ਅਜੋਕੇ-ਪ੍ਰਬੰਧਕ
ਗੁਰਦਵਾਰਿਆਂ ਵਿੱਚ ਘੁਸਪੈਠ ਕਰਕੇ ,
ਭੇਖੀ ਕਿਹੋ ਜਿਹੇ ਚੰਦ ਚੜ੍ਹਾਉਣ ਲੱਗ ਪਏ ।
ਅਖਾਉਤੀ ਚੌਧਰ ਤੇ ਪਕੜ ਵਧਾਉਣ ਖਾਤਿਰ ,
ਬੁੱਧੂ ਸੰਗਤ ਨੂੰ ਦੇਖੋ ਬਣਾਉਣ ਲੱਗ ਪਏ ।
ਗੁਰਦਵਾਰੇ ਸਕੂਲ ਗੁਰ-ਗਿਆਨ ਦੇ ਸੀ ,
ਪੂਜਾ ਨਾਲ ਹੀ ਸੰਗਤ ਪਰਚਾਉਣ ਲੱਗ ਪਏ ।
ਗੁਰੂ ਗ੍ਰੰਥ ਜੀ ਨੂੰ ਚੈਲੇਂਜ ਕਰਨ ਵਾਲੇ ,
ਡੇਰੇ ਮਾਰਕਾ ਸਾਧ ਲਿਆਉਣ ਲੱਗ ਪਏ ।
ਪੁਰਾਤਨ ਪੋਥੀਆਂ ਦੇ ਦਰਸ਼ਣ ਆਖਕੇ ਤੇ ,
ਬਚਿੱਤਰ ਨਾਟਕ ਨੂੰ ਮੱਥੇ ਟਿਕਾਉਣ ਲੱਗ ਪਏ ।
ਕਰਮ ਗੁਰੂ ਦੀ ਮੱਤ ਨਾਲ ਕਰਨ ਨਾਲੋਂ ,
ਦਿੱਖ-ਭੇਖ ਨੂੰ ਕੇਵਲ ਵਡਿਆਉਣ ਲੱਗ ਪਏ ।
ਪਿੱਠ ਕਰਕੇ ਗੁਰੂ ਦੇ ਫਲਸਫੇ ਵੱਲ ,
ਕੇਵਲ ਗੋਲਕ-ਵਪਾਰ ਚਲਾਉਣ ਲੱਗ ਪਏ ।
ਗੁਰੂ-ਗਿਆਨ ਦੀ ਮਹਿਕ ਖਿੰਡਾਉਣ ਨਾਲੋਂ ,
ਪਾਠਾਂ-ਭੋਗਾਂ ਦੀ ਸੇਲ ਲਗਾਉਣ ਲੱਗ ਪਏ ।
ਬਾਣੀ ਸਮਝ-ਸਮਝਾਕੇ ਪੜਨ ਨਾਲੋਂ ,
ਤੋਤਾ ਰਟਨੀ ਦੇ ਘੋੜੇ ਭਜਾਉਣ ਲੱਗ ਪਏ ।
ਛੱਡ ਕੇ ਨਿਮਰਤਾ,ਮਿੱਠਤ ਤੇ ਰਾਹ ਸੱਚਾ ,
ਨੀਤੀ ਖੇਡਣ ਤੇ ਅੱਗੇ ਖਿਡਾਉਣ ਲੱਗ ਪਏ ।
ਪੱਠੇ ਆਪਣੀ ਹਉਮੇ ਨੂੰ ਪਾ ਕੇ ਤੇ ,
ਸੇਵਾਦਾਰ ਦਾ ਭਰਮ ਜਤਲਾਉਣ ਲੱਗ ਪਏ ।
ਸੂਰਜ ਸੱਚ ਦਾ ਘੇਰ ,ਹੰਕਾਰ,ਬੱਦਲ ,
ਲੰਬੇ ਨ੍ਹੇਰ ਦਾ ਭਰਮ ਹੁਣ ਪਾਉਣ ਲੱਗ ਪਏ ।
ਡਾ ਗੁਰਮੀਤ ਸਿੰਘ ਬਰਸਾਲ( ਕੈਲੇਫੋਰਨੀਆਂ)
gsbarsal@gmail.com