Saturday, July 30, 2016

ਗੁਰਦਵਾਰਾ-ਚੋਣਾਂ !

ਗੁਰਦੁਆਰਾ ਚੋਣਾਂ !!
ਗੁਰਦੁਆਰੇ ਦੀਆਂ ਚੋਣਾਂ, ਜਦ ਤੋਂ ਆਈਆਂ ਨੇ ।
ਗੁਰਮਤਿ ਵਾਲੀਆਂ ਧੱਜੀਆਂ ਰੱਜ ਉਡਾਈਆਂ ਨੇ ।।
ਰਾਜਨੀਤੀ ਦੇ ਝੂਠੇ, ਪੈਂਤੜਿਆਂ ਨੇ ਆ,
ਸਿੱਖੀ ਅੰਦਰ ਕਿੱਲਾਂ ਖੂਬ ਵਿਛਾਈਆਂ ਨੇ ।
ਸੇਵਾ ਦਾ ਸੰਕਲਪ ਸਦਾ ਲਈ ਮੇਟਣ ਨੂੰ,
ਸੇਵਾਦਾਰੀਆਂ ਅਹੁਦਿਆਂ ਵਿੱਚ ਵਟਾਈਆਂ ਨੇ ।
ਚੌਧਰ ਵਾਲੇ ਨਸ਼ੇ ਨੂੰ ਪੂਰਿਆਂ ਕਰਨ ਲਈ,
ਚਾਣਕੀਆ ਦੀਆਂ ਨੀਤੀਆਂ ਸਭ ਅਪਣਾਈਆਂ ਨੇ ।
ਸੱਚਾ-ਝੂਠਾ  ਵੋਟਾਂ ਦੇ ਨਾਲ ਲੱਭਣਾਂ ਹੈ,
ਧਰਮ ਤੇ ਨੀਤੀ ਇੱਕੋ ਰਸਤੇ ਪਾਈਆਂ ਨੇ ।
ਉਮੀਦਵਾਰਾਂ ਲਈ ਕੋਈ ਵੀ ਕਿਰਦਾਰ ਨਹੀਂ,
ਬਾਹਰੋਂ ਦਿਖਦੀਆਂ ਸ਼ਰਤਾਂ ਹੀ ਬਸ ਲਾਈਆਂ ਨੇ ।
ਗੋਲਕ ਸਾਂਭ ਕਮੇਟੀ ਹੱਥ ਵਿੱਚ ਰੱਖਣ ਲਈ,
ਰਾਜਨੀਤਕ-ਜੀ ਦੇਂਦੇ ਖੂਬ ਵਧਾਈਆਂ ਨੇ ।
ਰਾਜਨੇਤਾ ਨੂੰ ਜਿੱਤੇ ਹੋਏ ਸਨਮਾਨਣਗੇ,
ਨਿੱਜੀ ਹਿੱਤਾਂ ਖਾਤਿਰ ਯਾਰੀਆਂ ਲਾਈਆਂ ਨੇ ।
ਹਾਰਨ ਵਾਲੇ ਧੜੇ ਨੇ ਗੁੱਸਾ ਕੱਢਣ ਲਈ,
ਰਹਿੰਦੀ ਪਾਰੀ ਪੱਟਦੇ ਰਹਿਣਾ ਖਾਈਆਂ ਨੇ ।
ਹਰ ਵਾਰੀ ਸੰਗਤ ਧੜਿਆਂ ਵਿੱਚ ਵੰਡ ਹੁੰਦੀ,
ਛੱਡਕੇ ਮਿੱਠਤ ਪਿਆਰ ਨਫਰਤਾਂ ਛਾਈਆਂ ਨੇ ।
ਜੇਕਰ ਸਿੱਖਾਂ ਹੱਲ ਬਦਲਵਾਂ ਨਾਂ ਲੱਭਿਆ,
ਹੋਣੀਆਂ ਏਥੇ ਮੁੜ-ਮੁੜ ਜੱਗ ਹਸਾਈਆਂ ਨੇ ।।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

Friday, July 22, 2016

ਨਿਰਾਕਾਰ

ਨਿਰਾਕਾਰ !
ਲਕੀਰ ਦਾ ਫਕੀਰ, ਬੰਦਾ, ਜਦੋਂ ਕਦੇ ਬਣਦਾ ਏ,
ਦੇਖਾ ਦੇਖੀ ਬਿਨਾ ਉਹਨੂੰ, ਕੁਝ ਵੀ ਨਾ ਭਾਉਂਦਾ ਜੀ ।
ਕਰਕੇ ਦਿਮਾਗ ਬੰਦ, ਕਿਸੇ ਪਿੱਛੇ ਲਾਈਨ ਵਿੱਚ ,
ਲੱਗਦਾ ਜੋ ਬੰਦਾ ਉਹ ਤਾਂ, ਭੇਡ ਅਖਵਾਉਂਦਾ ਜੀ ।।
ਸਾਡੇ ਗੁਰਾਂ ਸਾਨੂੰ ਸਦਾ, ਪੁੱਤ ਹੀ ਬਣਾਉਣਾ ਚਾਹਿਆ,
ਪੁੱਤਰਾਂ ਦਾ ਭੇਡਾਂ ਹੋਣਾ, ਕਿਹੜਾ ਗੁਰੂ ਚਾਹੁੰਦਾ ਜੀ ।
ਅੰਧ-ਵਿਸ਼ਵਾਸ ਭਰ, ਭੇਡਾਂ ਹੀ ਬਣਾਵੇ ਉਹ ਤਾਂ,
ਅੱਖਾਂ ਮਿਚਵਾ ਜੋ ਸੇਵਾ, ਆਪਦੀ ‘ਚ ਲਾਉਂਦਾ ਜੀ ।।
ਥਾਂ ਥਾਂ ਝੁਕਾਉਣ ਨਾਲੋਂ, ਵਰਤੋਂ ਸਿਰਾਂ ਦੀ ਕਰ,
ਬਣਨਾ ਵਿਵੇਕੀ ਸਾਨੂੰ, ਗੁਰੂ ਹੀ ਸਿਖਾਉਂਦਾ ਜੀ ।
ਦੇਹ ਧਾਰੀ ਗੁਰੂ ਸਦਾ, ਦੇਹ ਨਾਲ ਜੋੜਦੇ ਨੇ,
ਗਿਆਨ ਗੁਰੂ ਸਦਾ ਗਿਆਨਵਾਨ ਹੀ ਬਣਾਉਂਦਾ ਜੀ ।।
ਸੂਝਵਾਨ ਹੋਕੇ ਸਿੱਖ, ਜੱਗ ਵਿੱਚ ਰਹਿੰਦਾ ਜਦੋਂ,
ਸਮਝ ਗੁਰੂ ਦੀ ਮੱਤ, ਅੱਗੇ ਸਮਝਾਉਂਦਾ ਜੀ ।
ਬੰਦੇ ਅਤੇ ਗੁਰੂ ਵਿੱਚੋਂ, ਦੇਹ ਜਦੋਂ ਪਾਸੇ ਹੁੰਦੀ,
ਨਿਰਾਕਾਰ ਰੱਬ ਉਦੋਂ, ਸਮਝ `ਚ ਆਉਂਦਾ ਜੀ ।।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

Wednesday, July 13, 2016

ਸੱਚ ਅਤੇ ਕੁਦਰਤ !

ਸੱਚ ਅਤੇ ਕੁਦਰਤ !!
ਖਾਲਕ ਨੂੰ ਜੇ ਖਲਕਤ “ਸੱਚ” ਦਾ ਨਾ ਦਿੰਦੀ,
ਕੁਦਰਤ ਸੱਚ ਦੇ ਨਿਯਮਾ ਦੀ ਪਰਛਾਈ ਹੈ ।
ਨਿਯਮਾਂ ਦੇ ਨਾਲ ਤੁਰਨਾ ਸੱਚ ਦੀ ਸੰਗਤ ਹੈ,
ਨਿਯਮ ਤੋੜਨਾ ਸੱਚ ਨਾਲ ਬੇ-ਵਫਾਈ ਹੈ ।
ਜੀਵਨ ਇਸੇ ਨਿਯਮ ਦਾ ਹੀ ਇੱਕ ਹਿੱਸਾ ਹੈ,
ਬੰਦਾ ਵੀ ਇਸ ਜੀਵਨ ਦਾ ਗੁਰ ਭਾਈ ਹੈ ।
ਦੇਹ ਅੰਦਰ ਵੀ ਨਿਯਮ ਸੱਚ ਦਾ ਚਲਦਾ ਹੈ,
ਕਥਨੀ ਕਰਨੀ ਵੱਖ ਤਾਂ ਇੱਕ ਬੁਰਾਈ ਹੈ ।
ਜਦ ਵੀ ਬੰਦੇ ਮੂੰਹੋਂ ਝੂਠ ਸੁਣਾਇਆ ਹੈ,
ਅੰਦਰੋਂ ਉਸ ਨੇ ਹਾਮੀ ਨਹੀਂ ਜਿਤਾਈ ਹੈ ।
ਦਰਦ ਨਾਲ ਫਿਰ ਮਨ ਦੀਆਂ ਨਾੜਾਂ ਤਣੀਆਂ ਨੇ,
ਅੰਦਰੋਂ-ਅੰਦਰੀ ਹਲ-ਚਲ ਝੂਠ ਮਚਾਈ ਹੈ ।
ਪਾਕੇ ਗਲਤ ਇਸ਼ਾਰੇ ਸੂਖਮ ਨਾੜਾਂ ਨੇ,
ਜਹਿਰ ਅੰਦਰਲੇ ਅੰਗਾਂ ਤੇ ਵਰਸਾਈ ਹੈ ।
ਨਿਯਮੋ ਬਾਹਰੇ ਹੋ ਸਬੰਧਤ ਅੰਗਾਂ ਨੇ,
ਲੋੜੋਂ ਵੱਖਰੀ ਚਕਰੀ ਫੇਰ ਘੁਮਾਈ ਹੈ ।
ਤਨ ਸੰਚਾਲਣ ਵਾਲੀ ਕਿਰਿਆ ਨੇ ਘਟਕੇ,
ਸ਼ਕਤੀ ਹਰ ਇਕ ਅੰਗ ਦੀ ਸਗੋਂ ਘਟਾਈ ਹੈ ।
ਬਾਹਰੋਂ ਭਾਵੇਂ ਦੇਖਣ ਨੂੰ ਤਨ ਠੀਕ ਲਗੇ,
ਕਈ ਅੰਗਾਂ ਤੇ ਅੰਦਰੋਂ ਪੀੜਾ ਛਾਈ ਹੈ ।
ਹਰ ਸੱਚਾ ਵੀ ਤੰਦਰੁਸਤ ਤੇ ਨਹੀਂ ਹੁੰਦਾ,
ਲੇਕਨ ਝੂਠ ਨੇ ਆਪਣੀ ਸਿਹਤ ਗਵਾਈ ਹੈ।
ਤੰਦਰੁਸਤੀ ਦੇ ਮੌਕੇ ਉਸਦੇ ਜਿਆਦਾ ਨੇ,
ਜਿਸਨੇ ਘੁੱਟਕੇ ਸੱਚ ਨੂੰ ਜੱਫੀ ਪਾਈ ਹੈ।
ਬੰਦਾ ਕੇਵਲ ਸੱਚ ਬੋਲਣ ਲਈ ਬਣਿਆ ਹੈ,
ਝੂਠ ਬੋਲ ਉਸ ਕੁਦਰਤ ਸਗੋਂ ਰੁਸਾਈ ਹੈ ।

ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)