Sunday, October 24, 2010

ਫੇਸ-ਬੁੱਕ

ਫੇਸ-ਬੁੱਕ


ਮੈਨੂੰ ਫੇਸ -ਬੁੱਕ ਜਾਪੇ, ਪੇਂਡੂ ਸੱਥ ਵਰਗੀ ।।

ਮਾਰੀ ਮਿਤਰਾਂ ‘ਨਾ ਖੁੰਢਾਂ ਉੱਤੇ ਗੱਪ ਵਰਗੀ ।।



ਲੋਕੀਂ ਲੱਭ ਕੇ ਕਲਿਪਾਂ ਦਿਲ ਛੂੰਹਦੀਆਂ ਦਿਖਾਉਂਦੇ ।

ਕਈ ਸ਼ੇਅਰਾਂ ਤੇ ਕੁਮੈਂਟਾਂ ਨਾਲ ਮਾਣ ਨੇ ਵਧਾਉਂਦੇ ।

ਸਾਰੀ ਗੱਲ ਹੈ ਕਲਾਤਮਕ ਹੱਥ ਵਰਗੀ ।।

ਮੈਨੂੰ ਫੇਸ -ਬੁੱਕ ਜਾਪੇ, ਪੇਂਡੂ ਸੱਥ ਵਰਗੀ ।।



ਕਈ ਗੱਲ ਕਰਦੇ ਨੇ ਬੜੀ ਹੀ ਵੀਚਾਰ ਕੇ ।

ਕਈ ਗਾਲਾਂ ਲਿੱਖ ਜਾਂਦੇ ਦੂਜੇ ਦੀ ਦੀਵਾਰ ਤੇ ।

ਹੁੰਦੀ ਸੂਝ ਹੈ ਮਹੌਲ ਵਾਲੀ ਮੱਤ ਵਰਗੀ ।।

ਮੈਨੂੰ ਫੇਸ -ਬੁੱਕ ਜਾਪੇ, ਪੇਂਡੂ ਸੱਥ ਵਰਗੀ ।।



ਕਈ ਚੋਰੀ ਕਰ ਆਈਡੀ ਗੱਲਾਂ ਹੈਕ ਕਰ ਜਾਂਦੇ ।

ਝੂਠੀ ਆਈਡੀ ਨਾਲ ਚਿੱਟੇ ਨੂੰ ਬਲੈਕ ਕਰ ਜਾਂਦੇ ।

ਨਵੀਂ ਤਕਨੀਕ ਔਖੀ ਪੈਂਦੀ ਨੱਥ ਵਰਗੀ ।।

ਮੈਨੂੰ ਫੇਸ -ਬੁੱਕ ਜਾਪੇ, ਪੇਂਡੂ ਸੱਥ ਵਰਗੀ ।।



ਪਹਿਲਾਂ ਅੱਖਾਂ ਮੀਚ ਸਾਰਿਆਂ ਨੂੰ ਦੋਸਤ ਬਣਾਉਂਦੇ ।

ਪਿੱਛੋਂ ਕਰ ਕੇ ਡਲੀਟ ਨੇ ਬਲਾਕ ਕਰਵਾਉਂਦੇ ।

ਜੱਭ ਮੁੱਕਦੀ ਵਿਰੋਧ ਤੇ ਕੁਪੱਤ ਵਰਗੀ ।।

ਮੈਨੂੰ ਫੇਸ -ਬੁੱਕ ਜਾਪੇ, ਪੇਂਡੂ ਸੱਥ ਵਰਗੀ ।।



ਆਓ ਫੇਸ ਬੁੱਕ ਉੱਤੇ ਚੰਗੇ ਦੋਸਤ ਬਣਾਈਏ ।

ਕੁਝ ਸਿੱਖੀਏ ਨਵਾਂ ਤੇ ਕੁਝ ਹੋਰਾਂ ਨੂੰ ਸਿਖਾਈਏ ।

ਬੋਲੀ ਮਿੱਠੀ ਰੱਖੋ ਸੱਜਣਾ ਦੇ ਖਤ ਵਰਗੀ ।।

ਮੈਨੂੰ ਫੇਸ -ਬੁੱਕ ਜਾਪੇ, ਪੇਂਡੂ ਸੱਥ ਵਰਗੀ ।।

Tuesday, October 19, 2010

ਅਨੁਸ਼ਾਸ਼ਨੀ-ਕਾਰਵਾਈ

ਅਨੁਸ਼ਾਸ਼ਨੀ-ਕਾਰਵਾਈ


ਸਾਥੋਂ ਪੁੱਛੇ ਬਗੈਰ ਜੋ ਕਦਮ ਪੁੱਟੂ ,

ਕਦਮ ਉਸਦਾ ਅੱਗੇ ਨਹੀਂ ਪਇਣ ਦੇਣਾ ।

ਰਾਜ ਜਾਂਵਦਾ ਏ ਤਾਂ ਚਲਾ ਜਾਏ ,

ਬਿਪਰ ਯਾਰ ਨੂੰ ਮੰਦਾ ਨਹੀਂ ਕਹਿਣ ਦੇਣਾ ।

ਕਰੂ ਜੇਕਰ ਤਰੱਕੀ ਦੀ ਗੱਲ ਕੋਈ ,

ਕਾਰਵਾਈ ਅਨੁਸ਼ਾਸ਼ਨੀ ਕਰ ਦਿਆਂਗੇ ,

ਕਾਲੀ ਦਲ ਭਾਵੇਂ ਖਾਲੀ ਦਲ ਬਣਜੇ ,

ਸੂਝਵਾਨ ਨਹੀਂ ਇੱਕ ਵੀ ਰਹਿਣ ਦੇਣਾ ।

Sunday, October 17, 2010

ਸੰਵਿਧਾਨ-ਸੋਧ

ਸੰਵਿਧਾਨ-ਸੋਧ


ਤੱਤ ਗੁਰਮਤਿ ਦੀ ਜਦੋਂ ਦੀ ਲਹਿਰ ਚੱਲੀ ,

ਹੋਸ਼ ਉੱਡ ਗਏ ਜਾਪਣ ਸਰਕਾਰ ਦੇ ਨੇ ।

ਗੁਰੂ ਗ੍ਰੰਥ ਦੀ ਸੇਧ ਸਮਝਾਉਣ ਵਾਲੇ ,

ਕਿੱਦਾਂ ਰੋਕਣੇ ਬੈਠ ਵਿਚਾਰਦੇ ਨੇ ।

ਮਜ਼ਹਬੀ ਆਗੂਆਂ ਨਾਲ ਗੰਡ-ਤੁੱਪ ਕਰਕੇ ,

ਕਦੇ ਹੁਕਮਨਾਮੇ , ਕਦੇ ਸੋਧ-ਨੀਤੀ ;

ਵਿਚਾਰ-ਹੀਣਾਂ ਦੀ ਸ਼ਰਧਾ ਦੀ ਆੜ ਥੱਲੇ ,

ਡੇਰੇ-ਜੋਤਸ਼ੀ-ਸਾਧ ਪਰਚਾਰਦੇ ਨੇ ।