Tuesday, June 28, 2011

ਜੈਕਾਰਾ

ਜੈਕਾਰਾ
ਆਓ ਗੁਰੂ-ਗਿਆਨ ਦੀ ਖੜਗ ਲੈਕੇ ,
ਸਿਧਾਂਤਕ-ਏਕਤਾ ਵਾਲਾ ਜੈਕਾਰਾ ਬਣੀਏ ।
ਸਿੱਖ-ਫਲਸਫੇ ਨੂੰ ਜੋ ਵੀ ਕਰੇ ਧੁੰਦਲਾ ,
ਰਲ਼ਕੇ ਉਹਦਾ ਜਵਾਬ ਕਰਾਰਾ ਬਣੀਏ ।
ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੀ ਥਾਂ ,
ਇੱਕ ਦੂਜੇ ਦਾ ਸਗੋਂ ਸਹਾਰਾ ਬਣੀਏ ।
ਸੱਚ-ਤਰਕ ਲੈ ਗੁਰੂ-ਗ੍ਰੰਥ ਜੀ ਤੋਂ ,
ਨਵੇਂ ਯੁੱਗ ਲਈ ਚਾਨਣ- ਮੁਨਾਰਾ ਬਣੀਏ ।।

ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ

Tuesday, June 21, 2011

ਫੇਸਬੁੱਕ-ਹੈਕਰ


ਹੈਕਰ !

ਤਨ-ਮਨ ਤੇ ਧਨ ਦੀ ਲੁੱਟ ਹੁੰਦੀ ,

ਅੱਖੀਂ ਵੇਖ ਕਿਓਂ ਟੋਕੀ ਨਹੀਂ ਜਾ ਸਕਦੀ ।

ਮਿਹਨਤ-ਕਸ਼ਾਂ ਦੀ ਕਿਰਤ-ਕਮਾਈ ਐਵੇਂ ,

ਵਿਹਲੜ ਠੱਗਾਂ ਨੂੰ ਝੋਕੀ ਨਹੀਂ ਜਾ ਸਕਦੀ ।

ਜੋ ਨਹੀਂ ਲੋਕਾਂ ਦਾ ਜਾਗਣ ਸਹਾਰ ਸਕਦੇ ,

ਓਹੀਓ ਹੋਛੀਆਂ ਗੱਲਾਂ ਤੇ ਆਂਵਦੇ ਨੇ :

ਨ੍ਹੇਰੀ ਉੱਠੀ ਜੋ ਸਿੱਖ-ਇੰਕਲਾਬ ਵਾਲੀ ,

ਕਿਸੇ ਹੈਕਰ ਤੋਂ ਰੋਕੀ ਨਹੀਂ ਜਾ ਸਕਦੀ ।

ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)

Tuesday, June 14, 2011

ਅਜੋਕਾ ਚੈਲੇਂਜ


ਅਜੋਕਾ ਚੈਲੇਂਜ

ਗੁਰੂ ਗ੍ਰੰਥ ਬਰਾਬਰ ਜੇ ਕੋਈ ਪੋਥੀ ,

ਗੁਰੂ ਗ੍ਰੰਥ ਦੇ ਵਾਂਗ ਸਜਾਈ ਹੋਵੇ ।

ਗੁਰੂ ਵਾਂਗ ਰੂਮਾਲਿਆਂ ਨਾਲ ਉਸਦੀ ,

ਸੋਹਣੀ ਦਿੱਖ ਲਈ ਪੀੜ੍ਹੀ ਸਜਾਈ ਹੋਵੇ ।

ਉਸੇ ਢੰਗ ਨਾਲ ਤਾਬਿਆ ਬੈਠ ਕੇ ਤੇ ,

ਗੁਰੂ ਵਾਂਗ ਹੀ ਚੌਰ- ਝੁਲਾਈ ਹੋਵੇ ।

ਕਿੱਦਾਂ ਆਖੀਏ ਗੁਰੂ ਨੂੰ ਨਹੀਂ ਚੈਲੇਂਜ ,

ਗੁਰੂ ਵਾਂਗ ਜੇ ਮੱਥੇ-ਟਿਕਾਈ ਹੋਵੇ ।।

ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)

Monday, June 13, 2011

ਫੇਸਬੁੱਕ-ਹੈਕਿੰਗ


ਫੇਸਬੁੱਕ-ਹੈਕਿੰਗ

ਐਵੇਂ ਭਰਮ ਹੈ ਸਾਡਿਆਂ ਹੈਕਰਾਂ ਨੂੰ ,

ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ।

ਦੋ ਦਿਨਾ ਚ ਨਵਾਂ ਗਰੁੱਪ ਬਣਕੇ ,

ਕੱਠੇ ਹੋ ਗਏ ਹਾਂ ਦਸ ਹਜਾਰ ਲੋਕੋ ।

ਸਾਡੀ ਸੋਚ ਕੋਈ ਹੈਕ ਨਹੀਂ ਕਰ ਸਕਦਾ ,

ਭਾਵੇਂ ਹੈਕਰਾਂ ਦੀ ਹੈ ਭਰਮਾਰ ਲੋਕੋ ।

ਜੋਕਾਂ ਧਰਮ ਦੇ ਨਾਮ ਤੇ ਪਲਦੀਆਂ ਜੋ ,

ਤੋੜ ਸੁੱਟਣੀਆਂ ਪੈਣੀਆਂ ਬਾਹਰ ਲੋਕੋ ।।

ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)

Monday, June 6, 2011

ਅਜੋਕੇ-ਪ੍ਰਬੰਧਕ


ਅਜੋਕੇ-ਪ੍ਰਬੰਧਕ
ਗੁਰਦਵਾਰਿਆਂ ਵਿੱਚ ਘੁਸਪੈਠ ਕਰਕੇ ,
ਭੇਖੀ ਕਿਹੋ ਜਿਹੇ ਚੰਦ ਚੜ੍ਹਾਉਣ ਲੱਗ ਪਏ ।
ਅਖਾਉਤੀ ਚੌਧਰ ਤੇ ਪਕੜ ਵਧਾਉਣ ਖਾਤਿਰ ,
ਬੁੱਧੂ ਸੰਗਤ ਨੂੰ ਦੇਖੋ ਬਣਾਉਣ ਲੱਗ ਪਏ ।
ਗੁਰਦਵਾਰੇ ਸਕੂਲ ਗੁਰ-ਗਿਆਨ ਦੇ ਸੀ ,
ਪੂਜਾ ਨਾਲ ਹੀ ਸੰਗਤ ਪਰਚਾਉਣ ਲੱਗ ਪਏ ।
ਗੁਰੂ ਗ੍ਰੰਥ ਜੀ ਨੂੰ ਚੈਲੇਂਜ ਕਰਨ ਵਾਲੇ ,
ਡੇਰੇ ਮਾਰਕਾ ਸਾਧ ਲਿਆਉਣ ਲੱਗ ਪਏ ।
ਪੁਰਾਤਨ ਪੋਥੀਆਂ ਦੇ ਦਰਸ਼ਣ ਆਖਕੇ ਤੇ ,
ਬਚਿੱਤਰ ਨਾਟਕ ਨੂੰ ਮੱਥੇ ਟਿਕਾਉਣ ਲੱਗ ਪਏ ।
ਕਰਮ ਗੁਰੂ ਦੀ ਮੱਤ ਨਾਲ ਕਰਨ ਨਾਲੋਂ ,
ਦਿੱਖ-ਭੇਖ ਨੂੰ ਕੇਵਲ ਵਡਿਆਉਣ ਲੱਗ ਪਏ ।
ਪਿੱਠ ਕਰਕੇ ਗੁਰੂ ਦੇ ਫਲਸਫੇ ਵੱਲ ,
ਕੇਵਲ ਗੋਲਕ-ਵਪਾਰ ਚਲਾਉਣ ਲੱਗ ਪਏ ।
ਗੁਰੂ-ਗਿਆਨ ਦੀ ਮਹਿਕ ਖਿੰਡਾਉਣ ਨਾਲੋਂ ,
ਪਾਠਾਂ-ਭੋਗਾਂ ਦੀ ਸੇਲ ਲਗਾਉਣ ਲੱਗ ਪਏ ।
ਬਾਣੀ ਸਮਝ-ਸਮਝਾਕੇ ਪੜਨ ਨਾਲੋਂ ,
ਤੋਤਾ ਰਟਨੀ ਦੇ ਘੋੜੇ ਭਜਾਉਣ ਲੱਗ ਪਏ ।
ਛੱਡ ਕੇ ਨਿਮਰਤਾ,ਮਿੱਠਤ ਤੇ ਰਾਹ ਸੱਚਾ ,
ਨੀਤੀ ਖੇਡਣ ਤੇ ਅੱਗੇ ਖਿਡਾਉਣ ਲੱਗ ਪਏ ।
ਪੱਠੇ ਆਪਣੀ ਹਉਮੇ ਨੂੰ ਪਾ ਕੇ ਤੇ ,
ਸੇਵਾਦਾਰ ਦਾ ਭਰਮ ਜਤਲਾਉਣ ਲੱਗ ਪਏ ।
ਸੂਰਜ ਸੱਚ ਦਾ ਘੇਰ ,ਹੰਕਾਰ,ਬੱਦਲ ,
ਲੰਬੇ ਨ੍ਹੇਰ ਦਾ ਭਰਮ ਹੁਣ ਪਾਉਣ ਲੱਗ ਪਏ ।
ਡਾ ਗੁਰਮੀਤ ਸਿੰਘ ਬਰਸਾਲ( ਕੈਲੇਫੋਰਨੀਆਂ)
gsbarsal@gmail.com