Monday, January 30, 2012

ਬ੍ਰਾਹਮਣਬਾਦ ਬਨਾਮ ਪੁਜਾਰੀਬਾਦ ।।


ਬ੍ਰਾਹਮਣਬਾਦ ਬਨਾਮ ਪੁਜਾਰੀਬਾਦ  ।।

ਬ੍ਰਾਹਮਣ ਦਾ ਸ਼ਬਦੀ ਅਰਥ ਬ੍ਰਹਿਮ ਦੀ ਵਿਚਾਰ ਕਰਨ ਵਾਲਾ ਹੁੰਦਾ ਹੈ ।

ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ (ਪੰਨਾ 1127)

ਪਰ ਇਸਦਾ ਮਤਲਬ ਹਰਗਿਜ਼ ਇਹ ਨਹੀਂ ਹੁੰਦਾ ਕਿ ਉਸ ਬ੍ਰਾਹਮਣ ਦਾ ਪਰਿਵਾਰ ਜਾਂ ਕੁਲਾਂ ਵੀ ਬ੍ਰਹਮ ਦੀ ਵਿਚਾਰ ਕਰਨ ਵਾਲੀਆਂ ਹੀ ਹੋਣਗੀਆਂ । ਇਸ ਤਰਾਂ ਬ੍ਰਾਹਮਣ ਸਿਰਫ ਵਿਸ਼ੇਸ਼ਣ ਹੋ ਸਕਦਾ ਹੈ,ਆਉਣ ਵਾਲੀਆਂ ਬ੍ਰਾਹਮਣ ਦੀਆਂ ਪੀੜੀਆਂ ਦੀ ਸਦੀਵੀ ਪਕੜ ਵਾਲਾ ਕੋਈ ਨਾਮ ਨਹੀਂ । ਕਿਰਤ ਅਧਾਰਿਤ ਵੰਡ ਅਨੁਸਾਰ ਕਿਰਤ ਬਦਲਣ ਨਾਲ ਵਰਗ ਦਾ ਬਦਲਣਾ ਵੀ ਜਰੂਰੀ ਸੀ । ਪਰ ਬ੍ਰਾਹਮਣ ਨੇ ਆਪਣੀ ਚਲਾਕੀ ਨਾਲ ਬ੍ਰਾਹਮਣ ਦੀ ਡਿਗਰੀ ਸਦਾ ਲਈ ਆਪਣੇ ਨਾਮ ਨਾਲ ਚਿਪਕਾ ਲਈ । ਸ਼ਾਇਦ ਇਸੇ ਲਈ ਉਸਦੀ ਇਸ ਯੋਜਨਾਂ ਦਾ ਭਾਂਡਾ ਭੰਨਦਾ ਹੋਇਆ ਸ਼ਬਦ ਬ੍ਰਾਹਮਣਬਾਦ ਹੋਂਦ ਵਿੱਚ ਆ ਗਿਆ । ਅਸਲ ਵਿੱਚ ਇਹ ਬ੍ਰਾਹਮਣਬਾਦ ਸ਼ਬਦ ਕਿਸੇ ਜਾਤੀ ਸੂਚਕ ਬ੍ਰਾਹਮਣ ਦੀ ਮੁਖਾਲਫ਼ਤ ਨਹੀਂ ਕਰਦਾ ਸਗੋਂ ਬ੍ਰਾਹਮਣ ਦੀ ਉਸ ਚਲਾਕੀ ਅਤੇ ਮਕਾਰੀ ਦਾ ਪਰਦਾ ਫਾਸ਼ ਕਰਦਾ ਹੈ, ਜਿਸ ਨਾਲ ਉਸਨੇ ਸਦਾ ਲਈ ਇਹ ਨਾਮ ਆਪਣੀਆਂ ਕੁਲਾਂ ਲਈ ਰਾਖਵਾਂ ਕਰਵਾਕੇ ਸਮਾਜ ਦੇ ਬਾਕੀ ਵਰਗਾਂ ਦੀ ਸਦੀਵੀ ਲੁੱਟ ਲਈ ਪੱਕੀ ਵਿਓਂਤ ਬੰਦੀ ਕੀਤੀ ਹੈ ।

ਨਿੰਦਾ


ਨਿੰਦਾ

ਚੋਰੀ ਕਰਦੇ ਮਨੁੱਖ ਨੂੰ ਤੱਕ ਕੇ ਤੇ,

ਲੋਕੀਂ ਚੁੱਪ ਕਰ ਜੋ ਲੰਘ ਆਂਵਦੇ ਨੇ।।

ਸੂਝਵਾਨ ਮਨੁੱਖਾਂ ਦੀ ਨਜਰ ਵਿੱਚ ਉਹ,

ਚੋਰ ਨਾਲ ਹੀ ਰਲੇ ਸਮਝੇ ਜਾਂਵਦੇ ਨੇ।।

ਨਿੰਦਿਆ ਹੁੰਦੀ ਨਹੀਂ ਚੋਰ ਨੂੰ ਚੋਰ ਕਹਿਣਾ,

ਭਾਵੇਂ ਚੋਰ ਤਾਂ ਉਲਟ ਸਮਝਾਂਵਦੇ ਨੇ।।

ਅਰਥ ਸਰਬੱਤ ਦੇ ਭਲੇ ਦੇ ਉਹ ਕਿਓਂਕਿ,

ਆਪਣੇ ਸਵਾਰਥ ਹਿਤ ਸਭ ਨੂੰ ਸਿਖਾਂਵਦੇ ਨੇ।।

ਚੋਰ ਲੱਗੇ ਜੋ ਪੰਥ ਨੂੰ ਧਾਰ ਨੀਤੀ,

ਚਾਲ ਉਹਨਾਂ ਦੀ ਜੋ ਪ੍ਰਗਟਾਂਵਦੇ ਨੇ।।

ਪਛਾਣ ਕਰਨ ਲਈ ਚੋਰ ਤੇ ਸਾਧ ਵਾਲੀ,

ਕਸਵੱਟੀ ਗੁਰੂ ਗ੍ਰੰਥ ਦੀ ਲਾਂਵਦੇ ਨੇ।।

ਸਿੱਖੀ ਸਿੱਖਿਆ ਗੁਰ ਵਿਚਾਰ ਵਰਗੀ,

ਜੀਵਨ ਵਿੱਚ ਰਹੁ-ਰੀਤ ਅਪਣਾਂਵਦੇ ਨੇ।।

ਇਹ ਲਾਈਨਾਂ ਸਮਰਪਤ ਉਹਨਾਂ ਨੂੰ ਜੋ,

ਆਪ ਜਾਗੇ ਤੇ ਅੱਗੇ ਜਗਾਂਵਦੇ ਨੇ।।।।

ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)


Tuesday, January 17, 2012

ਪ੍ਰੋ ਸਰਬਜੀਤ ਸਿੰਘ ਧੂੰਦਾ


ਪ੍ਰੋ ਸਰਬਜੀਤ ਸਿੰਘ “ਧੂੰਦਾ

ਪਈ “ਧੂੰਦੇ” ਨੂੰ ਸਿੱਖੀ ਦੀ ਧੂਹ ਐਸੀ ,

ਧੁਸੇ ਸਿੱਖੀ ਵਿੱਚ ਉਹਨੇ ਗ਼ਦਾਰ ਧੂਹਤੇ ।

ਕਰਨ ਗੰਧਲਾ ਜੋ ਫਲਸਫਾ “ਇੱਕ” ਵਾਲਾ ,

ਖੋਟੇ ਦਿਲਾਂ ਦੇ ਸਰੇ-ਬਾਜਾਰ ਧੂਹਤੇ ।

ਕਰਮ ਕਾਂਢਾਂ ਦੀ ਧੁੰਦ ਨੂੰ ਲਾਹੁਣ ਖਾਤਿਰ ,

ਜੱਥੇਦਾਰ ਕਾਹਦੇ ਡੇਰੇਦਾਰ ਧੂਹਤੇ ।

ਸੱਚ ਤਰਕ ਦਾ ਗੁਰੂ ਗ੍ਰੰਥ ਅੰਦਰ ,

ਬਾਬੇ ਨਾਨਕ ਤੋਂ ਲੈਕੇ ਹਥਿਆਰ ਧੂਹਤੇ ।

ਕੇਵਲ ਗੁਰੂ ਗਿਆਨ ਦੀ ਖੜਗ ਲੈਕੇ ,

ਸਾਰੇ ਅੰਧਵਿਸ਼ਵਾਸੀ ਬਿਮਾਰ ਧੂਹਤੇ ।

ਨੌਜਵਾਨਾਂ ਦੇ ਦਿਲਾਂ ਦੀ ਬਣ ਧੜਕਣ ,

ਤੱਤ ਗੁਰਮਤਿ ਦਾ ਕਰ ਇਕਰਾਰ ਧੂਹਤੇ ।

ਫਾਂਸੀ ਹੱਕ ਤੇ ਸੱਚ ਨੂੰ ਦੇਣ ਵਾਲੇ ,

ਬਿਪਰੀ ਲੋਕ ਨੇ ਸਦਾ ਹੀ ਛਲ ਕਰਦੇ ।।

ਵੈਰੀ ਸੱਚ ਦੇ ਮੁੱਢ ਕਦੀਮ ਤੋਂ ਜੋ ,

ਉਹੀਓ “ਧੂੰਦੇ” ਨੂੰ ਧੂਹਣ ਦੀ ਗੱਲ ਕਰਦੇ ।।