Tuesday, January 25, 2011

ਨਾਨਕਸ਼ਾਹੀ-ਕੈਲੰਡਰ

ਨਾਨਕਸ਼ਾਹੀ-ਕੈਲੰਡਰ


‘ਚੰਦ-ਬਿਕਰਮੀ’ ਨਾਲ ਜੇ ਸਾਲ ਮਿਣੀਏ ,

‘ਸੂਰਜ-ਬਿਕਰਮੀ’ ਨਾਲੋਂ ਇਹ ਘਟ ਜਾਂਦਾ ।

ਦਿਨ-ਦਿਹਾਰ ਜੇ ਚੰਦ ਨਾਲ ਫਿਕਸ ਕਰੀਏ ,

ਆਉਂਦੇ ਸਾਲ ਇਹ ਪਾਸਾ ਹੀ ਵਟ ਜਾਂਦਾ ।

ਨਵੇਂ ਯੁੱਗ ਦੇ ਨਵੇਂ ਕੈਲੰਡਰ ਤਾਈਂ ,

‘ਨਾਨਕ-ਸ਼ਾਹੀ’ ਦੇ ਨਾਲ ਸਨਮਾਨ ਮਿਲਿਆ ;

ਬਰ੍ਹਾਮਣ –ਜੰਤਰੀ ਖੋਲ ਕੇ ਪੁੱਛਣੇ ਦਾ ,

ਸਦਾ ਵਾਸਤੇ ਝੰਜਟ ਹੀ ਹਟ ਜਾਂਦਾ ।

Monday, January 17, 2011

ਸੰਪਾਦਨਾ ਬਨਾਮ ਵਿਆਕਰਣਿਕ ਦਰੁੱਸਤੀਆਂ

ਸੰਪਾਦਨਾ ਬਨਾਮ ਵਿਆਕਰਣਿਕ ਦਰੁੱਸਤੀਆਂ

ਮਹਾਨ ਕੋਸ਼ ਦੇ ਰਚੇਤਾ ਭਾਈ ਕਾਨ ਸਿੰਘ ਜੀ ਨਾਭਾ ਅਨੁਸਾਰ ਕਿਸੇ ਚੀਜ਼ ਨੂੰ ਪੈਦਾ ਕਰਨ ਵਾਲਾ,ਕੰਮ ਚਲਾਉਣ ਵਾਲਾ,ਕਾਰਕੁਨ,ਤਿਆਰ ਕਰਨ ਵਾਲਾ ,ਪੁਸਤਕ ਅਥਵਾ ਅਖਬਾਰ ਦੇ ਮਜ਼ਬੂਨਾ ਨੂੰ ਕ੍ਰਮ ਅਨੁਸਾਰ ਜੋੜਨ ਵਾਲਾ ਸੰਪਾਦਕ ਅਖਵਾਉੰਦਾ ਹੈ । ਇੱਕ ਤੋਂ ਜਿਆਦਾ ਲਿਖਾਰੀਆਂ ਦੀਆਂ ਸਾਂਝੀਆਂ ਰਚਨਾਵਾਂ ਨੂੰ ਇਕੱਠਿਆਂ ਕਰਕੇ ਇੱਕ ਹੀ ਜਿਲਦ ਵਿੱਚ ਬੰਨਣਾ ਸੰਪਾਦਿਤ ਕਰਨਾ ਹੁੰਦਾ ਹੈ । ਸੋ ਕਿਸੇ ਵੀ ਹਾਲਤ ਵਿੱਚ ਕਿਸੇ ਦੇ ਸੰਪਾਦਿਤ ਕੀਤੇ ਹੋਏ ਕੰਮ ਵਿੱਚ ਵਿਆਕਰਣਿਕ ਦਰੁਸਤੀਆਂ ਕਰਨ ਨੂੰ ਮੁੜ-ਸੰਪਾਦਨਾ ਕਰਨਾ ਨਹੀਂ ਕਿਹਾ ਜਾ ਸਕਦਾ ।

Tuesday, January 4, 2011

ਨਵੇਂ ਸਾਲ ਵਾਲੀ ਥੋਨੂੰ ਹੈ ਵਧਾਈ ਲੇਖਕੋ।

ਨਵੇਂ ਸਮੇਂ ਵਾਲੀ ਥੋਨੂੰ ਹੈ ਵਧਾਈ ਲੇਖਕੋ।

ਰੁੱਤ ਨਵਿਆਂ ਵਿਚਾਰਾਂ ਵਾਲੀ ਆਈ ਲੇਖਕੋ॥


ਗੁਰੂ ਗ੍ਰੰਥ ਜੀ ਦੀ ਦਿੱਤੀ ਹੋਈ ਸਿਖਿਆ ਦੇ ਸੰਗ।

ਤੁਸੀ ਘੋਖਣੇ ਨੇ ਆਉਣ ਵਾਲੇ ਸਮਿਆਂ ਦੇ ਰੰਗ।

ਕਿਹੜੇ ਸਾਂਭਣੇ ਤੇ ਕਿੰਨ੍ਹਾਂ ਦੀ ਵਿਦਾਈ ਲੇਖਕੋ॥


ਪੈਣੇ ਕਰਨੇ ਇਹ ਠੀਕ ਭਾਵੇਂ ਅੱਜ ਭਾਵੇਂ ਕੱਲ।

ਹੋਣਾ ਲੱਖਾਂ ਮੁਦਿਆਂ ਦਾ ਇਕੋ ਝਟਕੇ 'ਚ ਹੱਲ।

ਜਦੋ ਕਸਵੱਟੀ ਬਾਣੀ ਦੀ ਲਗਾਈ ਲੇਖਕੋ॥


ਇਕ ਪਾਸੇ ਹੈ ਕਲਮ ਦੂਜੇ ਪਾਸੇ ਤਲਵਾਰ।

ਹੁੰਦਾ ਤਲਵਾਰ ਨਾਲੋਂ ਵੱਡਾ ਕਲਮ ਦਾ ਵਾਰ।

ਨਵੇ ਯੁੱਗ ਦੀ ਹੈ ਇਹੋ ਹੀ ਦੁਹਾਰੀ ਲੇਖਕੋ।


ਜਦੋ ਮੁੱਦਿਆਂ ਦੇ ਉੱਤੇ ਲਿਖ ਕਰੀਏ ਵਿਚਾਰ।

ਨਿਜੀ ਦੂਸ਼ਣ-ਬਾਜੀ ਨੂੰ ਉਦੋ ਰੱਖ ਲਈਏ ਬਾਹਰ।

ਵਾਧੂ ਕਰੀ ਦੀ ਨਹੀ ਕਲਮ-ਘਸਾਈ ਲੇਖਕੋ॥


ਲੱਗੀ ਸਿੱਖੀ ਨੂੰ ਸਿਉਂਕ ਉੱਤੇ ਕਲਮ ਚਲਾਇਓ।

ਲੁਟ ਖਾਣੀਆਂ ਜੋਕਾਂ ਦੇ ਫੜੇ ਕਿਰਤੀ ਛਡਾਇਓ।

ਸੱਚ-ਧਰਮ ਦੀ ਫੈਲੇ ਰੁਸ਼ਨਾਈ ਲੇਖਕੋ।


ਨਵੇਂ ਸਮੇ ਵਾਲੀ ਥੋਨੂੰ ਹੈ ਵਧਾਈ ਲੇਖਕੋ।

ਰੁਤ ਨਵਿਆਂ ਵਿਚਾਰਾਂ ਵਾਲੀ ਆਈ ਲੇਖਕੋ॥