Sunday, December 15, 2019

ਭੁਚਲਾਵਾ !

ਭੁਚਲਾਵਾ!
-----------------

ਹੋ ਸਕਦਾ ਹੈ 'ਮੈਂ' ਤੇ ੳੇੁਸ ਵਿੱਚ,
ਕਿਧਰੇ ਕੋਈ ਮਤਭੇਦ ਵੀ ਹੋਵੇ ।
ਸੌ `ਚੋਂ ਇੱਕ ਦੋ ਗੱਲਾਂ ਅੰਦਰ,
ਲਗਦੀ ਵੱਖਰੀ ਸੇਧ ਵੀ ਹੋਵੇ ।
ਹੋ ਸਕਦਾ ਹੈ ਗੱਲ ਸਮਝਣ ਵਿੱਚ,
ਸਾਡੀ ਸੋਚੇ ਛੇਦ ਵੀ ਹੋਵੇ ।
ਲੋੜ ਵੇਲੇ ਜੇ ਨਾਲ ਖੜੇ ਨਾ,
ਰਹਿੰਦੀ ਉਮਰੇ ਖੇਦ ਵੀ ਹੋਵੇ ।।
ਬਿਪਰ ਪੁਜਾਰੀ ਸਾਡੇ ਮਨ ਨੂੰ,
ਮੁੜਕੇ ਹੁਣ ਭੁਚਲਾ ਨਹੀਂ ਸਕਦਾ ।
ਛੇਕ-ਛਕਾਈ ਵਾਲੀ ਨੀਤੀ,
ਦੇ ਹੱਕ ਵਿੱਚ ਭੁਗਤਾ ਨਹੀਂ ਸਕਦਾ ।।
ਗੁਰਮੀਤ ਸਿੰਘ 'ਬਰਸਾਲ'(USA)

Saturday, December 14, 2019

ਅੰਧਕਾਰ !!

ਅੰਧਕਾਰ !!

ਫਿਰ ਅੰਧਕਾਰ ਨੇ ਹਰ ਵਾਰ ਵਾਂਗੂ
ਸਿਰ ਉਠਾਇਆ ਹੈ ।।
ਚਾਨਣ ਕੱਜਣੇ ਲਈ ਮੂੜਤਾ ਦੀ
ਧੁੰਦ ਲਿਆਇਆ ਹੈ ।।
ਭਾਵੇਂ ਜਾਣਦਾ ਓਹ ਵੀ ।
ਕਿ ਨਾ ਇਹ ਓਸਦੇ ਵਸ ਦੀ ।
ਲੇਕਨ ਅੰਨਿਆ 'ਚੋਂ ਕਾਣੇ ਦਾ
ਰੁਤਬਾ ਜੋ ਪਾਇਆ ਹੈ ।।
ਦਿਖਾਕੇ ਖਾਬ ਮੰਗਲ ਦਾ ।
ਤੇ ਦਿੱਤਾ ਰਾਜ ਜੰਗਲ ਦਾ ।
ਕਾਵਾਂ ਕੁਤਿਆਂ ਗਿਰਝਾਂ
ਤੇ ਸੱਪਾਂ ਦਾ ਹੀ ਸਾਇਆ ਹੈ ।।
ਮਜਹਬ ਨੀਤਕਾਂ ਸੰਗ ਹੀ ।
ਹੈ ਬਣਦਾ ਇੱਕ ਹੀ ਰੰਗ ਹੀ ।
ਬਹੁ-ਰੰਗਿਆ ਲਿਬਾਸ ਉਸ
ਭਾਵੇਂ ਦਿਖਾਇਆ ਹੈ ।।
ਬੱਦਲ ਨ੍ਹੇਰ ਲਈ ਭਕਦੇ ।
ਸੂਰਜ ਡੱਕ ਨਹੀਂ ਸਕਦੇ ।
ਝੀਥਾਂ ਵਿੱਚ ਦੀ ਜਿਸਨੇ
ਮੇਰਾ ਆਂਗਨ ਖਿੜਾਇਆ ਹੈ ।।

ਗੁਰਮੀਤ ਸਿੰਘ ਬਰਸਾਲ