Tuesday, January 4, 2011

ਨਵੇਂ ਸਾਲ ਵਾਲੀ ਥੋਨੂੰ ਹੈ ਵਧਾਈ ਲੇਖਕੋ।

ਨਵੇਂ ਸਮੇਂ ਵਾਲੀ ਥੋਨੂੰ ਹੈ ਵਧਾਈ ਲੇਖਕੋ।

ਰੁੱਤ ਨਵਿਆਂ ਵਿਚਾਰਾਂ ਵਾਲੀ ਆਈ ਲੇਖਕੋ॥


ਗੁਰੂ ਗ੍ਰੰਥ ਜੀ ਦੀ ਦਿੱਤੀ ਹੋਈ ਸਿਖਿਆ ਦੇ ਸੰਗ।

ਤੁਸੀ ਘੋਖਣੇ ਨੇ ਆਉਣ ਵਾਲੇ ਸਮਿਆਂ ਦੇ ਰੰਗ।

ਕਿਹੜੇ ਸਾਂਭਣੇ ਤੇ ਕਿੰਨ੍ਹਾਂ ਦੀ ਵਿਦਾਈ ਲੇਖਕੋ॥


ਪੈਣੇ ਕਰਨੇ ਇਹ ਠੀਕ ਭਾਵੇਂ ਅੱਜ ਭਾਵੇਂ ਕੱਲ।

ਹੋਣਾ ਲੱਖਾਂ ਮੁਦਿਆਂ ਦਾ ਇਕੋ ਝਟਕੇ 'ਚ ਹੱਲ।

ਜਦੋ ਕਸਵੱਟੀ ਬਾਣੀ ਦੀ ਲਗਾਈ ਲੇਖਕੋ॥


ਇਕ ਪਾਸੇ ਹੈ ਕਲਮ ਦੂਜੇ ਪਾਸੇ ਤਲਵਾਰ।

ਹੁੰਦਾ ਤਲਵਾਰ ਨਾਲੋਂ ਵੱਡਾ ਕਲਮ ਦਾ ਵਾਰ।

ਨਵੇ ਯੁੱਗ ਦੀ ਹੈ ਇਹੋ ਹੀ ਦੁਹਾਰੀ ਲੇਖਕੋ।


ਜਦੋ ਮੁੱਦਿਆਂ ਦੇ ਉੱਤੇ ਲਿਖ ਕਰੀਏ ਵਿਚਾਰ।

ਨਿਜੀ ਦੂਸ਼ਣ-ਬਾਜੀ ਨੂੰ ਉਦੋ ਰੱਖ ਲਈਏ ਬਾਹਰ।

ਵਾਧੂ ਕਰੀ ਦੀ ਨਹੀ ਕਲਮ-ਘਸਾਈ ਲੇਖਕੋ॥


ਲੱਗੀ ਸਿੱਖੀ ਨੂੰ ਸਿਉਂਕ ਉੱਤੇ ਕਲਮ ਚਲਾਇਓ।

ਲੁਟ ਖਾਣੀਆਂ ਜੋਕਾਂ ਦੇ ਫੜੇ ਕਿਰਤੀ ਛਡਾਇਓ।

ਸੱਚ-ਧਰਮ ਦੀ ਫੈਲੇ ਰੁਸ਼ਨਾਈ ਲੇਖਕੋ।


ਨਵੇਂ ਸਮੇ ਵਾਲੀ ਥੋਨੂੰ ਹੈ ਵਧਾਈ ਲੇਖਕੋ।

ਰੁਤ ਨਵਿਆਂ ਵਿਚਾਰਾਂ ਵਾਲੀ ਆਈ ਲੇਖਕੋ॥