਸੀ ਚੜ੍ਹਾਉਣ ਦੀ ਗੱਲ ਕਰਦਾ ।
ਕੋਈ ਅਣਖ ਦਾ ਉਸਨੂੰ ਪ੍ਰਤੀਕ ਕਹਿਕੇ,
ਉੱਚੀ ਨਾਅਰੇ ਲਗਾਉਣ ਦੀ ਗੱਲ ਕਰਦਾ ।
ਕੋਈ ਸੰਗਤ ਦੇ ਭਾਰੀ ਦਬਾਅ  ਥੱਲੇ,
ਉਸਦੀ ਫਾਂਸੀ ਰੁਕਵਾਉਣ ਦੀ ਗੱਲ ਕਰਦਾ ।
ਕੋਈ ਸੂਰਮੇ ਸਿੰਘ ਦੇ ਨਾਮ ਉੱਤੇ,
ਆਪਣੀ ਨੀਤੀ ਚਮਕਾਉਣ ਦੀ ਗੱਲ ਕਰਦਾ ।

ਸ਼ੇਰ ਹੱਸ ਕੇ ਆਖਿਆ ਵੀਰਨੋ ਉਏ,
ਫਾਂਸੀ ਜਾਣ ਨਾਂ ਐਵੈਂ ਘਬਰਾ ਜਾਣਾ ।
ਮੌਤ ਨਾਲ ਸ਼ਹੀਦ ਦਾ ਜਨਮ ਹੁੰਦਾ,
ਖੁਸੀ ਜਨਮ ਦੀ ਤੁਸਾਂ ਮਨ੍ਹਾ ਜਾਣਾ ।
ਜਿਸ ਦਿਨ ਵੀ ਸਿੰਘ ਨੂੰ ਲੱਗੇ ਫਾਂਸੀ,
ਝੰਡੇ ਕੇਸਰੀ ਘਰੇ ਲਹਿਰਾਅ ਜਾਣਾ ।
ਅੰਗ-ਅੰਗ ਸ਼ਰੀਰ ‘ਚੋਂ ਕੱਢ ਮੇਰਾ,
ਲੋੜਵੰਦਾਂ ਦੇ ਤਾਂਈਂ ਪਹੁੰਚਾ ਜਾਣਾ ।।

ਅੰਗ ਦਾਨ ਦੀ ਜਿਹੜਾ ਵਸੀਅਤ ਕਰਦਾ,
ਕਾਹਤੋਂ ਉਸੇ ਨੂੰ ਫਾਂਸੀ ਦੀ ਲੋੜ ਜਾਪੇ ।
ਲੋਕਾਂ ਦਾ ਜੋ ਮਰਕੇ ਵੀ ਭਲਾ ਚਾਹਵੇ,
ਉਹਦੇ ਇਸ਼ਕ ਦਾ ਮੌਤ ਕਿਓਂ ਤੋੜ ਜਾਪੇ ।
ਜਿੱਥੇ ਹੱਕ-ਇਨਸਾਫ਼ ਨੂੰ ਮਿਲੇ ਫਾਂਸੀ,
ਲੋਕ ਤੰਤਰ ਨੂੰ ਹੋ ਗਿਆ ਕ੍ਹੋੜ ਜਾਪੇ ।
ਜੁਲਮ ਰੋਕਣ ਦੇ ਲਈ ਘੱਟ ਗਿਣਤੀਆਂ ਤੇ,
ਅੰਤਰ-ਦੇਸੀ ਕਾਨੂੰਨ ਦੀ ਥੋੜ ਜਾਪੇ ।।

ਰਹਿਮ ਵਾਲੀ ਅਪੀਲ ਜੋ ਨਹੀਂ ਕਰਦਾ,
ਲੋਕੋ ਓਸਦਾ ਸੋਚ ਆਧਾਰ ਦੇਖੋ ।
ਰੱਦ ਕਰ ਰਿਹਾ ਥੋਥੇ ਕਾਨੂੰਨ ਨੂੰ ਜੋ,
ਮਾਨਵ ਧਰਮ ਲਈ ਓਸਦਾ ਪਿਆਰ ਦੇਖੋ ।
ਦਮ ਤੋੜਨ ਇਨਸਾਫ ਦੀ ਝਾਕ ਅੰਦਰ,
ਲੱਖਾਂ ਲੋਕ ਅੱਜ ਬਣੇ ਲਾਚਾਰ ਦੇਖੋ ।
ਘੱਟ ਗਿਣਤੀ ਨੂੰ ਕਿੰਝ ਹੜੱਪ ਕਰਦਾ,
ਬਹੁ-ਗਿਣਤੀ ਦਾ ਘਾਤਕ ਹਥਿਆਰ ਦੇਖੋ ।।

ਆਓ ਸਿੰਘ ਬਲਵੰਤ ਤੋਂ ਸੇਧ ਲੈਕੇ,
ਰਸਤੇ ਆਪਣੇ ਅੱਜ ਰੁਸ਼ਨਾਅ ਲਈਏ ।
ਕੰਮ ਆਈਏ ਜਿਓਂਦੇ ਮਨੁੱਖਤਾ ਦੇ,
ਮਰਨੋ ਬਾਅਦ ਵੀ ਸੇਵਾ ਨਿਭਾਅ ਲਈਏ ।
ਜੇਕਰ ਜੀਵੀਏ, ਅਣਖ ਦੇ ਨਾਲ ਕੇਵਲ,
ਸਿੰਘਾ ਵਾਲੀ ਜ਼ਮੀਰ ਜਗਾਅ ਲਈਏ ।
ਹੱਕ,ਸੱਚ,ਇਨਸਾਫ ਲਈ ਜੂਝ ਮਰਨਾ,
ਏਹੋ ਜੀਵਨ ਆਦਰਸ਼ ਬਣਾਅ ਲਈਏ ।।
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)

Friday, March 16, 2012

ਸਿੰਘ ਸਭਾ ਇੰਟਰਨੈਸ਼ਨਲ ਅਤੇ ਕਾਲਾ ਅਫਗਾਨਾਂ...ਇੱਕ ਸਰਵੇਖਣ


ਸਿੰਘ ਸਭਾ ਇੰਟ੍ਰਨੈਸ਼ਨਲ ਅਤੇ ਕਾਲਾ ਅਫਗਾਨਾਂ ਇੱਕ ਸਰਵੇਖਣ
(ਸਿਘ ਸਭਾ ਇੰਟਰਨੈਸ਼ਨਲ ਦੇ ਆਗਾਜ਼ ਸਮੇ ਲਿਖੀ ਗਈ ਇੱਕ ਰਿਪੋਰਟ)

ਸਿੰਘਾਂ ਦੇ ਜੰਗਲਾਂ ਵਿੱਚ ਰਹਿਣ ਸਮੇਂ ਗੁਰਦੁਆਰਿਆਂ ਦਾ ਪ੍ਰਬੰਧ ਸੰਤਾਂ, ਮਹੰਤਾਂ, ਉਦਾਸੀਆਂ ਤੇ ਨਿਰਮਲਿਆਂ ਦੇ ਹੱਥ ਕੁਝ ਸਮਾਂ ਤਾਂ ਠੀਕ ਰਿਹਾ ਪਰ ਹੁੰਦੀ ਪੂਜਾ ਪ੍ਰਤਿਸ਼ਟਾ ਦੇ ਕਾਰਨ ਰੋਜ਼ੀ ਦੇ ਸਾਧਨ ਬਣ ਕੇ ਇਹੋ ਅਸਥਾਂਨ ਦੁਰਾਚਾਰ ਦਾ ਅੱਡਾ ਬਣ ਗਏ। ਧਰਮ ਦੇ ਅਖਾਉਤੀ ਠੇਕੇਦਾਰਾਂ ਦੁਆਰਾ ਇਸ ਰੋਜ਼ੀ ਦੇ ਬਣੇ ਨਵੇਂ ਸਾਧਨਾਂ ਤੇ ਲੰਬੀ ਪਕੜ ਲਈ ਸ਼ਰਧਾਲੂਆਂ ਵਿੱਚ ਅਗਿਆਨਤਾ ਦਾ ਪ੍ਰਚਾਰ ਜਰੂਰੀ ਸਮਝਦੇ ਹੋਏ ਨਵੇਂ ਵਹਿਮਾਂ ਭਰਮਾਂ ਤੇ ਕਰਮਕਾਂਡਾਂ ਦਾ ਪਸਾਰਾ ਜੋਰ-ਸ਼ੋਰ ਨਾਲ ਕੀਤਾ ਗਿਆ। ਸਿਟੇ ਵਜੋਂ ਗੁਰਦੁਆਰਿਆਂ, ਜਿਥੇ ਕਿ ਗੁਰਮਤਿ ਗਿਆਨ ਦੀ ਗੂੰਜ ਪੈਣੀ ਸੀ ਉਨ੍ਹਾਂ ਵਿੱਚ ਲੋਕਾਂ ਨੂੰ ਸਥਾਈ ਤੌਰ ਤੇ ਗੁਰਮਤਿ ਤੋਂ ਅਗਿਆਨੀ ਰੱਖਣ ਦੀਆਂ ਸਕੀਮਾਂ ਬਣਨ ਲੱਗੀਆਂ ਪ੍ਰੰਤੂ ਸੂਝਵਾਂਨ ਤੇ ਦੂਰਦ੍ਰਿਸ਼ਟ ਲੋਕਾਂ ਨੇ ਗੁਰਦੁਵਾਰਾ ਸੁਧਾਰ ਲਹਿਰ ਅਤੇ ਸਿੰਘ ਸਭਾ ਲਹਿਰ ਆਦਿ ਦੀ ਓਟ ਨਾਲ ਅਗਿਅਨਤਾ ਦੇ ਅੰਧੇਰੇ ਨੂੰ ਦੂਰ ਕਰਨ ਦਾ ਹੀਆ ਕਰ ਲਿਆ। ਸ਼ਰਧਾਲੂਆਂ ਨੂੰ ਅਗਿਆਨੀ ਰੱਖਣ ਦੇ ਚਾਹਵਾਨ ਧਰਮ ਦੇ ਅਖੌਤੀ ਠੇਕੇਦਾਰਾਂ ਨੇ ਸਿੰਘ ਸਭਾ ਦੇ ਮੋਢੀਆਂ ਨੂੰ ਹੀ ਪੰਥ ਵਿਚੋਂ ਛੇਕ ਦਿੱਤਾ, ਭਾਵੇਂ ਕਿ ਇੱਕ ਸਦੀ ਬਾਅਦ ਪੁਰਾਨੇ ਹੁਕਮਨਾਮਿਆਂ ਨੂੰ ਰੱਦ ਕਰਕੇ ਪ੍ਰੌ ਗੁਰਮੁੱਖ ਸਿੰਘ ਹੁਰਾਂ ਨੂੰ ਦੁਬਾਰਾ ਸਿੱਖ ਪੰਥ ਵਿੱਚ ਸ਼ਾਮਲ ਕੀਤਾ ਗਿਆ। ਇਹ ਦੋਵੇਂ ਕਰਮ ਗੁਰੁ ਗ੍ਰੰਥ ਸਾਹਿਬ ਜੀ ਦੀ ਫਿਲਾਸਫੀ ਦਾ ਮੂੰਹ ਚੜ੍ਹਾਉਂਦੇ ਹਨ ਕਿਉਂਕਿ ਸਿੱਖੀ ਧਾਰਨ ਕਰਨਾ ਜਾਂ ਤਿਆਗਨਾ ਹਰ ਇਨਸਾਨ ਦੀ ਆਪਣੀ ਮਰਜੀ ਤੇ ਅਧਾਰਤ ਹੈ। ਗੁਰੂ ਦੇ ਹੁਕਮ ਨੂੰ ਮੰਨਣ ਵਾਲਾ ਗੁਰੁ ਦਾ ਸਿੱਖ ਅਖਵਾਉਂਦਾ ਹੈ ਤੇ ਨਾਂ ਮੰਨਣ ਵਾਲਾ ਗੈਰ ਸਿੱਖ ਕਿਉਂਕਿ ਅਖੌਤੀ ਠੇਕੇਦਾਰਾਂ ਦੀ ਵਿਚੋਲਗੀ ਨੂੰ ਗੁਰੂ ਨਾਨਕ ਪਾਤਸ਼ਹ ਰੱਦ ਕਰ ਚੁੱਕੇ ਹਨ।

Tuesday, March 13, 2012

ਗੁਰੂ ਦੀ ਪੁਸ਼ਟੀ


ਗੁਰੂ ਦੀ ਪੁਸ਼ਟੀ
ਗੁਰੂ ਗ੍ਰੰਥ ਜੀ ਦੇ ਗੁਰੂ ਹੋਣ ਵਾਲੇ,

ਜਿਹੜਾ ਬਾਹਰੋਂ ਸਬੂਤਾਂ ਦੀ ਝਾਕ ਕਰਦਾ ।

ਸ਼ਬਦ ਗੁਰੂ ਦੇ ਵੱਲ ਉਹ ਪਿੱਠ ਕਰਕੇ,

ਗੁਰੂ ਗਿਆਨ ਦਾ ਗਲਤ ਹੀ ਮਾਪ ਕਰਦਾ ।

ਗੁਰੂ ਗ੍ਰੰਥ ਜੀ ਨੂੰ ਸਮਝ ਪੜ੍ਹੇ ਜਿਹੜਾ,

ਗੁਰੂ ਸ਼ਬਦਾਂ ਵਿੱਚ ਗੁਰੂ ਦੇ ਕਰੇ ਦਰਸ਼ਣ :

ਗੁਰੂ ਗ੍ਰੰਥ ਵਿੱਚ ਗੁਰੂ ਗਿਆਨ ਸਾਰਾ,

ਗੁਰੂ ਹੋਣ ਦੀ ਪੁਸ਼ਟੀ ਹੀ ਆਪ ਕਰਦਾ ।।