Friday, August 28, 2015

ਗਿਆਨ ਦੀ ਨ੍ਹੇਰੀ

ਗਿਆਨ ਦੀ ਨ੍ਹੇਰੀ !!
ਉਲਟੀ ਗੰਗਾ ਪਹੋਏ ਨੂੰ ਵਹਿਣ ਲੱਗੀ,
ਜੱਗ ਵਾਸੀ ਹੈਰਾਨ ਹੋ ਦੇਖਦੇ ਨੇ ।
ਅਨਪੜਾਂ ਦੇ ਘੜੇ ਹੋਏ ਡੇਰਿਆਂ ਤੇ,
ਪੜੇ-ਲਿਖੇ ਲੋਕੀਂ ਮੱਥੇ ਟੇਕਦੇ ਨੇ ।
ਸੱਚ ਧਰਮ ਤੇ ਗਿਆਨ ਦੇ ਰਲ਼ ਦੁਸ਼ਮਣ,
ਪੰਥ ਵਿੱਚੋਂ ਵਿਦਵਾਨਾ ਨੂੰ ਛੇਕਦੇ ਨੇ ।
ਜੱਗ ਜਾਣਦਾ ਲੋਕ ਗਲੀਲੀਓ ਨੂੰ,
ਸੱਚ ਬੋਲਣ ਤੇ ਅੱਗ ਵਿੱਚ ਸੇਕਦੇ ਨੇ ।।
ਜਿਵੇਂ ਰੋਸ਼ਨੀ ਚੱਲਕੇ ਸੂਰਜ ਕੋਲੋਂ,
ਸਦਾ ਬੱਦਲਾਂ ਪਿੱਛੇ ਨਹੀਂ ਛੁਪ ਸਕਦੀ ।
ਤਿਵੇਂ ਸਦੀਆਂ ਦੀ ਛਾਈ ਅਗਿਆਨਤਾ ਵੀ,
ਨ੍ਹੇਰੀ ਗਿਆਨ ਦੀ ਅੱਗੇ ਨਹੀਂ ਰੁਕ ਸਕਦੀ ।।

ਡਾ ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

Sunday, August 23, 2015

ਬਿਪਰੀ-ਜੜ

ਬਿਪਰੀ-ਜੜ !!
ਆਪਣੇ ਜੀਵਨ ਵਿੱਚੋਂ ਸੱਚ ਪ੍ਰਗਟਾ ਪਹਿਲਾਂ ।
ਮੱਤਾਂ ਦੇਵਣ ਨਾਲੋਂ ਖੁਦ ਅਪਣਾ ਪਹਿਲਾਂ ।।
ਜੇ ਨਾਨਕ ਦੀ ਮੁੜ ਪ੍ਰਤੀਤੀ ਪਾਉਣੀ ਹੈ,
ਬਿਪਰਨ ਦੀ ਹਰ ਰੀਤ ਨੂੰ ਮਾਰ ਮੁਕਾ ਪਹਿਲਾਂ ।
ਨਾਨਕ ਨਾਮ ਜਹਾਜ ਨਾਲ ਜੱਗ ਤਰਨੇ ਲਈ,
ਬਿਪਰਾਂ ਕੀਤਾ ਹਰ ਇੱਕ ਛੇਕ ਮਿਟਾ ਪਹਿਲਾਂ ।
ਜੀਵਨ ਦੇ ਹਰ ਖੇਤਰ ਵਿੱਚ ਜੋ ਬੈਠੀ ਹੈ,
ਐਸੀ ਬਿਪਰੀ-ਸੋਚ ਤੋਂ ਜਾਨ ਛੁਡਾ ਪਹਿਲਾਂ ।
ਮਜਹਬਾਂ ਵਾਲੀ ਨਕਲ ਮਾਰਨੀ ਛੱਡਕੇ ਤੂੰ,
ਸੱਚ-ਧਰਮ ਦਾ ਵੱਖਰਾਪਣ ਦਿਖਲਾ ਪਹਿਲਾਂ ।
ਗੱਲੀਂ ਬਾਤੀਂ ਤੇਜ ਗੁਰੂ ਦਾ ਮਿਲਣਾ ਨਾ,
ਗੁਰੂ ਸੁਝਾਇਆ ਨਿਆਰਾ ਤਾਂ ਬਣ ਜਾ ਪਹਿਲਾਂ ।
ਜੇਕਰ ਸਿੱਖਾ ਬਿਪਰ ਤੋਂ ਹੱਡ ਛਡਾਉਣੇ ਨੇ ,
ਮਨ ਵਿੱਚ ਵਸਦੇ ਬਿਪਰ ਨੂੰ ਫੜਕੇ ਢਾਹ ਪਹਿਲਾਂ ।
ਬਾਹਰੋਂ ਲੜਿਆਂ ਬਿਪਰ ਕਦੇ ਵੀ ਮੁੱਕਣਾ ਨਾ,
ਮਨ ਵਿੱਚ ਪੱਸਰੀ ਇਸਦੀ ਜੜ ਸੁਕਾ ਪਹਿਲਾਂ ।।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

Sunday, August 16, 2015

ਕਲਮ

ਕਲਮ !!
ਕਦੇ ਕੋਈ ਗੀਤ ਬਣਦੀ ਏ, ਕਦੇ ਤਕਰੀਰ ਬਣਦੀ ਏ,
ਕਦੇ ਹੱਕੀ ਸੰਘਰਸ਼ਾਂ ਦੀ ਕਲਮ ਤਕਦੀਰ ਬਣਦੀ ਏ ।
ਸਮੇਂ ਦੀ ਚਾਲ ਦੇ ਸਦਕੇ ਲੜਨ ਦੇ ਰੂਪ ਬਦਲੇ ਨੇ,
ਜੇਕਰ ਵਰਤਣੀ ਆਵੇ ਕਲਮ ਸ਼ਮਸ਼ੀਰ ਬਣਦੀ ਏ ।
ਭਾਵੇਂ ਕੁਝ ਲੋਕ ਲੜਦੇ ਨੇ, ਭਾਵੇਂ ਕੁਝ ਦੇਸ ਲੜਦੇ ਨੇ,
ਆਖਿਰ ਫੈਸਲਾ ਤਾਂ ਕਲਮ ਦੀ ਲਕੀਰ ਬਣਦੀ ਏ ।
ਰੋਮ ਜਲ ਰਿਹਾ ਹੋਵੇ ਤਾਂ ਨੀਰੋ ਬੰਸੁਰੀ ਚੁੱਕਦਾ,
ਉਹਦੀ ਤਰਜ ਕਿਸੇ ਕਲਮ ਦੀ ਤਾਸੀਰ ਬਣਦੀ ਏ ।
ਜਦੋਂ ਸੰਗੀਤ ਦੀ ਧੁਨ ਤੇ ਲਗਾਉਂਦਾ ਜੋਰ ਪਾਬੰਦੀਆਂ,
ਉਦੋਂ ਇਹ ਆਪ ਹੀ ਰਾਂਝਾ ਤੇ ਆਪੇ ਹੀਰ ਬਣਦੀ ਏ ।
ਜਦੋਂ ਕੋਈ ਆਣਕੇ ਬਾਬਰ ਸਮੇਂ ਦਾ ਬਣ ਜਾਏ ਜਾਬਰ,
ਉਦੋਂ ਕੋਈ ਕਲਮ ਹੀ ਮਜਲੂਮ ਦੇ ਲਈ ਧੀਰ ਬਣਦੀ ਏ ।
ਜਦੋਂ ਵੀ ਹੱਕ ਸੱਚ ਤੇ ਧਰਮ ਦਾ ਕਤਲਿਆਮ ਹੁੰਦਾ ਏ,
ਸੁੱਤੀ ਅਣਖ ਲਈ ਕੋਈ ਕਲਮ ਤਿੱਖਾ ਤੀਰ ਬਣਦੀ ਏ ।
ਸੱਚੀ ਕਲਮ ਤਾਂ ਅਕਸਰ ਜੋ ਸੱਚੀ ਬਾਤ ਪਾਉਂਦੀ ਏ,
ਸੰਘਰਸ਼ੀ ਉਥਲ-ਪੁਥਲ ਦੀ ਸੱਚੀ ਤਸਵੀਰ ਬਣਦੀ ਏ ।
ਇਕੱਲੇ ਜੋਸ਼ ਨੂੰ ਇਹ ਹੋਸ਼ ਦਾ ਰਸਤਾ ਦਿਖਾਉਂਦੀ ਏ,
ਢੇਰੀ ਢਾਉਣ ਵਾਲੇ ਲਈ ਕਲਮ ਤਦਬੀਰ ਬਣਦੀ ਏ ।।

ਡਾ ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

Saturday, August 8, 2015

ਚੋਣ!!

ਚੋਣ !!
ਬਾਬੇ ਨਾਨਕ ਜਾਨਸ਼ੀਨ ਕਿੰਝ ਚੁਣਿਆਂ ਸੀ,
ਬਾਕੀ ਗੁਰੂਆਂ ਨੀਤੀ ਓਹੀਓ ਧਾਰੀ ਸੀ ।
ਦਸਵੇਂ ਨਾਨਕ ਪੰਜ ਸਿੰਘਾਂ ਨੂੰ ਚੁਣਨ ਸਮੇ,
ਸਿਰ ਦੇਵਣ ਦੀ ਵਾਜ ਸੰਗਤ ਵਿੱਚ ਮਾਰੀ ਸੀ ।
ਜੱਥੇਦਾਰਾਂ ਜਰਨੈਲਾਂ ਦੀ ਚੋਣ ਸਮੇ,
ਸਿੱਖਾਂ ਦੀ ਹਰ ਯੋਗਤਾ ਗਈ ਵਿਚਾਰੀ ਸੀ ।
ਬਹੁ-ਸੰਮਤੀ ਤੋਂ ਸਰਬ-ਸੰਮਤੀ ਉੱਪਰ ਸੀ ,
ਗੁਣਾ ਦਾ ਪਲੜਾ ਗਿਣਤੀ ਨਾਲੋਂ ਭਾਰੀ ਸੀ ।
ਵਿਚਾਰਧਾਰਾ ਪ੍ਰਧਾਨ ਸਦਾ ਸੀ ਨਿੱਜ ਨਾਲੋਂ,
ਤਾਹੀਓਂ ਪੰਚ-ਪ੍ਰਧਾਨੀ ਗਈ ਸਤਿਕਾਰੀ ਸੀ ।
ਲੋਕ-ਤੰਤਰ ਤੇ ਸਿੱਖੀ ਵਿਚਲਾ ਫਰਕ ਇਹੋ,
ਸਿਰਾਂ ਦੀ ਗਿਣਤੀ ਨਾਲੋਂ ਬੁੱਧ ਸਵਿਕਾਰੀ ਸੀ ।
ਹਰ ਅਹੁਦਾ ਸੰਗਤ ਤੋਂ ਰਹਿੰਦਾ ਛੋਟਾ ਸੀ,
 ਸੇਵਾ ਵੀ ਨਿਸ਼ਕਾਮੀ, ਪਰ-ਉਪਕਾਰੀ ਸੀ ।
ਸਹਿਣਸ਼ੀਲਤਾ, ਮਿੱਠਤ ਅਤੇ ਨਿਮਰਤਾ ਸੀ,
ਅੱਜ ਵਾਂਗੂ ਨਾ ਅਹੁਦਾ ਕੋਈ ਹੰਕਾਰੀ ਸੀ ।
ਨਿੱਜ ਨੂੰ ਛੱਡਕੇ ਭਲਾ ਜਗਤ ਦਾ ਮੰਗਦੀ ਜੋ ,
ਗੁਰਮਤਿ ਬਖਸ਼ੀ ਨੀਤੀ ਬਹੁਤ ਪਿਆਰੀ ਸੀ ।
ਜਦ ਤੋਂ ਸਿੱਖਾਂ ਗੁਰਮਤਿ-ਜੁਗਤੀ ਛੱਡੀ ਹੈ,
ਤਦ ਤੋਂ ਹੋਈ ਸ਼ੁਰੂ ਖੱਜਲ ਤੇ ਖੁਆਰੀ ਸੀ ।।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)