Sunday, June 25, 2017


ਜੋੜ !

ਜੋੜ !
ਸਾਡੀ ਸੋਚ ਨੂੰ ਬੰਦਾ ਅਜਿਹਾ,
ਘੱਟ ਹੀ ਭਾਇਆ ਹੈ ।।
ਘਰ ਨੂੰ ਫੂਕਕੇ ਆਪਣੇ ਤਮਾਸ਼ਾ,
ਜਿਸ ਦਿਖਾਇਆ ਹੈ ।।
ਲੋਕੀਂ ਸੋਚਦੇ ਕਿ ਰੀਣ ਵੀ,
ਨੁਕਸਾਨ ਹੋਵੇ ਨਾ ।
ਪਰ-ਉਪਕਾਰ ਦਾ ਠੱਪਾ ਵੀ,
ਆਪਣੇ ਨਾਮ ਚਾਹਿਆ ਹੈ ।।
ਬੇਚਾਰਾ ਜਾਣ ਕੇ ਉਸਨੂੰ,
ਮੈਂ ਆਪਣੇ ਘਰ ਲਿਆਇਆ ਸੀ ।
ਬਣਕੇ ਬਹਿ ਗਿਆ ਮਾਲਿਕ,
ਘਰੋਂ ਮੈਨੂੰ ਭਜਾਇਆ ਹੈ ।।
ਗੱਲਾਂ ਵਿੱਚ ਤਾਂ ਵੱਡੀ,
ਉਹ ਕਹਿੰਦੀ ਮੈਂ ਹੀ ਰਹਿਣਾ ਹੈ ।
ਜੇਠਾਣੀ ਨੂੰ ਹੀ ਕਰਤੂਤੀਂ ,
ਕਿਓਂ ਵੱਡੀ ਬਣਾਇਆ ਹੈ ।।
ਡਿਗਿਆ ਦੇਖਕੇ ਮੈਂ ਓਸਨੂੰ,
ਪਾਣੀ ਪਿਆ ਦਿੱਤਾ ।
ਸੁਰਤ ਵਿੱਚ ਆਉਂਦਿਆਂ ਕਹਿੰਦਾ,
ਤੂੰ ਮੇਰਾ ਕੁਝ ਚੁਰਾਇਆ ਹੈ ।।
ਉਹ ਤਾਂ ਸੋਚਦਾ ਕਿ ਓਸ ਕੋਲੋਂ,
ਡਰ ਗਿਆ ਹਾਂ ਮੈਂ ।
ਉਹ ਨਹੀਂ ਜਾਣਦਾ ਕਿ ਚੁੱਪ ਨੇ,
ਰਿਸ਼ਤਾ ਬਚਾਇਆ ਹੈ ।।
ਲੋਕੀਂ ਟੁੱਟਿਆਂ ਨੂੰ ਅੱਜ-ਕਲ ਤਾਂ,
ਸੁੱਟ ਦਿੰਦੇ ਨੇ ।
ਪੁਰਾਣੀ ਸੋਚ ਏ ਸਾਡੀ,
ਅਸਾਂ ਤਾਂ ਜੋੜ ਲਾਇਆ ਹੈ ।।

ਗੁਰਮੀਤ ਸਿੰਘ ‘ਬਰਸਾਲ’ (ਕੈਲਿਫੋਰਨੀਆਂ)

Saturday, June 24, 2017

ਸੱਚ ਝੂਠ ਦਾ ਸਿਹਤ ਤੇ ਅਸਰ

ਸੱਚ/ਝੂਠ ਦਾ ਸਿਹਤ ਤੇ ਅਸਰ !
ਬੱਚਿਆਂ ਨੂੰ ਅਕਸਰ ਸਕੂਲਾਂ ਵਿੱਚ ਸਿਖਾਇਆ ਜਾਂਦਾ ਹੈ ਕਿ ਝੂਠ ਬੋਲਣਾ ਪਾਪ ਹੈ ਇਸ ਲਈ ਸਦਾ ਸੱਚ ਬੋਲਣਾ ਚਾਹੀਦਾ ਹੈ । ਵੱਖ ਵੱਖ ਮਜ਼ਹਬ ਵੀ ਆਪਦੇ ਆਕੀਦੇ ਵਾਲੇ ਰੱਬ ਨੂੰ ਹਰ ਘਟਨਾ ਵਾਚ ਰਿਹਾ ਦਰਸਾ ਡਰਾ ਕੇ ਸੱਚ ਬੋਲਣ ਲਈ ਆਖਦੇ ਹਨ । ਸਮੁੱਚੀ ਮਨੁੱਖਤਾ ਵਿੱਚ ਰੱਬ ਦੇਖਣ ਵਾਲੇ ਸੱਚ ਧਰਮ ਨੂੰ ਪ੍ਰਣਾਏ ਲੋਕ ਵੀ ਰੱਬ ਨੂੰ ਹਰ ਦਿਲ ਵਿੱਚ ਵਸਦਾ ਜਾਣ ਅਤੇ ਸਭ ਨੂੰ ਆਪਦੇ ਵਰਗਾ ਸਮਝ ਸਦਾ ਸੱਚ ਦਾ ਪੱਲਾ ਫੜਨ ਅਤੇ ਸੱਚੇ ਜੀਵਨ ਲਈ ਪ੍ਰੇਰਦੇ ਹਨ । ਪਰ ਅਜੋਕੇ ਵਰਤਾਰਿਆਂ ਵਿੱਚ ਜਦੋਂ ਬੱਚੇ ਸਮਾਜ ਵਿੱਚ ਸੱਚਿਆਂ ਨੂੰ ਤਕਲੀਫਾਂ ਵਿੱਚ ਅਤੇ ਝੂਠਿਆਂ ਨੂੰ ਆਖੀ ਜਾਂਦੀ ਐਸ਼ ਕਰਦਿਆਂ ਦੇਖਦੇ ਹਨ ਤਾਂ ਦਿਖ ਰਹੇ ਫਾਇਦੇ ਲਈ, ਦਿੱਤੀ ਗਈ ਸਿੱਖਿਆ ਦੇ ਉਲਟ ਖੁਦ ਵੀ ਝੂਠ ਬੋਲਣ ਲਗ ਜਾਂਦੇ ਹਨ । ਅਣਜਾਣੇ ਵਿੱਚ ਮਿਲ ਰਹੀ ਝੂਠ ਨਾਲ ਵਕਤੀ ਲਾਭ ਦੀ ਤਸੱਲੀ ਅਸਲ ਵਿੱਚ ਕਿੰਨਾ ਨੁਕਸਾਨ ਕਰਦੀ ਹੈ ਅਸੀਂ ਸੋਚਦੇ ਹੀ ਨਹੀਂ ।

Wednesday, June 21, 2017

Sunday, June 18, 2017

ਫਾਦਰਜ਼ ਡੇ

ਫਾਦਰਜ਼-ਡੇ !

ਸਾਰੇ ਜੱਗ ਦਾ ਫਾਦਰ ਇੱਕ ਜੋ,
ਸਭ ਨੂੰ ਖੇਡ ਖਿਡਾਵੇ ।
ਫਿਰ ਵੀ ਦੁਨੀਆਂ-ਦਾਰੀ ਅੰਦਰ,
ਆਪਣਾ ਹੀ ਮਨ ਭਾਵੇ ।।

ਕਈਆਂ ਦੇ ਤੁਰ ਜਾਵਣ ਤੇ ਵੀ,
ਵਸਦੇ ਸਦਾ ਉਲਾਦੀਂ ।
ਕਈਆਂ ਦੇ ਤਾਂ ਜੀਓਂਦੇ ਜੀਅ ਵੀ,
ਝੂਰਨ ਵਿੱਚ ਪਛਤਾਵੇ ।।

ਕਈਆਂ ਲਈ ਤੇ ਹਰ ਇਕ ਦਿਨ ਹੀ,
ਫਾਦਰ-ਡੇ ਹੀ ਰਹਿੰਦਾ ।
ਕਈਆਂ ਦੇ ਕਿਸੇ ਨਿਸ਼ਚਿਤ ਦਿਨ ਵੀ,
ਭਰਦੇ ਹੌਕੇ ਹਾਵੇ ।।

ਆਪਣੇ ਫਾਦਰ ਨੂੰ ਨਾ ਪੁੱਛੇ,
ਪਰ ਜਦ ਖੁਦ ਉਹ ਬਣਦਾ,
ਦੰਦਾ ਨਾਲ ਵੀ ਖੁਲਦੀ ਨਾ ਉਹ,
ਜੋ ਹੱਥੀਂ ਗੰਢ ਪਾਵੇ ।।

ਜੱਗ ਵਿੱਚ ਜਿੱਦਾਂ ਫਾਦਰ ਹੋਕੇ,
ਕਰਤਾ ਕਿਰਤ ‘ਚ ਵਸਦਾ ।
ਇੰਝ ਹੀ ਦੁਨੀਆਂਦਾਰੀ ਵਾਲਾ,
ਫਾਦਰ ਤੁਰਦਾ ਜਾਵੇ ।।।।


ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)